Close
Menu

ਪੰਜਾਬ ਦੀ ਤਰੱਕੀ ਲੲੀ ਨਿਜ਼ਾਮ ਬਦਲਣਾ ਜ਼ਰੂਰੀ: ਭਗਵੰਤ ਮਾਨ

-- 11 April,2015

ਰਾਮਪੁਰਾ ਫੂਲ, ਸਥਾਨਕ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਨੇ ਜਨ ਚੇਤਨਾ ਰੈਲੀ ਕਰਵਾਈ। ਇਸ ਵਿੱਚ ਹਲਕਾ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਹਲਕਾ ਫ਼ਰੀਦਕੋਟ ਦੇ ਸੰਸਦ ਮੈਂਬਰ ਪ੍ਰੋਫ਼ੈਸਰ ਸਾਧੂ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ।  ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਸੂਬਾ ਸਰਕਾਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਤੋਰ ਰਹੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦੇ  ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਦੂਜੇ ਪਾਸੇ ਰੁਜ਼ਗਾਰ ਦੀ ਤਲਾਸ਼ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣਿਆਂ ਨੂੰ ਗੱਫੇ ਤੇ ਲੋਕਾਂ ਨੂੰ ਧੱਫੇ ਦੀ ਤਰਜ਼ ’ਤੇ ਕੰਮ ਕਰਦਿਆਂ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਦੇਣ ਵਾਲੀ ਸੂਬਾ ਸਰਕਾਰ ਵੱਲੋਂ ਮੰਤਰੀਆਂ ਦੀਆਂ ਤਨਖ਼ਾਹਾਂ ਅਤੇ  ਸੁਰੱਖਿਆ ਉੱਤੇ ਕਰੋੜਾਂ ਰੁਪਏ ਪਾਣੀ ਵਾਂਗ ਬਹਾਏ ਜਾ ਰਹੇ ਹਨ। ਸੂਬੇ ਦੀ ਤਰੱਕੀ ਵਾਸਤੇ ਸਿਸਟਮ ਬਦਲਣਾ ਬੇਹੱਦ ਜ਼ਰੂਰੀ ਹੈ। ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ੇ ਵਿੱਚ ਡੁੱਬ ਚੁੱਕਾ ਹੈ ਅਤੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ।
ਮਿਸ਼ਨ 2017 ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ੳੁਹ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਰਿਸ਼ਵਤਖੋਰੀ ਤੋਂ ਅਾਜ਼ਾਦੀ ਪਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਹੰਭਲਾ ਮਾਰਨ। ੳੁਨ੍ਹਾਂ ਕਿਹਾ ਕਿ ਭਾਵੇਂ ਪਾਰਟੀ ਵਿੱਚ ਪੈਦਾ ਹੋ ਰਹੀ ਗੁੱਟਬਾਜ਼ੀ ਚਿੰਤਾ ਦਾ ਵਿਸ਼ਾ ਹੈ ਪਰ ਕਿਸੇ ਵੀ ਵਿਅਕਤੀ ਜਾਂ ਨੇਤਾ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 2017 ਦੀਆਂ ਚੋਣਾਂ ਪਾਰਟੀ ਪੂਰੀ ਤਿਆਰੀ ਨਾਲ ਲੜੇਗੀ।

Facebook Comment
Project by : XtremeStudioz