Close
Menu

ਪੰਜਾਬ ਤੇ ਹਰਿਆਣਾ ਸਾਂਝੇ ਕਰਨਗੇ ਆਪਣੇ ਤਜਰਬੇ

-- 17 September,2015

ਚੰਡੀਗੜ੍ਹ, 17 ਸਤੰਬਰ
ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਕੁਝ ਖੇਤਰਾਂ ਵਿੱਚ ਇਕ ਦੂਜੇ ਦੇ ਤਜਰਬਿਆਂ ਤੋਂ ਲਾਹਾ ਲੈਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਬਨੂੜ ਤੋਂ ਅੰਬਾਲਾ ਤੱਕ ਚਾਰ ਮਾਰਗੀ ਸੜਕ ਬਣਾਉਣ ਅਤੇ ਪੰਚਕੂਲਾ ਨਾਲ ਚੰਗੇ ਸੰਪਰਕ ਲਈ ਸੰਭਾਵਨਾਵਾਂ ਦਾ ਪਤਾ ਲਾਉਣ ਦੀ ਤਜਵੀਜ਼ ਨੂੰ ਹਾਮੀ ਭਰੀ ਹੈ।
ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅੁਨਸਾਰ ਪੰਜਾਬ ਦੇ ਮੁੱਖ ਮੰਤਰੀ ਬਾਦਲ ਅੱਜ ਸਵੇਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਸੱਦੇ ’ਤੇ ਨਾਸ਼ਤੇ ’ਤੇ ਉਨ੍ਹਾਂ ਦੀ ਸਰਕਾਰੀ ਕੋਠੀ ਪਹੁੰਚੇ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਨਿੱਘਾ ਸੁਆਗਤ ਕੀਤਾ ਤੇ ੳੁਨ੍ਹਾਂ ਦਾ ਸਨਮਾਨ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਖੇਤੀਬਾੜੀ, ਸੈਰ ਸਪਾਟਾ ਅਤੇ ਸੜਕੀ ਆਵਾਜਾਈ ਨੂੰ ਬਿਹਤਰ ਬਣਾਉਣ ਸਮੇਤ ਕੁਝ ਹੋਰ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਤੇ ਮੁਹਾਲੀ ਵਿੱਚ ਬਣੇ ਨਵੇਂ ਕੌਮਾਂਤਰੀ ਹਵਾਈ ਅੱਡੇ ਨਾਲ ਹਰਿਆਣਾ ਦੇ ਬਿਹਤਰ ਤਾਲਮੇਲ ਲਈ ਬਨੂੜ ਤੋਂ ਅੰਬਾਲਾ ਤੱਕ ਚਾਰ ਮਾਰਗੀ ਸੜਕ ਬਣਾਉਣ ਦੀ ਤਜਵੀਜ਼ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਮਣੇ ਪੇਸ਼ ਕੀਤੀ। ਸ੍ਰੀ ਖੱਟਡ਼ ਨੇ ਕੌਮਾਂਤਰੀ ਹਵਾਈ ਅੱਡੇ ਨੂੰ ਚੰਡੀਗੜ੍ਹ ਵਾਲੇ ਪਾਸਿਓਂ ਅੰਡਰਪਾਸ ਰਾਹੀਂ  ਪੰਚਕੂਲਾ ਨਾਲ ਜੋੜਣ ਦੀ ਗੱਲ ਵੀ ਕੀਤੀ। ਸ੍ਰੀ ਬਾਦਲ ਨੇ ਸ੍ਰੀ ਖੱਟਡ਼ ਨੂੰ ਹਰ ਮਦਦ ਦਾ ਭਰੋਸਾ ਦਿਤਾ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਧੀਆ ਖੁੰਬਾਂ ਅਤੇ ਚੰਗੀ ਕਿਸਮ ਦੇ ਨਿੰਬੂਆਂ ਦਾ ਉਤਪਾਦਨ ਕਰ ਰਿਹਾ ਹੈ ਤੇ ਇਸ ਖੇਤਰ ਵਿੱਚ ਪੰਜਾਬ ਦੇ ਕਿਸਾਨ ਗੁਆਂਢੀ ਸੂਬੇ ਦੇ ਤਰਜਬਿਆਂ ਦਾ ਫਾਇਦਾ ਲੈ ਸਕਦੇ ਹਨ। ਉਨ੍ਹਾਂ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਸੈਰ ਸਪਾਟਾ ਦਾ ਸਰਕਟ ਬਣਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ। ਸ੍ਰੀ ਬਾਦਲ ਨੇ ਹਮਰੁਤਬਾ ਨੂੰ ਦੱਸਿਆ ਕਿ ਪੰਜਾਬ ਮੱਛੀ ਪਾਲਣ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਹੈ ਤੇ ਹਰਿਆਣਾ ਇਸ ਦੇ ਤਜਰਬੇ ਦਾ ਲਾਹਾ ਲੈ ਸਕਦਾ ਹੈ।
ਦੋਵਾਂ ਮੁੱਖ ਮੰਤਰੀ ਦੀ ਮੀਟਿੰਗ ਬਾਰੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਤਾਂ ਸ਼ਿਸਟਾਚਾਰ ਦੇ ਨਾਤੇ ਸੀ ਤੇ ਇਸ ਵਿੱਚ ਦੋਵਾਂ ਸੂਬਿਆਂ ਵਿਚਾਲੇ ਪੇਚੀਦਾ ਮਸਲਿਆਂ ਬਾਰੇ ਗੱਲਬਾਤ ਨਹੀਂ ਕੀਤੀ ਗਈ।

Facebook Comment
Project by : XtremeStudioz