Close
Menu

ਪੰਜਾਬ ਦੀ ਸਾਫ ਸੁਥਰੀ ਊਰਜਾ ਦੇ ਉਤਪਾਦਨ ਵੱਲ ਵੱਡੀ ਪੁਲਾਂਘ

-- 29 June,2015

500 ਮੈਗਾਵਾਟ ਦੇ ਪ੍ਰਾਜੈਕਟਾਂ ਦੀ ਅਲਾਟਮੈਂਟ ਲਈ ਪੇਸ਼ਕਸ਼- ਘੱਟੋ ਘੱਟ 50 ਮੈਗਾਵਾਟ  ਤੱਕ ਦੇ ਪ੍ਰਾਜੈਕਟਾਂ ਲਈ ਲਾਉਣੀ ਹੋਵੇਗੀ ਬੋਲੀ ਉਦਮੀਆਂ ਨੂੰ

* ਲੀਜ਼ ‘ ਤੇ ਦੇਣ ਲਈ ਪੰਚਾਇਤੀ  ਤੇ ਨਿੱਜੀ 6000 ਏਕੜ ਜ਼ਮੀਨ ਦੀ ਪਛਾਣ

* ਪੁੰਜ ਲਾਇਡ, ਵੈਲਜ਼ਪਨ, ਅਜ਼ੂਰ ਪਾਵਰ, ਐਸੈਲ, ਲੈਕੋ, ਲਿਊਮੀਨਜ਼ ਵਰਗੀਆਂ ਨਾਮੀ ਕੰਪਨੀਆਂ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਵਲੋਂ ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਵਿਚ ਨਿਵੇਸ਼

