Close
Menu

ਪੰਜਾਬ ‘ਚ ਤਿੰਨ ਹੋਰ ਸਵਾਈਨ ਫਲੂ ਪੀੜਤਾਂ ਦੀ ਮੌਤ

-- 07 February,2015

ਚੰਡੀਗੜ੍ਹ, ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਵਾਈਨ ਫਲੂ ਕਰਕੇ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ‘ਚ ਤਿੰਨ  ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲਾਂ ‘ਚ ਸ਼ੱਕੀ ਮਰੀਜ਼ਾਂ ਦੀ ਗਿਣਤੀ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੁਲਵਿੰਦਰ ਸਿੰਘ (40) ਵਾਸੀ ਕੋਟ ਬਾਬਾ ਦੀਪ ਸਿੰਘ ਦੀ ਮੌਤ  ਹੋ ਗਈ। ਜ਼ਿਲ੍ਹੇ ਵਿੱਚ ਹੁਣ ਤੱਕ ਸਵਾਈਨ ਫਲੂ ਨਾਲ 4 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਕੁਝ ਸ਼ੱਕੀ ਮਰੀਜ਼ ਵੀ ਦਮ ਤੋੜ ਗਏ ਹਨ। ਕੁਲਵਿੰਦਰ ਨੂੰ 2 ਫਰਵਰੀ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਹਸਪਤਾਲ ਪ੍ਰਬੰਧਕਾਂ ਨੇ ਪਹਿਲਾਂ ਉਸ ਦੇ ਨਮੂਨੇ ਪੀਜੀਆਈ ਚੰਡੀਗੜ੍ਹ ਵਿਖੇ ਜਾਂਚ ਲਈ ਭੇਜੇ ਸਨ ਪਰ ਜਾਂਚ ਕਿੱਟਾਂ ਦੀ ਕਮੀ ਤੋਂ ਬਾਅਦ ਇਹ ਨਮੂਨੇ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ। ਇਸ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਮਗਰੋਂ ਆਈ ਰਿਪੋਰਟ ਵਿੱਚ ਉਸ ਨੂੰ ਸਵਾਈਨ ਫਲੂ ਨਾਲ ਪੀੜਤ ਹੋਣ ਬਾਰੇ ਪੁਸ਼ਟੀ ਹੋਈ।
ਜਲੰਧਰ ‘ਚ ਸਵਾਈਨ ਫਲੂ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਸਿਵਲ ਹਸਪਤਾਲ ‘ਚ ਤਿੰਨ ਹੋਰ ਮਰੀਜ਼ ਦਾਖ਼ਲ ਹੋਏ ਹਨ ਜਿਨ੍ਹਾਂ ‘ਚੋਂ ਦੋ ਬੱਚੇ ਵੀ ਸ਼ਾਮਲ ਹਨ। ਸਵਾਈਨ ਫਲੂ ਨਾਲ ਜਲੰਧਰ ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ 5 ਹੋ ਗਈ ਹੈ ਜਿਨ੍ਹਾਂ ਵਿੱਚੋਂ ਦੋ ਸ਼ੱਕੀ ਮੌਤਾਂ ਹਨ ਜਿਨ੍ਹਾਂ ਦੇ ਟੈਸਟ ਨਹੀਂ ਕੀਤੇ ਗਏ ਸਨ। ਅੱਜ ਤੜਕਸਾਰ ਅਰਜਨ ਨਗਰ ਦੇ ਰਹਿਣ ਵਾਲੇ ਅਜੈ ਕੁਮਾਰ (34) ਦੀ ਸੀਐਮਸੀ ਲੁਧਿਆਣਾ ‘ਚ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਵਾਈਨ ਫਲੂ ਦੇ ਲੱਛਣ ਦੱਸੇ ਜਾ ਰਹੇ ਹਨ। ਅਜੈ ਕੁਮਾਰ ਦੀ ਸਲਾਮਤੀ ਲਈ ਪਰਿਵਾਰ ਨੇ 7 ਹਸਪਤਾਲ ਬਦਲੇ ਸਨ ਪਰ ਸਵਾਈਨ ਫਲੂ ਅੱਗੇ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਇਹਤਿਆਤ ਵਜੋਂ ਪਰਿਵਾਰਕ ਮੈਂਬਰਾਂ ਨੂੰ ਉਸ ਦਾ ਆਖਰੀ ਵਾਰ ਮੂੰਹ ਤੱਕ ਨਹੀਂ ਦੇਖਣ ਦਿੱਤਾ ਗਿਆ। ਸਿਵਲ ਹਸਪਤਾਲ ‘ਚ ਜਿਹੜੇ ਤਿੰਨ ਮਰੀਜ਼ ਨਵੇਂ ਆਏ ਹਨ ਉਨ੍ਹਾਂ ‘ਚ ਲਾਂਬੜੇ ਤੋਂ ਢਾਈ ਸਾਲਾ ਅਗਮਪ੍ਰੀਤ ਤੇ ਕਪੂਰਥਲਾ ਤੋਂ  ਪੰਜ ਸਾਲਾ ਪਰਥ ਅਤੇ ਸੁਲਤਾਨਪੁਰ ਲੋਧੀ ਤੋਂ 55 ਸਾਲਾ ਮਨਜੀਤ ਕੌਰ ਸ਼ਾਮਲ ਹਨ। ਸਿਵਲ ਸਰਜਨ ਡਾਕਟਰ ਆਰਐਲ ਬੱਸਣ ਨੇ ਦੱਸਿਆ ਕਿ ਟੈਸਟ ਕਰਨ ਵਾਲੀਆਂ ਕਿੱਟਾਂ ਪਹੁੰਚ ਚੁੱਕੀਆਂ ਹਨ ਜੋ ਭਲਕੇ ਮਿਲ ਜਾਣਗੀਆਂ ਤੇ ਟੈਸਟ ਸ਼ੁਰੂ ਕਰ ਦਿੱਤੇ ਜਾਣਗੇ।  ਪਟਿਆਲਾ ਜ਼ਿਲ੍ਹੇ ਦੇ ਪਿੰਡ ਰੀਠ ਖੇੜੀ ਦੇ ਬਲਵੀਰ ਸਿੰਘ (43) ਦੀ ਬੀਤੇ ਦਿਨ ਪੀਜੀਆਈ ਚੰਡੀਗੜ੍ਹ ‘ਚ ਸਵਾਈਨ ਫਲੂ ਕਰਕੇ ਮੌਤ ਹੋ ਗਈ। ਜ਼ਿਲ੍ਹੇ ‘ਚ ਪਹਿਲਾਂ ਮਹਾਰਾਸ਼ਟਰ ਤੋਂ ਵਿਆਹ ਸਮਾਗਮ ‘ਚ ਆਈ ਇੱਕ ਮਹਿਲਾ ਦੀ ਫਲੂ ਕਰਕੇ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਐਚਐਸ ਬਾਲੀ ਮੁਤਾਬਕ ਬਲਵੀਰ ਸਿੰਘ ਨੂੰ 5 ਫਰਵਰੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਰਕੇ ਗਿਆਨ ਸਾਗਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਪਰ  ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਸੀ। ਜ਼ਿਲ੍ਹਾ ਸਿਹਤ ਵਿਭਾਗ ਨੇ ਬਲਵੀਰ ਸਿੰਘ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਟੈਮੀਫਲੂ ਦੀਆਂ ਗੋਲੀਆਂ ਦਿੱਤੀਆਂ ਹਨ। ਉਂਜ ਗਿਆਨ ਸਾਗਰ ਦੀ ਰਿਪੋਰਟ ਅਨੁਸਾਰ ਮਰੀਜ਼ ਲੀਵਰ ਦੀ ਬਿਮਾਰੀ ਨਾਲ ਵੀ ਪੀੜਤ ਸੀ। ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਰੀਠ ਖੇੜੀ ਦੇ ਲੋਕਾਂ ‘ਚ ਬੈਠੇ ਡਰ ਨੂੰ ਦੂਰ ਕਰਨ ਲਈ ਮੈਡਕੀਲ ਚੈਕ ਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।

Facebook Comment
Project by : XtremeStudioz