Close
Menu

ਪੰਜਾਬ ‘ਚ 123 ਨਗਰ ਕੌਂਸਲਾਂ ਤੇ ਪੰਚਾਇਤਾਂ ਦੀਆਂ ਚੋਣਾਂ 25 ਫਰਵਰੀ ਨੂੰ

-- 07 February,2015

* 10 ਫਰਵਰੀ ਨੂੰ ਹੋਵੇਗਾ ਨੋਟੀਫਿਕੇਸ਼ਨ

ਚੰਡੀਗੜ੍ਹ, ਸਟੇਟ ਚੋਣ ਕਮਿਸ਼ਨਰ ਸ਼੍ਰੀ ਸ਼ਵਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ 123 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾਣਗੀਆਂ। ਇਸੇ ਦਿਨ 25 ਫਰਵਰੀ ਨੂੰ ਹੀ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਪੈਂਦੀ ਬਰੀਵਾਲਾ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ ਕਰਵਾਈ ਜਾਵੇਗੀ। ਵੋਟਾਂ ਪੈਣ ਉਪਰੰਤ ਨਾਲ ਹੀ ਉਸੇ ਦਿਨ 25 ਫਰਵਰੀ ਦੀ ਸ਼ਾਮ ਪੋਲਿੰਗ ਬੂਥਾਂ ‘ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਸ੍ਰੀ ਬਰਾੜ ਨੇ ਹੋਰ ਦੱਸਿਆ ਕਿ ਇਨ੍ਹਾਂ 123 ਨਗਰ ਕੌਂਸਲਾਂ/ਪੰਚਾਇਤਾਂ ਅਤੇ ਇਕ ਨਗਰ ਪੰਚਾਇਤ ਦੇ ਇਕ ਵਾਰਡ ਦੀ ਉਪ ਚੋਣ ਬਾਰੇ 10 ਫਰਵਰੀ 2015 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ 10 ਫਰਵਰੀ 2015 ਤੋਂ ਹੀ ਸਬੰਧਤ 123 ਨਗਰ ਕੌਂਸਲਾਂ/ਪੰਚਾਇਤਾਂ ਦੇ ਦਾਇਰੇ ਅਧੀਨ ਆਉਂਦੇ ਖੇਤਰਾਂ ਅਤੇ ਉਪ ਚੋਣ ਵਾਲੇ ਵਾਰਡ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਤਾਰੀਖ 13 ਫਰਵਰੀ ਹੋਵੇਗੀ, ਕਾਗਜ਼ਾਂ ਦੀ ਪੜਤਾਲ 14 ਫਰਵਰੀ ਨੂੰ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਾਰੀਖ 16 ਫਰਵਰੀ ਹੋਵੇਗੀ। ਵੋਟਾਂ 25 ਫਰਵਰੀ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਨਾਲ ਹੀ 25 ਫਰਵਰੀ ਨੂੰ ਹੀ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ 123 ਨਗਰ ਕੌਂਸਲਾਂ/ਪੰਚਾਇਤਾਂ ਅਤੇ ਇਕ ਵਾਰਡ ਵਿੱਚ ਕੱਲ ਵੋਟਰਾਂ ਦੀ ਗਿਣਤੀ 28,50,000 ਦੇ ਕਰੀਬ ਹੈ। ਕੁੱਲ ਵਾਰਡਾਂ ਦੀ ਗਿਣਤੀ 2062 ਹੈ।
ਸਟੇਟ ਚੋਣ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਿਆਂ ਨੂੰ ਸਾਰੀ ਲੋੜੀਂਦੀ ਚੋਣ ਸਮੱਗਰੀ ਭੇਜ ਦਿੱਤੀ ਗਈ ਹੈ। ਈ.ਵੀ.ਐਮ ਮਸ਼ੀਨਾਂ ਮੌਜੂਦਾ ਸਮੇਂ ਵਿੱਚ ਜਾਂਚ ਅਧੀਨ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹਾਉਣ ਲਈ ਕਿਹਾ ਗਿਆ ਹੈ। ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਨਾਲ ਸਬੰਧਤ ਹਰੇਕ ਸ਼ਿਕਾਇਤ ਨੂੰ ਸਹੀ ਢੰਗ ਨਾਲ ਦਰਜ ਕਰਨ ਅਤੇ ਕਮਿਸ਼ਨ ਦੇ ਰਿਕਾਰਡ ਵਿੱਚ ਸੰਭਾਲ ਕੇ ਰੱਖਣ ਅਤੇ ਇੱਕ ਫੋਟੋਕਾਪੀ ਕਰਕੇ ਸਬੰਧਤ ਹਿੱਸੇ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੀਆਂ ਸ਼ਿਕਾਇਤਾਂ ਦੀ ਮੁਕੰਮਲ ਤੌਰ ‘ਤੇ ਜਾਂਚ ਨੂੰ ਯਕੀਨੀ ਬਣਾਇਆ ਜਾਵੇਗਾ। ਸ਼੍ਰੀ ਬਰਾੜ ਨੇ ਕਿਹਾ ਕਿ ਕਮਿਸ਼ਨ ਸਾਰੇ ਉਮੀਦਵਾਰਾਂ ਨੂੰ ਸੂਚਿਤ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਕਿ ਇਹ ਚੋਣਾਂ ਆਜ਼ਾਦਾਨਾ, ਪਾਰਦਰਸ਼ੀ ਅਤੇ ਮਿਆਰੀ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦਿੱਤਾ ਜਾਵੇ।
ਸ਼੍ਰੀ ਬਰਾੜ ਨੇ ਕਿਹਾ ਕਿ ਕਮਿਸ਼ਨ ਲਈ ਇੱਕ ਤਸੱਲੀਬਖਸ਼ ਮਾਮਲਾ ਹੈ ਕਿ ਪੰਚਾਇਤਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਮਈ ਅਤੇ ਜੁਲਾਈ 2013 ਦੌਰਾਨ ਹੋਈਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਵੀ ਰਿਟ ਪਟੀਸ਼ਨ ਦਾਇਰ ਨਹੀਂ ਹੋਈ ਸੀ ਜਦਕਿ ਪਿਛਲੇ ਸਾਲਾਂ ਵਿੱਚ ਹੋਈਆਂ ਚੋਣਾਂ ਦੇ ਵਿਰੁਧ ਕਈ ਹਜ਼ਾਰ ਮਾਮਲੇ ਦਾਇਰ ਹੋਏ ਸਨ। ਕਮਿਸ਼ਨ ਆਸਵੰਦ ਹੈ ਕਿ ਇਹ ਚੋਣਾਂ ਵੀ ਪਿਛਲੀਆਂ ਚੋਣਾਂ ਵਾਂਗ ਅਮਨ-ਆਮਾਨ ਨਾਲ ਨੇਪਰੇ ਚੜ੍ਹਨਗੀਆਂ।

Facebook Comment
Project by : XtremeStudioz