ਚੰਡੀਗੜ੍ਹ, 29ਜੂਨ
ਪੰਜਾਬ ਨੂੰ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਪਿਛਲੇ 3 ਸਾਲਾਂ ਦੌਰਾਨ ਮਿਲੀ ਅਪਾਰ ਸਫਲਤਾ ਪਿੱਛੋਂ ਹੁਣ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ 500 ਮੈਗਾਵਾਟ  ਦੇ ਗੈਰ ਰਵਾਇਤੀ ਊਰਜਾ ਪਲਾਂਟ ਸਥਾਪਿਤ ਕਰਨ ਲਈ ਬੋਲੀਆਂ  ਦੀ ਮੰਗ ਕੀਤੀ ਗਈ ਹੈ। ਪੇਡਾ ਵਲੋਂ ਆਰੰਭੀ ਗਈ ਇਸ ਬੋਲੀ  ਪ੍ਰਕ੍ਰਿਆ ਤਹਿਤ ਨਿਵੇਸ਼ਕ 50 ਤੋਂ 150 ਮੈਗਾਵਾਟ ਤੱਕ ਦੇ ਫੋਟੋ ਵੋਲਟਿਕ ਸੋਲਰ ਪਾਵਰ ਪ੍ਰਾਜੈਕਟ ਲਾਉਣ ਲਈ ਅਪਲਾਈ ਕਰ ਸਕਦਾ ਹੈ, ਅਤੇ ਨਾਲ ਹੀ ਪੀ.ਐਸ.ਪੀ.ਸੀ.ਐਲ. ਵਲੋਂ ਉਸ ਨਾਲ 25 ਸਾਲ ਤੱਕ ਦਾ ਬਿਜਲੀ ਖਰੀਦ ਸਬੰਧੀ ਸਮਝੌਤਾ ਵੀ ਕੀਤਾ ਜਾਵੇਗਾ।
ਪੰਜਾਬ ਦੇ ਗੈਰ ਰਵਾਇਤੀ ਊਰਜਾ ਬਾਰੇ ਮੰਤਰੀ  ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੋਲੀਕਾਰਾਂ ਨੂੰ ਪੇਡਾ ਵਲੋਂ ਇਹ ਵੀ ਛੋਟ ਦਿੱਤੀ ਗਈ ਹੈ ਕਿ ਉਹ ਅਲਾਟ ਹੋਇਆ ਪ੍ਰਾਜੈਕਟ ਕਿਸੇ ਇਕ ਥਾਂ ‘ ਤੇ ਹੀ ਜਾਂ ਫਿਰ ਘੱਟੋ ਘੱਟ 5 ਮੈਗਾਵਾਟ ਦੀ ਸਮਰੱਥਾ ਨਾਲ 10 ਥਾਵਾਂ ‘ਤੇ ਵੀ ਸਥਾਪਿਤ ਕਰ ਸਕਦੇ ਹਨ।  ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਪੇਡਾ ਵਲੋਂ ਪ੍ਰਾਜੈਕਟ ਸਥਾਪਿਤ ਕਰਨ ਲਈ ਵੱਖ-ਵੱਖ ਪਿੰਡਾਂ ਤੇ ਨਿੱਜੀ ਮਾਲਕਾਂ ਦੀ 6000 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ  ਕੰਪਨੀਆਂ ਨੂੰ ਜ਼ਮੀਨ ਲੀਜ਼ ‘ਤੇ ਦੇਣ ਸਬੰਧੀ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਸਫਲ ਬੋਲੀਕਾਰ ਆਪਣੀ ਮਰਜ਼ੀ ਨਾਲ ਜ਼ਮੀਨ ਲੀਜ਼ ‘ਤੇ ਦੇਣ ਵਾਲੇ ਜ਼ਮੀਨ ਮਾਲਕ ਨਾਲ ਲੀਜ਼ ਦੀਆਂ ਸ਼ਰਤਾਂ ਤਹਿ ਕਰ ਸਕਣਗੇ।
ਸ. ਮਜੀਠੀਆ ਨੇ ਕਿਹਾ ਕਿ ਸੂਰਜੀ ਊਰਜਾ ਰਾਹੀਂ ਬਿਜਲੀ ਉਤਪਾਦਨ ਪੰਜਾਬ ਲਈ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇੱਥੇ ਸਾਲ ਵਿਚ 300 ਦਿਨ ਧੁੱਪ ਰਹਿਣ ਕਾਰਨ ਇਨ੍ਹਾਂ ਪ੍ਰਾਜੈਕਟਾਂ ਦੀ ਅਪਾਰ ਸਫਲਤਾ ਦੀ ਪੂਰਨ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਪੰਜਾਬ ਨੇ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ ਕਿਉਂਕਿ 2012 ਵਿਚ ਇਨ੍ਹਾਂ ਸ੍ਰੋਤਾਂ ਤੋਂ ਊਰਜਾ ਉਤਪਾਦਨ ਕੇਵਲ 9 ਮੈਗਾਵਾਟ ਸੀ, ਜੋ ਕਿ ਹੁਣ 206 ਮੈਗਾਵਾਟ ਹੋ ਗਿਆ ਹੈ। ਇਸ ਤੋਂ ਇਲਾਵਾ ਦੂਜੇ ਪੜਾਅ ਤਹਿਤ 282 ਮੈਗਾਵਾਟ ਦੇ ਪ੍ਰਾਜੈਕਟ ਅਲਾਟ ਕੀਤੇ ਗਏ ਹਨ, ਜਿਸ ਵਿਚੋਂ  229 ਮੈਗਾਵਾਟ ਜ਼ਮੀਨ ‘ਤੇ ਅਤੇ ਬਾਕੀ 53 ਮੈਗਾਵਾਟ ਛੱਤਾਂ ‘ਤੇ ਲੱਗਣ ਵਾਲੇ ਹਨ। ਇਹ ਸਾਰੇ ਪ੍ਰਾਜੈਕਟ ਮਾਰਚ 2016 ਤੱਕ ਸ਼ੁਰੂ ਹੋ ਜਾਣਗੇ।
