Close
Menu

ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਲਈ ਕੇਂਦਰ ਸਰਕਾਰ ਜੁੰਮੇਵਾਰ – ਰੱਖੜਾ

-- 18 September,2013

Photo-Mr.-Rakhra-at-Kissan-Mela-5-dt-17-9-13

ਰੱਖੜਾ (ਪਟਿਆਲਾ), 18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਕੇਂਦਰ ਨੇ ਦੇਸ਼ ਦੇ ਅੰਨ ਭੰਡਾਰ ‘ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਸਦਾ ਹੀ ਅਣਦੇਖੀ ਕੀਤੀ ਹੈ। ਸ. ਰੱਖੜਾ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਪਿੰਡ ਰੱਖੜਾ ਵਿਖੇ ਲਗਾਏ ਗਏ ਕਿਸਾਨ ਮੇਲੇ ਅਤੇ ਕਿਸਾਨ ਸਿਖਲਾਈ ਕੈਂਪ ਮੌਕੇ ਕਿਸਾਨਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਿਛਲੇ ਲੰਮੇ ਸਮੇਂ ਤੋਂ ਖੇਤੀ ਲਾਗਤਾਂ ਘਟਾਉਣ ਅਤੇ ਖੇਤੀ ਨੂੰ ਲਾਹੇਵੰਦਾ ਧੰਦਾ ਬਨਾਉਣ ਲਈ ਕੇਂਦਰ ‘ਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ ਤਾਂ ਜੋ ਖਾਦਾਂ ਤੇ ਖੇਤੀ ਨਾਲ ਸਬੰਧਤ ਵਸਤਾਂ ਦੇ ਭਾਅ ਘਟ ਸਕਣ ਅਤੇ ਕਿਸਾਨੀ ਜਿਣਸਾਂ ਦੇ ਭਾਅ ਵਧਾਏ ਜਾਣ। ਉਨ੍ਹਾਂ ਕਿਹਾ ਕਿ ਆਪਣੀ ਮਿੱਟੀ, ਪਾਣੀ ਅਤੇ ਵਾਤਾਵਰਣ ਗੰਧਲਾ ਕਰਕੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅੰਨ ਉਤਪਾਦਨ ‘ਚ ਸਮਰੱਥ ਬਣਾਇਆ ਪੰ੍ਰਤੂ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਲੋੜ ਪਈ ਤਾਂ ਕੇਂਦਰ ਨੇ ਮਦਦ ਕਰਨ ਤੋਂ ਹੱਥ ਪਿਛਾਂਹ ਖਿੱਚ ਲਏ ਹਨ।

ਸ. ਰੱਖੜਾ ਨੇ ਕਿਹਾ ਕਿ ਅੱਜ ਖੇਤੀਬਾੜੀ ਇੱਕ ਲਾਹੇਵੰਦਾ ਧੰਦਾ ਨਹੀਂ ਰਹੀ ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਦੇ ਰਾਹ ਪਏ ਤਾਂ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਬਿਜਲੀ ਦੇ 6000 ਕਰੋੜ ਰੁਪਏ ਦੇ ਬਿਲ ਮੁਆਫ਼ ਕਰਕੇ ਕਿਸਾਨਾਂ ਦੀ ਬਾਂਹ ਫੜੀ। ਉਨ੍ਹਾਂ ਦੱਸਿਆ ਕਿ ਸ. ਬਾਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਨਾਲ ਇੱਕ ਵੱਡੀ ਲੜਾਈ ਲੜੀ ਜਾ ਰਹੀ ਹੈ ਜਦਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਪਰ ਇਹ ਕਿਸਾਨਾਂ ਨਾਲ ਇਨਸਾਫ਼ ਨਹੀਂ ਕਿਉਂਕਿ ਕਿਸਾਨਾਂ ਨੇ ਦੇਸ਼ ਦੇ ਹਿੱਤਾਂ ਲਈ ਹੀ ਆਪਣਾ ਸਭ ਕੁਝ ਦਾਅ ‘ਤੇ ਲਗਾਇਆ ਸੀ, ਇਸ ਲਈ ਹੁਣ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਦੇਣ ਦੇ ਨਾਲ-ਨਾਲ ਖੇਤੀ ਲਾਗਤਾਂ ਘੱਟ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਮੇਲੇ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤੀ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੇ ਠੋਸ ਦਲੀਲਾਂ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਦੀ ਥਾਂ ਖੇਤੀਬਾੜੀ ਵਿਭਿੰਨਤਾ ਸਬੰਧੀ ਅਤੇ ਪੰਜਾਬ ਦੇ ਕਿਸਾਨਾਂ ਨੂੰ 50 ਫੀਸਦੀ ਮੁਨਾਫ਼ਾ ਦੇਣ ਲਈ ਕੇਂਦਰ ਸਰਕਾਰ ਨੂੰ ਭੇਜੀ ਗਈ ਤਜਵੀਜ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਇਸ ਦੇ ਖੇਤੀਬਾੜੀ ਵਿਗਿਆਨੀ ਪੰਜਾਬ ਦੇ ਕਿਸਾਨਾਂ ਨੂੰ ਜਬਰਦਸਤੀ ਫ਼ਸਲੀ ਵਿਭਿੰਨਤਾ ਵੱਲ ਧੱਕਣਾ ਚਾਹੁੰਦੇ ਹਨ ਪ੍ਰੰਤੂ ਫ਼ਸਲੀ ਵਿਭਿੰਨਤਾ ਅਸਲ ਅਰਥਾਂ ‘ਚ ਤਾਂ ਹੀ ਆਵੇਗੀ ਜੇਕਰ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋਵੇਗਾ। ਉਨ੍ਹਾਂ ਨੂੰ ਖੇਤੀਬਾੜੀ ਵਿਭਿੰਨਤਾ ਦਾ ਅਰਥ ਦਸਦਿਆਂ ਕਿਹਾ ਕਿ ਅੱਜ ਬਦਲੇ ਹਾਲਾਤਾਂ ‘ਚ ਡੇਅਰੀ, ਮਧੂਮੱਖੀ ਪਾਲਣ ਅਤੇ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਅਤੇ ਦੇਸ਼ ਨੂੰ ਭੋਜਨ ਸੁਰੱਖਿਆ ਲਈ ਆਤਮ ਨਿਰਭਰ ਹੋਣ ਦੇ ਸਮਰੱਥ ਬਣਾਉਣ ਵਾਲੇ ਕਿਸਾਨਾਂ ਦੀ ਬਾਂਹ ਕੇਂਦਰ ਸਰਕਾਰ ਨੂੰ ਫੜਨੀ ਚਾਹੀਦੀ ਹੈ। ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ‘ਚ ਕਿਸਾਨਾਂ ਦੀ ਹਿੰਮਤ ਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ 92 ਹਜ਼ਾਰ ਹੈਕਟਰ ਰਕਬਾ ਬਾਸਮਤੀ ਹੇਠ ਲਿਆਦਾਂ ਗਿਆ ਤੇ ਮੱਕੀ ਹੇਠ 30 ਫੀਸਦੀ ਅਤੇ ਗੰਨੇ ਹੇਠ 20 ਫੀਸਦੀ ਰਕਬਾ ਵਧਿਆ ਹੈ।

ਵਿੱਤੀ ਕਮਿਸ਼ਨਰ ਵਿਕਾਸ ਨੇ ਸਰਕਾਰ ਦੀਆਂ ਕਿਸਾਨੀ ਨੂੰ ਬਚਾਉਣ ਲਈ ਬਣਾਈਆਂ ਜਾ ਰਹੀਆਂ ਤਜਵੀਜਾਂ ਬਾਰੇ ਦਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੰਜਾਬ ‘ਚ ਖੇਤੀਬਾੜੀ ਵਿਭਿੰਨਤਾ ਅਸਲ ਅਰਥਾਂ ‘ਚ ਲਾਗੂ ਕਰਨ ਤੇ ਰਵਾਇਤੀ ਫਸਲੀ ਚੱਕਰ ਨੂੰ ਬਦਲਣ ਦੀ ਵਿਸ਼ੇਸ਼ ਵਿਉਂਤਬੰਦੀ ਦੇ ਮੱਦੇਨਜ਼ਰ 9000 ਕਰੋੜ ਰੁਪਏ ਦੀ ਇਕ ਤਜਵੀਜ ਬਣਾ ਕੇ ਭੇਜੀ ਹੈ। ਸ੍ਰੀ ਸੁਰੇਸ਼ ਕੁਮਾਰ ਨੇ ਦੇਸ਼ ਦੇ ਖੇਤੀਬਾੜੀ ਵਿਗਿਆਨੀਆਂ ਨੂੰ ਪੰਜਾਬ ਅੰਦਰ ਫ਼ਸਲਾਂ ਦੇ ਝਾੜ ‘ਚ ਆਈ ਰੁਕਾਵਟ ਲਈ ਜ਼ੁੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਕਈ ਮੁਲਕਾਂ ਦੇ ਕਿਸਾਨਾਂ ਵੱਲੋਂ ਫ਼ਸਲਾਂ ਦਾ ਝਾੜ 90 ਕੁਇੰਟਲ ਪ੍ਰਤੀ ਏਕੜ ਲਿਆ ਜਾ ਸਕਦਾ ਹੈ ਤਾਂ ਪੰਜਾਬ ‘ਚ ਇਹ 40 ਕੁਇੰਟਲ ‘ਤੇ ਕਿਉਂ ਰੁਕ ਗਿਆ ਹੈ। ਉਨ੍ਹਾਂ ਭਾਰਤੀ ਖੇਤੀਬਾੜੀ ਖੋਜ਼ ਸੰਸਥਾਨ ਨੂੰ ਸਲਾਹ ਦਿੱਤੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਰਾਜ ਅੰਦਰ ਸਿਟਰਸ ਸਟੇਟਾਂ ਅਤੇ ਸੈਂਟਰ ਫਾਰ ਐਕਸੀਲੈਂਸ ਸਥਾਪਤ ਕਰਨ ਦਾ ਬੀੜਾ ਉਠਾਇਆ ਹੈ, ਉਸੇ ਤਰ੍ਹਾਂ ਹੀ ਆਈ.ਏ.ਆਰ.ਆਈ. ਵੀ ਰੱਖੜਾ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਇਸ ਕੇਂਦਰ ਨੂੰ ਬਾਸਮਤੀ ਦੇ ਸੈਂਟਰ ਫਾਰ ਐਕਸੀਲੈਂਸ ਵਜੋਂ ਸਥਾਪਤ ਕਰੇ।

