Close
Menu

ਪੰਜਾਬ ‘ਚ ਡੀਜ਼ਲ, ਪੈਟਰੋਲ ਤੇ ਬਿਜਲੀ ਹੋਈ ਮਹਿੰਗੀ

-- 21 May,2015

ਚੰਡੀਗੜ੍-ਪੰਜਾਬ ਮੰਤਰੀ ਮੰਡਲ ਨੇ ਪ੍ਰਦੇਸ਼ ‘ਚ ਸ਼ਹਿਰਾਂ ਅਤੇ ਪਿੰਡਾਂ ‘ਚ ਬੁਨਿਆਦੀ ਢਾਂਚਿਆਂ ਦੇ ਵਿਕਾਸ ਲਈ ਧਨ ਜੁਟਾਉਣ ਲਈ ਇਕ ਮਹੱਤਵਪੂਰਨ ਫੈਸਲੇ ‘ਚ ਪੈਟਰੋਲ ਤੇ ਡੀਜ਼ਲ ‘ਤੇ 1 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਇੰਫਰਾਸਟ੍ਰਕਚਰ ਡਿਵੈੱਲਪਮੈਂਟ (ਆਈ. ਡੀ.) ਫੀਸ ਲਗਾ ਦਿੱਤੀ ਹੈ। ਇਸ ਦੇ ਇਲਾਵਾ ਪ੍ਰਤੀ 500 ਰੁਪਏ ਦੀ ਬਿਜਲੀ ਵਰਤੋਂ ਕਰਨ ‘ਤੇ ਵੀ 5 ਰੁਪਏ ਦੀ ਦਰ ਨਾਲ ਆਈ. ਡੀ. ਫੀਸ ਲਗਾ ਦਿੱਤੀ ਗਈ ਹੈ। ਅਚਲ ਜਾਇਦਾਦ ਦੀ ਖਰੀਦ ‘ਤੇ ਵੀ 1 ਫੀਸਦੀ ਦੀ ਦਰ ਨਾਲ ਆਈ. ਡੀ. ਲੱਗੇਗੀ। ਇਨ੍ਹਾਂ ਸਾਰੇ ਫੈਸਲਿਆਂ ਨਾਲ ਰਾਜ ਸਰਕਾਰ ਨੂੰ ਕੋਈ 1600 ਕਰੋੜ ਰੁਪਏ ਪ੍ਰਤੀ ਸਾਲ ਦੀ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ। ਇਸ ਸੰਬੰਧ ‘ਚ ਐਲਾਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਰਾਜ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਬੁਨਿਆਦੀ ਢਾਂਚਿਆਂ ਦੇ ਵਿਕਾਸ ਨੂੰ ਲੈ ਕੇ ਬਹੁਤ ਗੰਭੀਰ ਹੈ। ਸੂਬੇ ‘ਚ ਜ਼ਿਆਦਾਤਰ ਸ਼ਹਿਰਾਂ ਅਤੇ ਪਿੰਡਾਂ ‘ਚ ਸੀਵਰੇਜ, ਪੀਣ ਦੇ ਪਾਣੀ, ਸਟ੍ਰੀਟ ਲਾਈਟਿੰਗ ਆਦਿ ਮੁੱਢਲੀਆਂ ਸਹੂਲਤਾਂ ਜਾਂ ਤਾਂ ਨਦਾਰਦ ਹਨ ਜਾਂ ਫਿਰ ਨਾਕਾਫੀ ਹਨ। ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮਦਨ ਦੇ ਵਾਧੂ ਸਾਧਨ ਜੁਟਾਉਣਾ ਬੇਹੱਦ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 140 ਸ਼ਹਿਰਾਂ ਤੇ 12000 ਤੋਂ ਜ਼ਿਆਦਾ ਪਿੰਡਾਂ ‘ਚ ਵਿਕਾਸ ਕਾਰਜਾਂ ਲਈ ਅਗਸਤ ਮਹੀਨੇ ਤਕ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਅਤੇ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਇਹ ਕੰਮ ਆਉਂਦੇ ਡੇਢ ਸਾਲ ‘ਚ ਸੰਪੰਨ ਹੋ ਜਾਣਗੇ।
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ਼ਹਿਰਾਂ ਤੋਂ ਇਕੱਠੀ ਕੀਤੀ ਗਈ ਆਈ. ਡੀ. ਫੀਸ ਸ਼ਹਿਰਾਂ ‘ਚ ਬੁਨਿਆਦੀ ਢਾਂਚਿਆਂ ਦੇ ਵਿਕਾਸ ‘ਤੇ ਖਰਚ ਕੀਤੀ ਜਾਵੇਗੀ, ਜਦੋਂਕਿ ਪਿੰਡਾਂ ਤੋਂ ਇਕੱਠੀ ਹੋਣ ਵਾਲੀ ਆਈ. ਡੀ. ਫੀਸ ਪੇਂਡੂ ਖੇਤਰ ‘ਤੇ ਖਰਚ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਵਰਤੋਂ ‘ਤੇ ਆਈ. ਡੀ. ਫੀਸ ਲਗਾਉਣ ਲਈ ਇਲੈਕਟ੍ਰੀਸਿਟੀ ਰੈਗੂਲੇਟਰੀ ਅਥਾਰਟੀ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ।

Facebook Comment
Project by : XtremeStudioz