Close
Menu

ਪੰਜਾਬ ਦੀ ਤਰੱਕੀ ਨੂੰ ਹਜ਼ਮ ਨਾ ਕਰਨ ਵਾਲੇ ਕਾਂਗਰਸੀ ਕੂੜ ਪ੍ਰਚਾਰ ‘ਚ ਲੱਗੇ – ਢੀਂਡਸਾ

-- 15 December,2013

Photo FM Mr. Dhindsa at Vill. Ubhawal 6 dt 13-12-13ਸੰਗਰੂਰ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਨਿਵੇਸ਼ ਸੰਮੇਲਣ ਦੌਰਾਨ ਵੱਡੇ ਉਦਮੀਆਂ ਨਾਲ ਕੀਤੇ ਗਏ ਸਮਝੌਤਿਆਂ ਰਾਹੀਂ ਜਿੱਥੇ ਰਾਜ ‘ਚ 65000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, ਉੱਥੇ ਹੀ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਰਾਜ ਦੇ ਲੱਖਾਂ ਨੌਜਵਾਨ ਰੋਜ਼ਗਾਰ ‘ਤੇ ਲੱਗਣਗੇ।
ਸ. ਢੀਂਡਸਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਪਾ ਰਹੇ ਹਨ ਦੂਜੇ ਪਾਸੇ ਸੂਬੇ ਦੀ ਤਰੱਕੀ ਨੂੰ ਹਜਮ ਨਾ ਕਰਨ ਵਾਲੇ ਕਾਂਗਰਸੀ ਕੂੜ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ। ਸ. ਢੀਂਡਸਾ ਅੱਜ ਪਿੰਡ ਉੱਭਾਵਾਲ ਵਿਖੇ ਇਲਾਕੇ ਦੀਆਂ 10 ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਨਣ ਅਤੇ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ ਪਿੰਡਾਂ ਵਿਕਾਸ ਕਾਰਜਾਂ ਲਈ ਤਕਰੀਬਨ 1.10 ਕਰੋੜ ਤੋਂ ਵਧੇਰੇ ਰਾਸ਼ੀ ਦੇ ਚੈਕ ਵੰਡੇ ਅਤੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣਕੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਨਿਵੇਸ਼ ਸੰਮੇਲਣ ਦੌਰਾਨ ਵੱਡੀਆਂ ਕੰਪਨੀਆਂ ਨੇ ਕਰੋੜਾਂ ਰੁਪਏ ਦੇ ਨਿਵੇਸ਼ ਸਬੰਧੀ ਸਮਝੌਤੇ ਸਹੀਬੱਧ ਕੀਤੇ ਹਨ ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਇਕੱਲੇ ਇਨਫੋਸਿਸ ਨੇ ਹੀ 25000 ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੱਗਣ ਵਾਲੇ ਪ੍ਰਾਜੈਕਟ ਅਗਲੇ ਚਾਰ ਸਾਲਾਂ ‘ਚ ਮੁਕੰਮਲ ਹੋ ਜਾਣਗੇ। ਇੱਕ ਸਵਾਲ ਦੇ ਜੁਆਬ ‘ਚ ਸ. ਢੀਂਡਸਾ ਨੇ ਦੱਸਿਆ ਕਿ ਵੱਡੇ ਉਦਯੋਗਾਂ ਅਤੇ ਬਹੁਕੌਮੀ ਕੰਪਨੀਆਂ ਦੇ ਆਉਣ ਨਾਲ ਸੂਬੇ ‘ਚ ਛੋਟੇ ਅਤੇ ਦਰਮਿਆਨੇ ਉਦਯੋਗ ਵੀ ਵੱਡੀ ਗਿਣਤੀ ‘ਚ ਪ੍ਰਫੁੱਲਤ ਹੋਣਗੇ ਤੇ ਨਿਵੇਸ਼ ਦੇ ਹੋਰ ਮੌਕੇ ਪੈਦਾ ਹੋਣਗੇ।
