Close
Menu

ਪੰਜਾਬ ਦੇ ਅਮਨ-ਕਾਨੂੰਨ ਤੇ ਪ੍ਰਸ਼ਾਸਨ ਨੂੰ ਤਹਿਸ-ਨਹਿਸ ਕਰਨ ਤੋਂ ਬਾਅਦ ਸਦਨ ਦੀ ਮਰਿਆਦਾ ਨੂੰ ਖੋਰਾ ਲਾਉਣ ਲਈ ਕੈਪਟਨ ਨੇ ਅਕਾਲੀਆਂ ਨੂੰ ਲੰਮੇਂ ਹੱਥੀ ਲਿਆ

-- 20 February,2019

ਚੰਡੀਗੜ, 20 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਾਦਲਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲਾਂ ਨੇ ਆਪਣੇ ਸ਼ਾਸਨ ਦੌਰਾਨ ਸਾਰੇ ਪ੍ਰਸ਼ਾਸਨਿਕ ਅਦਾਰਿਆਂ ਨੂੰ ਬੁਰੀ ਤਰਾਂ ਤਰਿਸ-ਨਹਿਸ ਹੀ ਨਹੀ ਕੀਤਾ ਸਗੋਂ ਉਨਾਂ ਦੇ ਸ਼ਾਸਨ ਵੇਲੇ ਸਰਕਾਰ ਨਾਂ ਦੀ ਕੋਈ ਚੀਜ਼ ਨਾ ਹੋ ਕੇ ਸਿਰਫ ਸਿਰਫ ਡੰਡਾ-ਰਾਜ ਹੀ ਸੀ ਜੋ ਕਿ ਇੱਕ ਹੀ ਪਰਿਵਾਰ ਦੇ ਜਾਇਜ਼-ਨਾਜਾਇਜ਼ ਹੁਕਮਾਂ ’ਤੇ ਚਲਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਨਿਯਮ, ਵਿਧਾਨ, ਕਾਨੂੰਨ ਜਾਂ ਸੰਵਿਧਾਨਕ ਸਿਧਾਤਾਂ ਨਾਂ ਦੀ ਕੋਈ ਸ਼ੈਅ ਨਹੀਂ ਸੀ ਅਤੇ ਅਕਾਲੀ ਲੀਡਰਸ਼ਿਪ ਦੀ ਸ਼ਹਿ ’ਤੇ ਹਲਕਾ ਇੰਚਾਰਜ ਹੀ ਹੁਕਮ ਚਲਾਉਂਦੇ ਸਨ।
ਅਕਾਲੀਆਂ ਵੱਲੋਂ ਵਿਧਾਨ ਸਭਾ ਵਿੱਚ ਅਪਣਾਏ ਗੈਰ ਜਿੰਮੇਵਾਰਾਨਾਂ ਅਤੇ ਬੇਹੁਰਮਤੀ ਵਾਲੇ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਸੀ ਕਿ ਕਿਵੇਂ ਮੌਕੇ ਸਿਆਸੀ ਹਿਤਾਂ ਕਾਰਨ ਵਿੱਤ ਮੰਤਰੀ ਦੇ ਭਾਸ਼ਨ ਵਿੱਚ ਇਨਾਂ ਨੇ ਆਪਣੇ ਸੌੜੇ ਸਿਆਸੀ ਹਿੱਤਾ ਕਾਰਨ ਵਿਘਨ ਪਾਇਆ। ਵਿਰੋਧੀਆਂ ਵੱਲੋਂ ਚਾਲੂ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਦੇ ਤੱਥਾਂ ਨੂੰ ਤੋੜਨ-ਮਰੋੜਨ ਦੀਆਂ ਕੋਸ਼ਿਸ਼ਾਂ ’ਤੇ ਹੈਰਾਨੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਦੀ ਮਰਿਆਦਾ ਨੂੰ ਢਾਹ ਲਾਉਣ ਲਈ ਅਕਾਲੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ।
ਰਾਜਪਾਲ ਦੇ ਭਾਸ਼ਨ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਇੱਕ ਵਾਰ ਦੇਖਿਆ ਸੀ ਕਿ ਕਿਸ ਤਰਾਂ ਪ੍ਰਕਾਸ਼ ਸਿੰਘ ਬਾਦਲ ਨੇ ਸਪੀਕਰ ਨੂੰ ਕੁਰਸੀ ਤੋਂ ਘੜੀਸ ਲਿਆ ਸੀ ਜਿਹੜਾ ਕਿ ਅੱਤ ਨਿੰਦਣਯੋਗ ਹੈ। ਅਕਾਲੀਆਂ ਨੂੰ ਉਨਾਂ ਦੇ ਲੀਡਰ ਬਾਰੇ ਪੁੱਛਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੀ ਕੋਈ ਪਾਰਟੀ ਦਾ ਸਦਨ ਵਿੱਚ ਲੀਡਰ ਹੈ ਕਿਉਂਕਿ ਸੁਖਬੀਰ ਬਾਦਲ ਤਾਂ ਅਕਸਰ ਸਦਨ ’ਚੋਂ ਗਾਇਬ ਰਹਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਦੇ ਰਾਜ ਦੌਰਾਨ ਅਮਨ-ਕਾਨੂੰਨ ਦਾ ਬੁਰੀ ਤਰਾਂ ਘਾਣ ਹੋਇਆ ਅਤੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ ਨਹੀਂ ਸੀ। ਕੈਪਟਨ ਨੇ ਕਿਹਾ ਕਿ ਪਹਿਲਾਂ ਜੋ ਹੁੰਦਾ ਸੀ ਉਹ ਰਾਜ ਨਹੀਂ ਡੰਡਾ ਰਾਜ ਸੀ ਜੋ ਕਿ ਇੱਕ ਪਰਿਵਾਰ ਵੱਲੋਂ ਪਾਸ ਕੀਤੇ ਜਾਂਦੇ ਜਾਇਜ਼-ਨਾਜਾਇਜ਼ ਹੁਕਮਾਂ ’ਤੇ ਚਲਦਾ ਸੀ। ਉਨਾਂ ਕਿਹਾ ਕਿ ਉਸ ਵੇਲੇ ਕੋਈ ਨਿਯਮ, ਕਾਨੂੰਨ, ਵਿਧਾਨ ਅਤੇ ਸੰਵਿਧਾਨਕ ਵਿਵਸਥਾ ਦਾ ਪਾਲਣ ਨਹੀਂ ਸੀ ਕੀਤਾ ਜਾਂਦਾ। ਉਨਾਂ ਕਿਹਾ ਕਿ ਬਾਦਲਾਂ ਦੀ ਸ਼ਹਿ ’ਤੇ ਉਨਾਂ ਦੇ ਹਲਕਾ ਇੰਚਾਰਜ ਅਤੇ ਉਨਾਂ ਦੇ ਖਾਸਮਖਾਸ ਹੁਕਮ ਚਲਾਉਂਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਚੰਗੇ ਪ੍ਰਸ਼ਾਸਨ ਦਾ ਮਤਲਬ ਆਪਣੇ ਅਫਸਰਾਂ ’ਤੇ ਭਰੋਸਾ ਕਰਨਾ ਅਤੇ ਉਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਦੇਣ ਦੇ ਨਾਲ-ਨਾਲ ਚੰਗੀ ਕਾਰਗੁਜਾਰੀ ਵਾਲਿਆਂ ਨੂੰ ਸਨਮਾਨ ਅਤੇ ਮਾੜੀ ਕਾਰਗੁਜਾਰੀ ਵਾਲਿਆਂ ਨੂੰ ਲਾਂਭੇ ਕਰਦਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਇਸੇ ਲੈਅ ’ਤੇ ਚੰਗੇ ਪ੍ਰਸ਼ਾਸਨ ਲਈ ਕੰਮ ਕਰ ਰਹੀ ਹੈ ਜੋ ਕਿ ਅਕਾਲੀਆਂ ਦੇ ਕੰਮਕਾਜ ਤੋਂ ਬਿਲਕੁਲ ਉਲਟ ਹੈ।
ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਤਰਸਯੋਗ ਹਾਲਤ ਵਿੱਚ ਛੱਡੇ ਜਾਣ ਤੋਂ ਉਭਾਰਨ ਲਈ ਕੀਤੀਆਂ ਕੋਸ਼ਿਸ਼ਾਂ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਸਬ-ਡਵੀਜ਼ਨ ਨੂੰ ਵਿਕਾਸ ਕਾਰਜਾਂ ਲਈ 5-5 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਉਨਾਂ ਵਿਰੋਧੀਆਂ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਕਿ 5-5 ਕਰੋੜ ਰੁਪਏ ਸਿਰਫ ਕਾਂਗਰਸੀ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਹਨ ਅਤੇ ਕਿਹਾ ਕਿ ਜੇਕਰ ਉਹ ਕੋਈ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਸਬੰਧੀ ਉਹ ਪ੍ਰਾਜੈਕਟ ਪ੍ਰਸਤਾਵ ਸੰਬਧਿਤ ਡਿਪਟੀ ਕਮਿਸ਼ਨਰ ਨੂੰ ਦੇ ਸਕਦੇ ਹਨ।