ਸ.ਮਜੀਠੀਆ ਨੇ ਕਿਹਾ ਕਿ ਸੂਰਜੀ ਊਰਜਾ ਦੇ ਖੇਤਰ ਵਿਚ ਨਿਵੇਸ਼ ਦਾ ਲਗਾਤਾਰ ਵਾਧੇ ਵਿਚ ਪੇਡਾ ਤੇ ਪੰਜਾਬ ਨਿਵੇਸ਼ ਬਿਊਰੋ ਵਲੋਂ  ਪ੍ਰਾਜੈਕਟਾਂ ਨੂੰ ਇਕੋ ਥਾਂ ‘ਤੋਂ ਦਿੱਤੀ ਜਾ ਰਹੀ ਤੇਜੀ ਨਾਲ ਮਨਜ਼ੂਰੀ ਬਹੁਤ ਸਹਾਈ ਹੋਈ ਹੈ। ਇਸ ਤੋਂ ਇਲਾਵਾ ਪੀ.ਐਸ.ਪੀ. ਸੀ.ਐਲ. ਵਲੋਂ 25 ਸਾਲਾ ਬਿਜਲੀ ਖਰੀਦ ਸਬੰਧੀ ਸਮਝੌਤਾ ਆਪਣੀ ਤਰ੍ਹਾਂ ਦਾ ਪਹਿਲਾ ਕਦਮ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਬਿਜਲੀ ਉਤਪਾਦਨ ਪਿੱਛੋਂ ਉਸਦੀ ਵੇਚ ਵਿਚ ਕੋਈ ਦਿੱਕਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਨਾਮੀ ਕੰਪਨੀਆਂ ਪੁੰਜ ਲਾਇਡ, ਵੈਲਜ਼ਪਨ, ਅਜ਼ੂਰ ਪਾਵਰ, ਐਸੈਲ, ਲੈਕੋ, ਲਿਊਮੀਨਜ਼ ਤੇ ਪ੍ਰਵਾਸੀ ਭਾਰਤੀਆਂ ਵਲੋਂ ਇਸ ਖੇਤਰ ਵਿਚ ਨਿਵੇਸ਼ ਲਈ ਵੱਡੀ ਦਿਲਚਸਪੀ ਦਿਖਾਈ ਗਈ ਹੈ। ਇਸ  ਤੋਂ ਇਲਾਵਾ  ਅਮਰੀਕਾ, ਫਰਾਂਸ, ਇਜ਼ਰਾਇਲ, ਸਲੋਵਾਕੀਆਂ ਜਿਹੇ ਦੇਸ਼ਾਂ ਦੇ ਨਿਵੇਸ਼ਕਾਂ ਵਲੋਂ ਪੰਜਾਬ ਵਿਚ ਸੂਰਜੀ ਊਰਜਾ ਦੇ ਖੇਤਰ ਵਿਚ 1400 ਕਰੋੜ ਰੁਪੈ ਦਾ ਨਿਵੇਸ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਦੇਸ਼ ਭਰ ਨਾਲੋਂ ਬਿਹਤਰੀਨ ਬੁਨਿਆਦੀ ਬਿਜਲੀ ਢਾਂਚਾ ਹੈ, ਜਿਸ ਤਹਿਤ ਜਿੱਥੇ ਹਰ ਪਿੰਡ ਤੱਕ ਬਿਜਲੀ ਸਪਲਾਈ ਲਈ ਵਿਵਸਥਾ, 400 ਕੇ.ਵੀ. ਦਾ ਗਰਿੱਡ ਰਿੰਗ ਸਿਸਟਮ, 66 ਕੇ,ਵੀ. ਦੇ 600 ਤੋਂ ਜਿਆਦਾ ਸਬ ਸਟੇਸ਼ਨ ਅਤੇ ਹਰ 30 ਕਿਲੋਮੀਟਰ ਦੇ ਘੇਰੇ ਵਿਚ ਇਕ 132 ਕੇ.ਵੀ. ਦਾ ਸਬ ਸਟੇਸ਼ਨ ਮੌਜੂਦ ਹੈ। ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ. ਹੁਣ ਇਕ ਮੁਨਾਫਾ ਕਮਾਉਣ ਵਾਲਾ ਅਦਾਰਾ ਹੈ, ਜਿਸਦੀ ਰੇਟਿੰਗ  ਬੀ ਪਲੱਸ ਹੈ। ਸ. ਮਜੀਠੀਆ ਨੇ ਨਾਲ ਹੀ ਕਿਹਾ ਕਿ ਸਾਰੇ ਨਿਵੇਸ਼ਕਾਂ ਨੂੰ ਗੈਰ  ਰਵਾਇਤੀ ਊਰਜਾ ਨੀਤੀ 2012 ਤਹਿਤ ਐਲਾਨੀਆਂ ਗਈਆਂ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ।

Facebook Comment
Project by : XtremeStudioz