ਇਸ ਮੌਕੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਦੇ ਉਪ ਕੁਲਪਤੀ ਅਤੇ ਡਾਇਰੈਕਟਰ ਡਾ. ਐਚ.ਐਸ. ਗੁਪਤਾ ਨੇ ਕੂੰਜੀਵਤ ਭਾਸ਼ਣ ਦਿੰਦਿਆਂ ਭਾਰਤੀ ਕਿਸਾਨਾਂ ਨੂੰ ਦਰਪੇਸ਼ ਦੋ ਵੱਡੀਆਂ ਚੁਣੌਤੀਆਂ, ਪਹਿਲੀ ਆਪਣੀ ਆਮਦਨ ਵਧਾਉਣ ਤੇ ਖੇਤੀ ਲਾਗਤਾਂ ਘਟਾਉਣ ਅਤੇ ਦੂਜੀ ਖੇਤੀ ਉਤਪਾਦਕਤਾ ਵਧਾਉਣ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਘੱਟ ਪਾਣੀ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਖੇਤੀ ਕਰਨ ਲਈ ਪ੍ਰੇਰਿਆ। ਡਾ. ਗੁਪਤਾ ਨੇ ਕਿਸਾਨਾਂ ਨੂੰ ਆਪਣੇ ਖੇਤਾਂ ‘ਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖਾਦ ਵਜੋਂ ਵਰਤਣ ਦੀ ਸਲਾਹ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਹਰ ਸਾਲ ਦੇਸ਼ ਅੰਦਰ ਧਰਤੀ ਵਿੱਚੋਂ ਕੱਢੇ ਚਾ ਰਹੇ ਇੱਕ ਕਰੋੜ ਟਨ ਤਾਕਤ ਦੇ ਤੱਤਾਂ ਦੀ ਕਮੀ ਵੀ ਪੂਰੀ ਹੋ ਜਾਵੇਗੀ ਅਤੇ ਵਾਤਾਵਰਨ ਵੀ ਗੰਧਲਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਭੂਮੀ ਸੰਭਾਲ ਖੇਤੀ ਕਰਨ ਲਈ ਪ੍ਰੇਰਿਤ ਕਰਦਿਆਂ ਕਣਕ ਤੇ ਝੋਨੇ ਦੀ ਫਸਲ ਦੇ ਦਰਮਿਆਨ ਮੂੰਗੀ ਬੀਜਣ ਦੀ ਸਲਾਹ ਦਿੱਤੀ। ਇਸ ਦੌਰਾਨ ਭਾਰਤੀ ਖੇਤੀ ਖੋਜ ਸੰਸਥਾਨ ਦੀ ਜੈਨੇਟਿਕਸ ਡਵੀਜਨ ਦੇ ਮੁਖੀ ਡਾ. ਕੇ.ਵੀ. ਪ੍ਰਭੂ ਨੇ ਕਿਸਾਨਾਂ ਨੂੰ ਮੌਸਮ ਅਨੁਸਾਰ ਫਸਲ ਦੀ ਸੰਭਾਲ ਅਤੇ ਵੱਧ ਝਾੜ ਪ੍ਰਾਪਤ ਕਰਨ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਯੰਗ ਫਾਰਮਰਜ ਐਸੋਸੀਏਸ਼ਨ ਦੇ ਪ੍ਰਧਾਨ ਸ. ਜਗਦੀਪ ਸਿੰਘ ਚੀਮਾ ਨੇ ਐਸੋਸੀਏਸ਼ਨ ਦੇ ਗਠਨ ਦੇ ਉਦੇਸ਼ ਅਤੇ ਇਸਦੇ ਭਵਿਖਮੁਖੀ ਕਾਰਜਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਭਗਵਾਨ ਦਾਸ ਨੇ ਮੰਚ ਸੰਚਾਲਣ ਕੀਤਾ ਅਤੇ ਮੇਲੇ ਅਤੇ ਇਸ ਸਿਖਲਾਈ ਕੈਂਪ ਦੇ ਮੰਤਵ ਬਾਰੇ ਵਿਸਥਾਰ ‘ਚ ਦੱਸਿਆ। ਇਸ ਮੌਕੇ ਸ. ਰੱਖੜਾ ਅਤੇ ਸ੍ਰੀ ਸੁਰੇਸ਼ ਕੁਮਾਰ ਵੱਲੋਂ ਡਾ. ਕੇ ਵਿਜੇਰਾਗਵਾਨ, ਡਾ. ਕੇ.ਵੀ. ਪ੍ਰਭੂ ਅਤੇ ਡਾ. ਜੇ.ਪੀ. ਸ਼ਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਯੰਗ ਫਾਰਮਰਜ ਦਾ ਸੋਵੀਨਾਰ ਰਲੀਜ ਕੀਤਾ ਗਿਆ। ਇਸ ਤੋਂ ਪਹਿਲਾਂ ਸ. ਰੱਖੜਾ ਅਤੇ ਸ੍ਰੀ ਸੁਰੇਸ਼ ਕੁਮਾਰ ਨੇ ਪੂਸਾ ਪੰਜਾਬ ਬਾਸਮਤੀ 1509 ਕਿਸਮ ਦੇ ਪ੍ਰਦਰਸ਼ਨੀ ਖੇਤ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਕਿਸਾਨਾਂ ਨੂੰ ਕਣਕ ਦੀਆਂ ਸੋਧੀਆਂ ਹੋਈਆਂ ਕਿਸਮਾਂ ਦੇ ਬੀਜ ਅਤੇ ਹੋਰ ਫਸਲਾਂ ਦੀ ਪਨੀਰੀ ਵੀ ਵੰਡੀ ਗਈ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਸ ਤੋਂ ਪਹਿਲਾਂ ਤਕਨੀਕੀ ਸ਼ੈਸ਼ਨ ਦੌਰਾਨ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਲਾਜਵਿੰਦਰ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਸੋਹਲ, ਡਾ. ਅਵਨਿੰਦਰ ਸਿੰਘ ਮਾਨ, ਕੇ.ਵੀ.ਕੇ. ਰੌਣੀ ਦੇ ਡਾ. ਜੀ.ਪੀ. ਸਿੰਘ ਸੋਢੀ, ਡਾ. ਰਵੀ ਭੂਸ਼ਨ ਡਾ. ਪਰਮਿੰਦਰ ਸਿੰਘ, ਡਾ. ਗੁਰਪ੍ਰੀਤ ਕੌਰ, ਡਾ. ਜਸਵਿੰਦਰ ਸਿੰਘ, ਡਾ. ਅਮਨਦੀਪ ਕੌਰ, ਡਾ. ਅਸ਼ੋਕ ਗਰਗ, ਡਾ. ਰਚਨਾ ਸਿੰਗਲਾ ਅਤੇ ਹੋਰ ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਇਸਦੇ ਸਹਾਇਕ ਧੰਦਿਆਂ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਸ. ਸੁਖਵਿੰਦਰ ਸਿੰਘ ਸੁੱਖੀ ਰੱਖੜਾ, ਸ. ਸਤਨਾਮ ਸਿੰਘ ਬਹਿਰੂ, ਸ. ਬੂਟਾ ਸਿੰਘ ਸ਼ਾਦੀਪੁਰ, ਬਾਬਾ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

Facebook Comment
Project by : XtremeStudioz