ਸ. ਢੀਂਡਸਾ ਨੇ ਦੱਸਿਆ ਕਿ ਨਵੀਂ ਸਨਅਤੀ ਨੀਤੀ ਰਾਹੀਂ ਸਨਅਤਾਂ ਨੂੰ ਵੱਡੀਆਂ ਰਿਆਇਤਾਂ ਦੇਣ ਤੋਂ ਇਲਾਵਾ ਰਾਜ ਵਿੱਚ ਕਾਰੋਬਾਰ ਕਰਨਾ ਆਸਾਨ ਬਣਾਇਆ ਗਿਆ ਹੈ, ਇਸ ਨਾਲ ਸੂਬੇ ਨੂੰ ਵੈਟ ਤੇ ਹੋਰ ਟੈਕਸ ਵੀ ਮਿਲਣਗੇ। ਉਨ੍ਹਾਂ ਦੱਸਿਆ ਕਿ ਉਦਯੋਗਾਂ ਨੂੰ ਰਿਆਇਤਾਂ ਦੇਣ ਨਾਲ ਰਾਜ ਨੂੰ ਕੋਈ ਨੁਕਸਾਨ ਹੋਣ ਦੀ ਥਾਂ ਨਵੇਂ ਪ੍ਰਾਜੈਕਟ ਲੱਗਣ ਨਾਲ ਰਾਜ ਨੂੰ ਵਿੱਤੀ ਤੌਰ ‘ਤੇ ਮੁਨਾਫ਼ਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਦੇ ਵਿਕਾਸ ਲਈ ਸਰਕਾਰ ਦੇ ਯਤਨਾਂ ਤੋਂ ਘਬਰਾਈ ਕਾਂਗਰਸ ਕੂੜ ਪ੍ਰਚਾਰ ਕਰ ਰਹੀ ਹੈ, ਜਿਸ ਤੋਂ ਸੂਬੇ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਇਸ ਦੌਰਾਨ ਇਲਾਕੇ ਦੇ ਵਸਨੀਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਦੌਰਾਨ 1000 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਵੰਡੇ ਜਾ ਚੁੱਕੇ ਹਨ ਜਦਕਿ 8000 ਕਰੋੜ ਰੁਪਏ ਦੀ ਸੂਬੇ ਦੀ ਸਾਲਾਨਾ ਯੋਜਨਾ ਵਿੱਚੋਂ ਤਕਰੀਬਨ 5000 ਕਰੋੜ ਰੁਪਏ ਲੋਕ ਭਲਾਈ ਸਕੀਮਾਂ ਅਤੇ ਸੂਬੇ ਦੇ ਵਿਕਾਸ ਲਈ ਖਰਚ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨਾਂ ਨਾਲ ਜਿੱਥੇ ਸਥਾਨਕ ਖੇਤਰ ਦਾ ਵਿਕਾਸ ਹੁੰਦਾ ਹੈ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਵੀ ਨਿਪਟਾਰਾ ਹੁੰਦਾ ਹੈ।
ਸ. ਢੀਂਡਸਾ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਘਰਾਂ ‘ਚ ਪਖਾਨੇ ਬਣਾ ਕੇ ਦਿੱਤੇ ਹੁਣ ਕੱਚੇ ਘਰਾਂ ਵਾਲੇ ਲੋੜਵੰਦਾਂ ਦੇ ਘਰ ਪੱਕੇ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਟਾ ਦਾਲ ਸਕੀਮ ਦਾ ਦਾਇਰਾ ਵਧਾ ਕੇ ਨਵੇਂ ਨੀਲੇ ਕਾਰਡ ਬਣਾਉਣੇ ਸ਼ੁਰੂ ਕੀਤੇ ਹਨ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਮੇਤ ਡਾ. ਹਰਗੋਬਿੰਦ ਖੁਰਾਣਾ ਵਜੀਫ਼ਾ ਸਕੀਮ ਚਾਲੂ ਕਰਕੇ ਵੱਡੀ ਗਿਣਤੀ ‘ਚ ਲੋੜਵੰਦਾਂ ਅਤੇ ਗਰੀਬਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਗਰੀਬਾਂ ਦੇ 200 ਯੂਨਿਟ ਬਿਜਲੀ ਅਤੇ ਖੇਤਾਂ ਲਈ ਸਾਲਾਨਾ 600 ਕਰੋੜ ਰੁਪਏ ਮੁੱਲ ਦੀ ਬਿਜਲੀ ਮੁਆਫ਼ ਕੀਤੀ ਹੈ।
ਇਸ ਮੌਕੇ ਸ. ਅਮਨਬੀਰ ਸਿੰਘ ਚੈਰੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਗੁਰ ਸਿੰਘ ਅਨਮੋਲ, ਬਲਾਕ ਸੰਮਤੀ ਚੇਅਰਪਰਸਨ ਸ੍ਰੀਮਤੀ ਸਰਬਜੀਤ ਕੌਰ ਕੁਲਾਰ, ਸ. ਦਲਬੀਰ ਸਿੰਘ ਦੁੱਗਾਂ, ਅਕਾਲ ਕੌਂਸਲ ਮਸਤੂਆਣਾ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ, ਸਰਕਲ ਪ੍ਰਧਾਨ ਸ. ਬਲਦੇਵ ਸਿੰਘ ਭੱਮਾਂਵੱਦੀ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਹਰਪ੍ਰੀਤ ਸਿੰਘ ਢੀਂਡਸਾ, ਸ. ਵਰਿੰਦਰਪਾਲ ਸਿੰਘ ਟੀਟੂ, ਸ. ਗੁਰਮੀਤ ਸਿੰਘ ਜੌਹਲ, ਪਿੰਡ ਉੱਭਾਵਾਲ ਦੇ ਸਰਪੰਚ ਸ. ਹਰਚਰਨ ਸਿੰਘ ਢੀਂਡਸਾ, ਸ. ਅਮਰਜੀਤ ਸਿੰਘ ਬਡਰੁੱਖਾਂ, ਬਲਾਕ ਸੰਮਤੀ ਮੈਂਬਰ ਸ. ਨਰਿੰਦਰ ਸਿੰਘ ਬਹਾਦਰਪੁਰ, ਸ. ਨਿਰਭੈ ਸਿੰਘ ਚੱਠਾ, ਸ. ਰਾਜਵਿੰਦਰ ਸਿੰਘ, ਸ. ਹਰਦੀਪ ਸਿੰਘ ਖੱਟੜਾ, ਸ. ਗੁਰਦਿਆਲ ਸਿੰਘ ਚੱਠਾ, ਸ. ਧਰਮਪਾਲ ਸਿੰਘ ਤੁੰਗਾਂ, ਜਥੇਦਾਰ ਗੁਰਦੇਵ ਸਿੰਘ ਤੁੰਗਾਂ, ਅਮਰੀਕ ਸਿੰਘ, ਏ.ਡੀ.ਸੀ. ਜਨਰਲ ਸ. ਪ੍ਰੀਤਮ ਸਿੰਘ ਜੌਹਲ, ਏ.ਡ.ਸੀ. (ਵਿਕਾਸ) ਸ. ਜਤਿੰਦਰ ਸਿੰਘ ਤੁੰਗ, ਐਸ.ਡੀ.ਐਮ. ਸ੍ਰੀਮਤੀ ਪੂਨਮਦੀਪ ਕੌਰ, ਡੀ.ਐਸ.ਪੀ. ਸ. ਸੁਖਦੇਵ ਸਿੰਘ ਵਿਰਕ, ਡੀ.ਡੀ.ਪੀ.ਓ. ਸ. ਬਲਜੀਤ ਸਿੰਘ, ਡੀ.ਐਮ.ਓ. ਸ. ਸੁਖਚੈਨ ਸਿੰਘ ਢੀਂਡਸਾ, ਡਾ. ਦਰਸ਼ਨ ਸਿੰਘ, ਹੋਰ ਵਿਭਾਗਾਂ ਦੇ ਸਰਕਾਰੀ ਅਧਿਕਾਰੀ, ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਪਿੰਡਾਂ ਦੇ ਵਸਨੀਕ ਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਮੌਜੂਦ ਸਨ। 

Facebook Comment
Project by : XtremeStudioz