Close
Menu

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੇ.ਵੀ.ਥੌਮਸ ਨਾਲ ਮੁਲਾਕਾਤ

-- 30 October,2013

Mr. Kairon 3 (2)ਵੀਂ ਦਿੱਲੀ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਕੇਂਦਰੀ ਖੁਰਾਕ, ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਕੇ.ਵੀ. ਥੌਮਸ ਨੇ ਅੱਜ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮੰਤਰਾਲੇ ਵਲੋਂ ਝੋਨੇ ਦੀ ਖਰੀਦ ਬਾਰੇ ਨਿਰਧਾਰਤ ਮਾਪਦੰਡਾਂ ਵਿੱਚ ਢਿੱਲ ਦੇਣ ਦਾ ਐਲਾਨ ਹਰ ਹਾਲ ਵਿੱਚ ਆਉਂਦੇ ਵੀਰਵਾਰ ਨੂੰ ਕਰ ਦਿੱਤਾ ਜਾਵੇਗਾ।
ਸ. ਕੈਰੋਂ ਨੇ ਅੱਜ ਸ਼ਾਮ ਇੱਥੇ ਕਰਿਸ਼ੀ ਭਵਨ ਵਿਖੇ ਕੇਂਦਰੀ ਮੰਤਰੀ ਨੂੰ ਮਿਲ ਕੇ ਇਹ ਛੋਟਾਂ ਫੌਰੀ ਤੌਰ ‘ਤੇ ਐਲਾਨਣ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ।
ਸ. ਕੈਰੋਂ ਨੇ ਸ਼੍ਰੀ ਥੌਮਸ ਨੂੰ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਦੀਆਂ ਕੇਂਦਰੀ ਟੀਮਾਂ ਵਲੋਂ ਬੀਤੇ ਹਫ਼ਤੇ ਸੂਬੇ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਕਿ ਸਤੰਬਰ ਦੇ ਅਖੀਰ ਵਿੱਚ ਬੇਮੌਸਮੇ ਤੇ ਭਾਰੀ ਮੀਂਹ ਅਤੇ ਹਨੇਰੀ ਨਾਲ ਖਰਾਬ ਹੋਏ ਮੌਸਮ ਕਾਰਨ ਝੋਨੇ ਦੇ ਬਦਰੰਗ ਤੇ ਨਮੀ ਨਾਲ ਹੋਏ ਨੁਕਸਾਨ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਅਗਲੇਰੀ ਜਾਂਚ ਲਈ ਨਮੂਨੇ ਵੀ ਇਕੱਤਰ ਕੀਤੇ ਸਨ ਅਤੇ ਨਾਲ ਦੀ ਨਾਲ ਹੀ ਤੈਅ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਸਿਫਾਰਸ਼ ਵੀ ਕੀਤੀ ਸੀ। ਉਨ੍ਹਾਂ ਨੇ ਸ਼੍ਰੀ ਥੌਮਸ ਨੂੰ ਜ਼ੋਰ ਦੇ ਕੇ ਕਿਹਾ ਕਿ ਮਾਪਦੰਡਾਂ ਵਿੱਚ ਢਿੱਲ ਨੂੰ ਤੁਰੰਤ ਐਲਾਨਿਆ ਜਾਵੇ ਤਾਂ ਕਿ ਸਰਕਾਰੀ ਏਜੰਸੀਆਂ ਬਗੈਰ ਕਿਸੇ ਦਿੱਕਤ ਅਤੇ ਛੇਤੀ ਨਾਲ ਝੋਨੇ ਦੀ ਖਰੀਦ ਕਰ ਸਕਣ ਕਿਉਂਕਿ ਝੋਨੇ ਦੇ ਬਦਰੰਗ ਅਤੇ ਨਮੀ ਜਿਹੇ ਕਾਰਨਾਂ ਕਰਕੇ ਨਿਰਵਿਘਨ ਖਰੀਦ ਵਿੱਚ ਵੱਡਾ ਅੜਿੱਕਾ ਬਣਿਆ ਹੋਇਆ ਹੈ। ਸ. ਕੈਰੋਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸੰਕਟ ਦੀ ਇਸ ਘੜੀ ਵਿਚੋਂ ਪੰਜਾਬ ਦੇ ਕਿਸਾਨਾਂ ਨੂੰ ਬਾਹਰ ਕੱਢਣਾ ਭਾਰਤ ਸਰਕਾਰ ‘ਤੇ ਨਿਰਭਰ ਹੈ ਜਦਕਿ ਇਸ ਦੇ ਉਲਟ ਸਾਡੇ ਕਿਸਾਨ ਬਗੈਰ ਕਿਸੇ ਕਸੂਰ ਤੋਂ ਸਜ਼ਾ ਭੁਗਤ ਰਹੇ ਹਨ ਕਿਉਂਕਿ ਖਰਾਬ ਮੌਸਮ ਕਾਰਨ ਫ਼ਸਲ ਦਾ ਖਰਾਬ ਹੋ ਜਾਣਾ ਕਿਸੇ ਦੇ ਵੀ ਵੱਸ ਵਿੱਚ ਨਹੀਂ ਹੈ।
