Close
Menu

ਪੰਜਾਬ ਦੀ ਕਿਸਾਨੀ ਨੂੰ ਵਿਸ਼ੇਸ਼ ਪੈਕੇਜ ਦੀ ਲੋੜ ਨਹੀਂ: ਹਰਸਿਮਰਤ

-- 30 September,2015

ਬਠਿੰਡਾ, 30 ਸਤੰਬਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਆਖਿਆ ਕਿ ਕੇਂਦਰ ਸਰਕਾਰ ਤੋਂ ਪੰਜਾਬ ਦੀ ਕਿਸਾਨੀ ਲਈ ਕੋਈ ਵਿਸ਼ੇਸ਼ ਪੈਕੇਜ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨੀ ਨੂੰ 600 ਕਰੋੜ ਦਾ ਰਾਹਤ ਪੈਕੇਜ ਦੇ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਦੋਂ ਸਮਾਂ ਆਵੇਗਾ, ਉਦੋਂ ਕੇਂਦਰ ਤੋਂ ਪੈਕੇਜ ਦੀ ਮੰਗ ਵੀ ਉਠਾਈ ਜਾਵੇਗੀ।
ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਮੁਆਵਜ਼ਾ ਰਾਸ਼ੀ 3600 ਰੁਪਏ ਤੋਂ ਵਧਾ ਕੇ 8000 ਰੁਪਏ ਪ੍ਰਤੀ ਏਕੜ ਕਰ ਦਿੱਤੀ ਹੈ ਅਤੇ 33 ਫੀਸਦੀ ਤੱਕ ਦੇ ਖਰਾਬੇ ਨੂੰ ਸੌ ਫੀਸਦੀ ਮੰਨਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਵਿਚ ਵਾਧਾ ਕੀਤਾ ਹੈ ਜਦੋਂ ਕਿ ਪੰਜਾਬ ਸਰਕਾਰ ਨੇ 600 ਕਰੋੜ ਰੁਪਏ ਜਾਰੀ ਕਰਕੇ ਕਿਸਾਨੀ ਨੂੰ ਵੱਡੀ ਰਾਹਤ ਦਿੱਤੀ ਹੈ। ਬੀਬਾ ਬਾਦਲ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਮੁਦਰਾ ਬੈਂਕ ਤਹਿਤ ਕਰਜ਼ ਪ੍ਰਵਾਨਗੀ ਦੇ ਪੱਤਰ ਵੰਡਣ ਆਏ ਸਨ। ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਕਿ ਮੁੱਖ ਮੰਤਰੀ ਪੰਜਾਬ ਨੇ ਮੁਹਾਲੀ ਸਮਾਗਮਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨੀ ਲਈ ਵਿਸ਼ੇਸ਼ ਪੈਕੇਜ ਮੰਗਿਆ ਸੀ ਪਰ ਪ੍ਰਧਾਨ ਮੰਤਰੀ ਨੇ ਕੋਈ ਹੁੰਗਾਰਾ ਨਹੀਂ ਭਰਿਆ, ਦੇ ਜੁਆਬ ਵਿੱਚ ਬੀਬਾ ਬਾਦਲ ਨੇ ਆਖਿਆ ਕਿ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੇਂਦਰ ਨੇ ਮੁਆਵਜਾ ਰਾਸ਼ੀ ਵਧਾ ਕੇ ਅਤੇ ਪੰਜਾਬ ਸਰਕਾਰ ਨੇ 600 ਕਰੋੜ ਦਾ ਰਾਹਤ ਪੈਕੇਜ ਦੇ ਕੇ ਕਿਸਾਨਾਂ ਦੀ ਔਖੀ ਘੜੀ ਵਿੱਚ ਮਦਦ ਕੀਤੀ ਹੈ। ਉਨ੍ਹਾਂ ਮੁਆਵਜ਼ਾ ਰਾਸ਼ੀ ਦੇ ਛੋਟੇ ਛੋਟੇ ਚੈੱਕਾਂ ਬਾਰੇ ਆਖਿਆ ਕਿ ਉਹ ਵਾਹੀ ਹੋਈ ਫਸਲ ਦਾ ਮੁਆਵਜਾ ਸੀ ਪਰ ਹੁਣ 600 ਕਰੋੜ ਜਾਰੀ ਹੋ ਗਏ ਹਨ ਜਿਸ ਤੋਂ ਕਿਸਾਨਾਂ ਦੀ ਤਸੱਲੀ ਹੋਣੀ ਚਾਹੀਦੀ ਹੈ।
ਕੇਂਦਰੀ ਮੰਤਰੀ ਨੇ ਆਖਿਆ ਕਿ ਮੁਆਵਜਾ ਰਾਸ਼ੀ ਵੰਡਣੀ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਨੇ ਬਠਿੰਡਾ ਜ਼ਿਲ੍ਹੇ ਦੇ 919 ਲਾਭਪਾਤਰੀਆਂ ਨੂੰ 3.33 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਪ੍ਰਧਾਨ ਮੰਤਰੀ ਮੁਦਰਾ ਬੈਂਕ ਯੋਜਨਾ ਤਹਿਤ ਵੰਡੇ।

Facebook Comment
Project by : XtremeStudioz