Close
Menu

ਪੰਜਾਬ ਦੇ ਅਮਨ-ਕਾਨੂੰਨ ਦੀ ਸਥਿਤੀ ਤੋਂ ਕੋਈ ਖਤਰਾ ਨਹੀਂ : ਬਾਦਲ

-- 05 November,2013

25-MKT-041 (1)ਲੁਧਿਆਣਾ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੁਧਿਆਣਾ ਵਿਚ ਕਿਹਾ ਕਿ ਪੰਜਾਬ ਵਿਚ ਜੋ ਅੱਤਵਾਦ ਮੁੜ ਸੁਰਜੀਤ ਹੋਣ ਦੀਆਂ ਮੀਡੀਆ ਵਿਚ ਆ ਰਹੀਆਂ ਖਬਰਾਂ ਅਤੇ ਖੁਫੀਆ ਏਜੰਸੀਆਂ ਦੁਆਰਾ ਮੋਦੀ ਦੀ ਜਾਨ ਨੂੰ ਖਤਰੇ ਦੀ ਸ਼ੰਕਾ ਜਤਾਈ ਜਾ ਰਹੀ ਹੈ, ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ ਅਤੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ। ਭਾਵੇਂ ਪਾਕਿਸਤਾਨ ਨਾਲ ਸਾਡੇ ਸੂਬੇ ਦੀਆਂ ਸਰਹੱਦਾਂ ਲੱਗਦੀਆਂ ਹਨ ਪਰ ਫਿਰ ਵੀ ਪੰਜਾਬ ਦੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਪੰਜਾਬ ਪੁਲਸ ਤੇ ਖੁਫੀਆਤੰਤਰ ਪੂਰੀ ਤਰ੍ਹਾਂ ਸਰਗਰਮ ਹੈ। ਸ. ਬਾਦਲ ਨੇ ਕਾਂਗਰਸ ਬਾਰੇ ਪੁੱਛੇ ਸਵਾਲ ‘ਤੇ ਵਾਰ ਕਰਦਿਆਂ ਕਿਹਾ ਕਿ ਜੋ ਕਾਂਗਰਸ ਪਾਰਟੀ ਦੇਸ਼ ਵਿਚ ਚੋਣ ਸਰਵੇਖਣਾਂ ‘ਤੇ ਪਾਬੰਦੀ ਲਗਾਉਣ ਦੀ ਦੁਹਾਈ ਪਾ ਰਹੀ ਹੈ, ਉਸ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕਾਂਗਰਸ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇਣ ਲੱਗ ਪਈ ਹੈ। ਉਨ੍ਹਾਂ ਆਸ ਜਤਾਈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਵਿਚ ਕਾਂਗਰਸ ਦੇ ਰਾਜ ਦੇ ਨਾਲ ਮਹਿੰਗਾਈ, ਭ੍ਰਿਸ਼ਟਾਚਾਰ ਦਾ ਵੀ ਸਫਾਇਆ ਹੋ ਜਾਵੇਗਾ ਅਤੇ ਦੇਸ਼ ਵਿਚ ਲੋਕਾਂ ਦੀ ਆਪਣੀ ਸਰਕਾਰ ਬਣੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਬਾਜਵਾ ਦੇ ਮਾਮਲੇ ਵਿਚ ਬਾਦਲ ਤੋਂ ਪੁੱਛੇ ਗਏ ਸਵਾਲਾਂ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡੀ ਸਰਕਾਰ ਕਿਸੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕਰੇਗੀ, ਹਰ ਮਾਮਲੇ ਦੀ ਤਹਿ ਤੱਕ ਜਾਵੇਗੀ ਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਾਂਗਰਸ ਦੀ ਤਰ੍ਹਾਂ ਝੂਠੇ ਮਾਮਲੇ ਦਰਜ ਕਰਨ ਵਿਚ ਵਿਸ਼ਵਾਸ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਡੇ ਸਾਬਕਾ ਮੰਤਰੀ ਅਤੇ ਵਿਧਾਇਕ 10-10 ਸਾਲ ਅਦਾਲਤਾਂ ਦੇ ਚੱਕਰ ਲਗਾ ਕੇ ਬਰੀ ਹੋਏ ਹਨ ਪਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੋ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ, ਇਹ ਉਹ ਹੀ ਜਾਣਦੇ ਹਨ, ਜਿਸ ਵਿਚ ਮੈਂ ਤੇ ਮੇਰਾ ਪਰਿਵਾਰ ਵੀ ਸ਼ਾਮਿਲ ਹੈ। ਇਸ ਮੌਕੇ ਉਨ੍ਹਾਂ ਨਾਲ ਕਿਰਤ ਮੰਤਰੀ ਚੂਨੀ ਲਾਲ ਭਗਤ, ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਜਗਦੀਸ਼ ਸਿੰਘ ਗਰਚਾ, ਜਗਦੇਵ ਸਿੰਘ ਤਾਜਪੁਰੀ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਅਕਾਲੀ ਨੇਤਾ ਡਾ. ਤਜਿੰਦਰ ਸਿੰਘ ਕੌਮੀ ਮੀਤ ਪ੍ਰਧਾਨ, ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ, ਅਸ਼ੋਕ ਮੱਕੜ, ਡਿੰਪਲ ਰਾਣਾ, ਮਨੀਸ਼ ਗੁਪਤਾ, ਹਰਵਿੰਦਰ ਸਿੰਘ ਗਾਬੜੀਆ, ਪਾਲ ਸਿੰਘ ਗਰੇਵਾਲ, ਅਬਦੁੱਲ ਸ਼ਕੂਰ ਮਾਂਗਟ, ਪਟਿਆਲਾ ਤੋਂ ਅਕਾਲੀ ਆਗੂ ਸੁਰਜੀਤ ਸਿੰਘ ਬਘੌਰਾ ਆਦਿ ਸ਼ਾਮਿਲ ਸਨ।

Facebook Comment
Project by : XtremeStudioz