ਸ. ਕੈਰੋਂ ਨੇ ਮੁੜ ਦੁਹਰਾਇਆ ਕਿ ਸੂਬਾ ਭਰ ਵਿੱਚ ਚੱਲ ਰਹੀ ਖਰੀਦ ਦੌਰਾਨ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਸਾਰੇ ਕਿਸਾਨਾਂ ਨੂੰ 48 ਘੰਟਿਆਂ ਦੇ ਵਿੱਚ-ਵਿੱਚ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਉਹ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਨੂੰ ਅਲਾਟ ਹੋਏ 10 ਫ਼ੀਸਦੀ ਦੇ ਕੋਟੇ ਦੀ ਖਰੀਦ ਕਰਨ ਲਈ ਹਦਾਇਤ ਦੇਣ ਜਿਸ ਨੇ ਅਜੇ ਤੱਕ ਸਿਰਫ਼ 4 ਤੋਂ 5 ਫ਼ੀਸਦੀ ਦੀ ਹੀ ਖਰੀਦ ਕੀਤੀ ਹੈ ਅਤੇ ਇਸ ਨਾਲ ਕਿਸਾਨਾਂ ਵਿੱਚ ਨਿਰਾਸ਼ਤਾ ਹੋਰ ਵਧੀ ਹੈ। ਸ. ਕੈਰੋਂ ਨੇ ਸ਼੍ਰੀ ਥੌਮਸ ਨੂੰ ਆਖਿਆ ਕਿ ਝੋਨੇ ਦੀ ਫ਼ਸਲ ਨੂੰ ਭੰਡਾਰ ਕਰਨ ਲਈ ਢੁਕਵੀਂ ਜਗ੍ਹਾ ਪੈਦਾ ਕਰਨ ਵਾਸਤੇ ਵੱਖ ਵੱਖ ਪੱਧਰ ‘ਤੇ ਮਾਮਲਾ ਉਠਾਇਆ ਜਾਵੇ ਅਤੇ ਫ਼ਸਲ ਨੂੰ ਚੁੱਕਣ ਵਾਸਤੇ ਲੋੜੀਂਦੇ ਰੈਕਜ਼ ਦਾ ਪ੍ਰਬੰਧ ਕਰਨ ਦਾ ਮਸਲਾ ਰੇਲਵੇ ਮੰਤਰਾਲੇ ਕੋਲ ਵੀ ਚੁੱਕਿਆ ਜਾਵੇ ਕਿਉਂ ਜੋ ਇਹ ਦੋਵੇਂ ਮੁੱਦੇ ਪੰਜਾਬ ਤੋਂ ਝੋਨੇ ਦੀ ਖਰੀਦ ਨੂੰ ਤੇਜ਼ ਕਰਨ ਲਈ ਬਹੁਤ ਅਹਿਮ ਹਨ ਕਿਉਂ ਜੋ ਇਸ ਨਾਲ ਕਿਸਾਨਾਂ ਅਤੇ ਖਰੀਦ ਏਜੰਸੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਸ. ਕੈਰੋਂ ਵਲੋਂ ਉਠਾਏ ਵੱਖ ਵੱਖ ਮੁੱਦਿਆਂ ਪ੍ਰਤੀ ਹੁੰਗਾਰਾ ਭਰਦਿਆਂ ਕੇਂਦਰੀ ਮੰਤਰੀ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਦੇ ਮੰਤਰਾਲੇ ਵਲੋਂ ਅਗਲੇ 48 ਘੰਟਿਆਂ ਵਿੱਚ ਝੋਨੇ ਦੀ ਖਰੀਦ ਬਾਰੇ ਨਿਰਧਾਰਤ ਮਾਪਦੰਡਾਂ ਵਿੱਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼੍ਰੀ ਥੌਮਸ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਐਫ.ਸੀ.ਆਈ. ਨੂੰ ਵੀ ਝੋਨੇ ਦੇ ਅਲਾਟ ਹੋਏ ਕੋਟੇ ਦੀ ਖਰੀਦ ਕਰਨ ਲਈ ਹਦਾਇਤ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲੇ ਨਾਲ ਸਬੰਧਤ ਬਾਕੀ ਮੁੱਦਿਆਂ ਨੂੰ ਵੀ ਹੱਲ ਕਰਵਾਉਣਗੇ।
ਸ. ਕੈਰੋਂ ਨਾਲ ਖੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਸ਼੍ਰੀ ਡੀ.ਐਸ. ਗਰੇਵਾਲ ਵੀ ਹਾਜ਼ਰ ਸਨ। ਮੀਟਿੰਗ ਵਿੱਚ ਭਾਰਤ ਸਰਕਾਰ ਦੇ ਖੁਰਾਕ ਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਸ਼੍ਰੀ ਸੁਧੀਰ ਕੁਮਾਰ ਅਤੇ ਪਾਲਿਸੀ ਤੇ ਐਫ.ਸੀ.ਆਈ. ਦੇ ਸੰਯੁਕਤ ਸਕੱਤਰ ਸ਼੍ਰੀ ਯੂ.ਕੇ.ਐਸ. ਚੌਹਾਨ ਵੀ ਹਾਜ਼ਰ ਸਨ।

Facebook Comment
Project by : XtremeStudioz