Close
Menu

ਪੰਜਾਬ ਦੀਆਂ ਜੇਲ੍ਹਾਂ ਲਈ ਖਰੀਦੇ ਸਾਮਾਨ ਵਿੱਚ 97 ਕਰੋੜ ਰੁਪਏ ਦਾ ਘੁਟਾਲਾ

-- 04 October,2015

ਫਰੀਦਕੋਟ, 4 ਅਕਤੂਬਰ
ਪੰਜਾਬ ਦੀਆਂ ਜੇਲ੍ਹਾਂ ਲਈ ਖਰੀਦੇ ਗਏ ਸਾਮਾਨ ਵਿੱਚ 97 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਬਣੀਆਂ ਕੰਟੀਨਾਂ ਲਈ ਕੈਦੀਆਂ ਤੇ ਹਵਾਲਾਤੀਆਂ ਲਈ ਖਰੀਦੇ ਜਾਣ ਵਾਲੇ ਰਾਸ਼ਨ ਨੂੰ ਖਰੀਦਣ ਤੋਂ ਪਹਿਲਾਂ ਜੇਲ੍ਹ ਵਿਭਾਗ ਨੇ ਟੈਂਡਰ ਜਾਂ ਈ-ਟੈਂਡਰ ਨਹੀਂ ਕੱਢੇ ਅਤੇ ਨਾ ਹੀ ਕੰਟੀਨਾਂ ਲਈ ਖਰੀਦੇ ਗਏ ਸਾਮਾਨ ਦੇ ਭਾਅ ਦੀ ਮਾਰਕੀਟ ਦੇ ਭਾਅ ਨਾਲ ਤੁਲਨਾ ਕੀਤੀ। ਕੰਟੀਨਾਂ ਲਈ ਖਰੀਦਿਆ ਬਹੁਤਾ ਸਾਮਾਨ ਆਪਣੀ ਮਿਆਦ ਪੂਰੀ ਕਰ ਚੁੱਕਾ ਸੀ।
ਜੇਲ੍ਹਾਂ ਵਿੱਚ ਹੋਏ ਘਪਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਕਪੂਰਥਲਾ ਦੇ ਐੱਸਪੀ ਜਗਜੀਤ ਸਿੰਘ ਨੂੰ ਇਸ ਦਾ ਮੁਖੀ ਥਾਪਿਆ ਹੈ ਅਤੇ ਪੂਰੇ ਮਾਮਲੇ ਦੀ ਪੜਤਾਲ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਜੇਲ੍ਹ ਵਿਭਾਗ ਨੇ ਜੇਲ੍ਹਾਂ ਦੀਆਂ ਕੰਟੀਨਾਂ ਲਈ ਲੋੜੀਂਦੇ ਸਾਮਾਨ ਦੀ ਖਰੀਦ ਮੈਟਰੋ ਨਾਮ ਦੀ ਕੰਪਨੀ ਤੋਂ ਕੀਤੀ ਹੈ ਪਰ ਰਾਸ਼ਨ ਖਰੀਦਣ ਤੋਂ ਪਹਿਲਾਂ ਕਿਸੇ ਵੀ ਹੋਰ ਕੰਪਨੀ ਤੋਂ ਟੈਂਡਰਾਂ ਦੀ ਮੰਗ ਨਹੀਂ ਕੀਤੀ ਗੲੀ।
ਸ਼ਿਕਾਇਤ ਅਨੁਸਾਰ ਜੇਲ੍ਹ ਵਿਭਾਗ ਨੇ ਲੋੜੀਂਦੇ ਰਾਸ਼ਨ ਨੂੰ 97 ਕਰੋੜ ਰੁਪਏ ਮਹਿੰਗਾ ਖਰੀਦਿਆ ਹੈ। ਡੀਆਈਜੀ ਜੇਲ੍ਹਾਂ ਲਖਮਿੰਦਰ ਸਿੰਘ ਜਾਖੜ ਨੇ ਸੰਪਰਕ ਕਰਨ ’ਤੇ ਕਿਹਾ ਕਿ ਕੰਟੀਨ ਰੂਲਜ਼ 1965 ਤਹਿਤ ਜੇਲ੍ਹ ਦਾ ਸੁਪਰਡੈਂਟ ਬਿਨਾਂ ਟੈਂਡਰਾਂ ਤੋਂ ਕੰਟੀਨ ਲਈ ਰਾਸ਼ਨ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ 97 ਕਰੋੜ ਰੁਪਏ ਦੇ ਘੁਟਾਲੇ ਵਾਲੀ ਸ਼ਿਕਾਇਤ ਕਰਮਜੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ ਹੈ ਜੋ ਖੁਦ ਜੇਲ੍ਹ ਦਾ ਸਹਾਇਕ ਸੁਪਰਡੈਂਟ ਹੈ ਅਤੇ ਉਸ ਖਿਲਾਫ਼ ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਦੋ ਪਰਚੇ ਦਰਜ ਹੋ ਚੁੱਕੇ ਹਨ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਜਗਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਅੱਜ ਇਸ ਮਾਮਲੇ ਵਿੱਚ ਗਵਾਹਾਂ ਨੂੰ ਸਬੂਤਾਂ ਸਮੇਤ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਏ। ਡੀਜੀਪੀ ਜੇਲ੍ਹ ਰਾਜਪਾਲ ਮੀਨਾ ਨੇ ਕਿਹਾ ਕਿ ਉਹ ਇਸ ਕਾਂਡ ਬਾਰੇ ਨਿੱਜੀ ਤੌਰ ’ਤੇ ਕੁਝ ਨਹੀਂ ਜਾਣਦੇ। ਡੀਆਈਜੀ ਲਖਮਿੰਦਰ ਸਿੰਘ ਜਾਖੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਸੂਚਨਾ  ਕਮਿਸ਼ਨ ਪੰਜਾਬ ਦਾ ਲਿਖਤੀ ਨੋਟਿਸ ਮਿਲਿਆ ਹੈ ਅਤੇ ਜੇਲ੍ਹ ਵਿਭਾਗ ਨੂੰ 10 ਨਵੰਬਰ ਤੱਕ ਸਮੇਤ ਰਿਕਾਰਡ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅਤੇ ਉਹ ਇਸ ਮਾਮਲੇ ਵਿੱਚ ਕਮਿਸ਼ਨ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸਾਮਾਨ ਦੀ ਖਰੀਦੋ ਫਰੋਖਤ ਵਿੱਚ ਕੋਈ ਘੁਟਾਲਾ ਨਹੀਂ ਹੋਇਆ।

ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫੜੇ ਸਹਾਇਕ ਸੁਪਰਡੈਂਟ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਹਵਾਲਾਤੀਆਂ ਤੇ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਗਏ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 5 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਜੇਲ੍ਹ ਦੇ ਕੈਦੀ ਪ੍ਰਗਟ ਸਿੰਘ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਸਪਲਾਈ ਕਰਵਾਉਂਦਾ ਸੀ ਅਤੇ ਇਸ ਦੇ ਇਵਜ਼ ’ਚ ਕੈਦੀਆਂ ਦੇ ਰਿਸ਼ਤੇਦਾਰ ਪ੍ਰਗਟ ਸਿੰਘ ਦੇ ਪਿਤਾ ਦੇ ਖਾਤੇ ਵਿੱਚ ਆਨਲਾਈਨ ਪੈਸੇ ਜਮ੍ਹਾਂ ਕਰਵਾ ਦਿੰਦੇ ਸਨ। ਐੱਸਐੱਚਓ ਰਾਜੇਸ਼ ਕੁਮਾਰ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਮੁੱਦਾ ਕਾਫ਼ੀ ਗੰਭੀਰ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਸਹਾਇਕ ਸੁਪਰਡੈਂਟ ਦੇ ਪੁਲੀਸ ਰਿਮਾਂਡ ਵਿੱਚ ਵਾਧਾ ਕੀਤਾ ਜਾਵੇ। ਇਸ ’ਤੇ ਅਦਾਲਤ ਨੇ ਸਹਾਇਕ ਸੁਪਰਡੈਂਟ ਨੂੰ 5 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Facebook Comment
Project by : XtremeStudioz