ਨਸ਼ਿਆਂ ਦੇ ਖਾਤਮੇ ਸਬੰਧੀ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਕਾਮਯਾਬੀ ਨਾਲ ਨਸ਼ਿਆਂ ਦੀ ਸਮਗਲਿੰਗ ਦਾ ਲੱਕ ਤੋੜਿਆ ਹੈ। ਉਨਾਂ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਸਬੰਧੀ ਸਬੂਤਾਂ ਸਮੇਤ ਵੱਡੀਆਂ ਮੱਛੀਆਂ ਦਾ ਖੁਲਾਸਾ ਕਰਨ ਤਾਂ ਜੋ ਉਨਾਂ ਨੂੰ ਫੜਨ ਲਈ ਐਸ.ਟੀ.ਐਫ ਦੀ ਮਦਦ ਕੀਤੀ ਜਾ ਸਕੇ। ਉਨਾਂ ਅਹਿਦ ਕੀਤਾ ਕਿ ਉਹ ਉਦੋਂ ਤੱਕ ਮੋਹਰੇ ਹੋ ਕੇ ਨਸ਼ਿਆਂ ਖਿਲਾਫ ਜੰਗ ਜਾਰੀ ਰੱਖਣਗੇ ਜਦੋਂ ਤੱਕ ਇਨਾਂ ਦਾ ਰਾਜ ਵਿਚੋਂ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ।
ਸੂਬੇ ਦੀ ਕਮਜ਼ੋਰ ਵਿੱਤੀ ਹਾਲਤ ਅਤੇ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਦਿੱਤੇ ਕਰਜ਼ਿਆਂ ਦੀ ਭਾਰੀ ਪੰਡ ਸਬੰਧੀ ਉਨਾਂ ਕਿਹਾ ਕਿ ਵਿੱਤੀ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਉਨਾਂ ਦੀ ਸਰਕਾਰ ਵਿਕਾਸ ਨੂੰ ਯਕੀਨੀ ਅਤੇ ਮਾਲੀਆ ਪੈਦਾ ਕਰਨ ਦੇ ਯੋਗ ਬਣਾ ਰਹੀ ਹੈ।
ਕਾਨੂੰਨ ਵਿਵਸਥਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਬਹਾਲੀ ਅਤੇ ਗੈਂਗਸਟਰਾਂ ਦਾ ਖਾਤਮਾ ਕੀਤਾ ਹੈ। ਉਨਾਂ ਅਕਾਲੀਆਂ ’ਤੇ ਵਰਦਿਆਂ ਕਿਹਾ ਕਿ ਅਮਨ-ਕਾਨੂੰਨ ਤਾਂ ਹੀ ਯਕੀਨੀ ਬਣਾਇਆ ਜਾ ਸਕਦਾ ਹੈ ਜੇਕਰ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਜਿਵੇਂ ਕਿ ਉਨਾਂ ਦੀ ਸਰਕਾਰ ਨੇ ਕੀਤਾ ਹੈ।
ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ-ਭਾਜਪਾ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਉਨਾਂ ਕਿਹਾ ਕਿ ਪਿਛਲੀ ਸਰਕਾਰ ਆਪਣੇ ਵੱਲੋਂ ਗਠਿਤ ਕੀਤੇ ਕਮਿਸ਼ਨ ਦੀ ਰਿਪੋਰਟ ਲੈਣ ਵਿੱਚ ਹੀ ਬੁਰੀ ਤਰਾਂ ਨਖਿੱਧ ਸਾਬਤ ਹੋਈ ਸੀ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਹਰ ਹੀਲੇ ਲਾਗੂ ਕਰੇਗੀ ਅਤੇ ਇਸ ਘਿਨਾਉਣੇ ਕਾਰੇ ਲਈ ਦੋਸ਼ੀ ਪਾਏ ਜਾਣ ਵਾਲੇ ਕਿਸੇ ਨੂੰ ਵੀ ਨਹੀ ਬਖਸ਼ੇਗੀ।
ਕਿਸਾਨ ਕਰਜ਼ਿਆਂ ਬਾਬਤ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਜਿਵੇਂ ਸੂਬੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਆਵੇਗਾ ਪੰਜਾਬ ਸਰਕਾਰ ਕਿਸਾਨਾਂ ਨੂੰ ਹੋਰ ਆਰਥਿਕ ਮਦਦ ਪ੍ਰਦਾਨ ਕਰਵਾਏਗੀ। ਉਨਾਂ ਕਿਹਾ ਕਿ ਇਹ ਪੈਸਾ ਸਾਡਾ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ ਹੈ ਜਿਹੜਾ ਕਿ ਉਨਾਂ ਦੀ ਭਲਾਈ ਲਈ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਬੇਜ਼ਮੀਨੇ ਮਜ਼ਦੂਰਾਂ ਦਾ ਕਰਜ਼ਾ ਵੀ ਮੁਆਫ ਕਰੇਗੀ। ਨਾੜ ਨੂੰ ਸਾੜਣ ਤੋਂ ਗੁਰੇਜ਼ ਕਰਨ ਲਈ ਮੁੱਖ ਮੰਤਰੀ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਨ ਨਾੜ ਨੂੰ ਅੱਗ ਲਾਉਣਾ ਨਹੀਂ ਹੈ ਜਿਸ ਬਾਰੇ ਦਿੱਲੀ ਸਰਕਾਰ ਵੱਲੋਂ ਦਾਅਵਾ ਕੀਤਾ ਜਾਂਦਾ ਹੈ।
ਪਾਣੀਆਂ ਦੇ ਮੁੱਦੇ ’ਤੇ ਆਪਣੇ ਪੱਖ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਇਸ ਕੀਮਤੀ ਵਸੀਲੇ ਲਈ ਕਿਸੇ ਨੂੰ ਨਹੀਂ ਰੋਕਦਾ ਪਰ ਇਹ ਕਿਸੇ ਨੂੰ ਪਾਣੀ ਨਹੀਂ ਦੇ ਸਕਦਾ ਕਿਉਂਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ। ਉਨਾਂ ਕਿਹਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਵਾਸਤੇ ਰਾਜ ਨੂੰ ਮਾਰੂਥਲ ਬਨਣ ਤੋਂ ਰੋਕਣ ਲਈ ਇਹ ਕਦਮ ਚੁੱਕੇ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਰਾਜ ਦੇ ਹਰ ਬਸ਼ਿੰਦੇ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਏਗੀ।
ਰੋਜ਼ਗਾਰ ਅਤੇ ਉਦਯੋਗਿਕ ਵਿਕਾਸ ਸਬੰਧੀ ਉਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਨਾਂ ਖੇਤਰਾਂ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨਾਂ ਖੁਸ਼ੀ ਜਾਹਿਰ ਕੀਤੀ ਕਿ ਉਦਯੋਗ ਮੁੜ ਪੰਜਾਬ ਵੱਲ ਵਹੀਰਾਂ ਘੱਤ ਰਹੇ ਹਨ। ਰੋਜ਼ਗਾਰ ਮੁਹੱਈਆ ਕਰਵਾਉਣ ਬਾਰੇ ਉਨਾਂ ਕਿਹਾ ਕਿ ਹੁਣ ਤੱਕ ਉਨਾਂ ਦੀ ਸਰਕਾਰ 5 ਲੱਖ ਤੋਂ ਵਧ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾ ਚੁੱਕੀ ਹੈ ਜਿਹੜੇ ਕਿ ਰੋਜ਼ ਦੇ 720 ਨੌਜਵਾਨ ਬਣਦੇ ਹਨ। ਉਨਾਂ ਕਿਹਾ ਕਿ ਮਨਰੇਗਾ ਸਕੀਮ ਤਹਿਤ 2017 ਤੋਂ 2019 ਹੁਣ ਤੱਕ 415 ਲੱਖ ਦਿਹਾੜੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਪੇਂਡੂ ਵਿਕਾਸ ਦਾ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਹੈ ਅਤੇ ਉਨਾਂ ਦੀ ਸਰਕਾਰ ਸਮਾਰਟ ਪਿੰਡ ਮੁਹਿੰਮ ਤੋਂ ਇਲਾਵਾ ਪੇਂਡੂ ਸੜਕਾਂ ਦੀ ਰਿਪੇਅਰ ਵੀ ਜੰਗੀ ਪੱਧਰ ’ਤੇ ਕਰਵਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਾੳੂਸਿੰਗ ਅਤੇ ਸਿੱਖਿਆ ਉਨਾਂ ਦੀ ਸਰਕਾਰ ਦੀਆਂ ਤਰਜੀਹਾਂ ਹਨ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤੋਂ ਇਲਾਵਾ ਨਹਿਰਾਂ ’ਤੇ ਆਧਾਰਿਤ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਕੀਮਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨਾਂ ਵਿਸ਼ੇਸ਼ ਤੌਰ ’ਤੇ ਕੰਢੀ ਖੇਤਰ ਵਿਕਾਸ ਬੋਰਡ ਅਤੇ ਸ੍ਰੀ ਆਨੰਦਪੁਰ ਸਾਹਿਬ ਡਿਵੈਲਪਮੈਂਟ ਅਥਾਰਿਟੀ ਦੀ ਸਥਾਪਤੀ ਦਾ ਜ਼ਿਕਰ ਕੀਤਾ ਤਾਂ ਜੋ ਰਾਜ ਦੇ ਇਸ ਔਕੜਾਂ ਭਰੇ ਇਲਾਕਿਆਂ ਦਾ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਮਾਰਟ ਸਿੱਖਿਆ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਦੇ ਖੇਤਰ ਨੂੰ ਹੋਰ ਵਿਕਸਤ ਕੀਤਾ ਜਾ ਸਕੇ।
ਸਿਹਤ ਖੇਤਰ ਵਿੱਚ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਅਤੇ ਮਿਸ਼ਨ ਤੰਦਰੂਸਤ ਪੰਜਾਬ ਲਿਆਂਦੇ ਹਨ। ਉਨਾਂ ਦਲਿਤਾਂ, ਹੋਰਨਾਂ ਪਛੜੀਆਂ ਸ਼੍ਰੇਣੀਆਂ, ਦਿਵਯਾਂਗਾਂ ਅਤੇ ਘਟ ਗਿਣਤੀਆਂ ਦੀ ਭਲਾਈ ਦੀ ਵਚਨਬੱਧਤਾ ਦੁਹਰਾਉਂਦੇ ਕਿਹਾ ਕਿ ਇਨਾਂ ਤਬਕਿਆਂ ਦੇ ਵਿਕਾਸ ਤੋਂ ਬਿਨਾ ਸਰਵਪੱਖੀ ਵਿਕਾਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਦਾ।
ਅਖੀਰ ਵਿੱਚ ਮੁੱਖ ਮੰਤਰੀ ਨੇ ਬਜਟ ’ਤੇ ਬਹਿਸ ਦੀ ਸਮਾਪਤੀ ਨੂੰ ਚੰਗੇ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸਦਨ ਦਾ ਧੰਨਵਾਦ ਕਰਦਿਆਂ ਆਸ ਕੀਤੀ ਕਿ ਇਸ ਨਾਲ ਭਵਿੱਖ ਵਿੱਚ ਸਕਾਰਾਤਮਕ ਵਿਚਾਰਾਂ ਦਾ ਮੁੱਢ ਬੱਝੇਗਾ।

Facebook Comment
Project by : XtremeStudioz