Close
Menu

ਪੰਜਾਬ ਦੇ ਡਾਕਟਰਾਂ ਨੇ ਲਾਏ ਚੰਡੀਗਡ਼੍ਹ ਵਿੱਚ ਡੇਰੇ

-- 01 July,2015

ਬਠਿੰਡਾ, ਪੰਜਾਬ ਦੇ ਕਰੀਬ ਚਾਰ ਦਰਜਨ ਵੀਆਈਪੀ ਡਾਕਟਰ ਵਰ੍ਹਿਆਂ ਤੋਂ ਚੰਡੀਗੜ੍ਹ ਵਿੱਚ ਡੇਰੇ ਜਮਾਈ ਬੈਠੇ ਹਨ ਜਦੋਂ ਕਿ ਪੰਜਾਬ ਵਿੱਚ ਲੋਕ ਇਲਾਜ ਬਿਨਾਂ ਤੜਫ ਰਹੇ ਹਨ। ਇਕੱਲੇ ਡਾਕਟਰਾਂ ਦਾ ਨਹੀਂ ਬਲਕਿ ਫਰਮਾਸਿਸਟਾਂ ਤੇ ਨਰਸਾਂ ਦਾ ਵੀ ਰਾਜਧਾਨੀ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਹੈ। ਇਵੇਂ ਹੀ ਕਈ ਡਾਕਟਰ ਦਿੱਲੀ ਵਿੱਚ ਡੈਪੂਟੇਸ਼ਨ ’ਤੇ ਬੈਠੇ ਹਨ। ਇਨ੍ਹਾਂ ’ਚੋਂ ਬਹੁਤੇ ਡਾਕਟਰ ਉੱਚ ਅਫਸਰਾਂ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰ ਹਨ।
ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਚੰਡੀਗੜ੍ਹ ਵਿੱਚ ਪੰਜਾਬ ਤੋਂ 70 ਦੇ ਕਰੀਬ ਡਾਕਟਰ ਡੈਪੂਟੇਸ਼ਨ ਹਨ ਜਿਨ੍ਹਾਂ ’ਚੋਂ 46 ਡਾਕਟਰਾਂ ਨੂੰ ਮਿਆਦ ਨਾਲੋਂ ਵੱਧ ਸਮਾਂ ਹੋ ਗਿਆ ਹੈ। ਪੰਜਾਬ ਦੇ 19 ਅਜਿਹੇ ਵੀਆਈਪੀ ਡਾਕਟਰ ਹਨ ਜੋ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਚੰਡੀਗੜ੍ਹ ਵਿੱਚ ਡੈਪੂਟੇਸ਼ਨ ’ਤੇ ਹਨ। ਪੰਜਾਬ ਦੀ ਡਾ. ਵਿਮਲਾ ਅਗਰਵਾਲ 2 ਜੁਲਾਈ 1983 ਤੋਂ ਅਤੇ ਡਾ. ਪਰਮਜੀਤ ਸਿੰਘ 18 ਨਵੰਬਰ 1983 ਤੋਂ ਚੰਡੀਗੜ੍ਹ ਵਿੱਚ ਡੈਪੂਟੇਸ਼ਨ ਤੇ ਹਨ। ਵੇਰਵਿਆਂ ਅਨੁਸਾਰ ਸਿਰਫ 34 ਡਾਕਟਰ ਹੀ ਅਜਿਹੇ ਹਨ ਜਿਨ੍ਹਾਂ ਦਾ ਡੈਪੂਟੇਸ਼ਨ ਸਾਲ 2011 ਮਗਰੋਂ ਹੋਇਆ ਹੈ।  ਨਿਯਮਾਂ ਅਨੁਸਾਰ ਚੰਡੀਗੜ੍ਹ ਵਿੱਚ ਪੰਜਾਬ ’ਚੋਂ 60 ਅਤੇ ਹਰਿਆਣਾ ’ਚੋਂ 40 ਫੀਸਦੀ ਡਾਕਟਰ ਤੇ ਹੋਰ ਸਟਾਫ ਡੈਪੂਟੇਸ਼ਨ ’ਤੇ ਲਿਆ ਜਾਂਦਾ ਹੈ। ਇੱਕ ਡਾਕਟਰ ਵੱਧ ਤੋਂ ਵੱਧ ਪੰਜ ਸਾਲ ਡੈਪੂਟੇਸ਼ਨ ’ਤੇ ਰਹਿ ਸਕਦਾ ਹੈ। ਚੰਡੀਗੜ੍ਹ ਵਿੱਚ ਪੰਜਾਬ ਦੇ 26 ਫਰਮਾਸਿਸਟ ਹਨ। ਇਨ੍ਹਾਂ ’ਚੋਂ ਪੰਜ ਫਰਮਾਸਿਸਟ 28    ਸਾਲਾਂ ਤੋਂ ਰਾਜਧਾਨੀ ਵਿੱਚ ਬੈਠੇ ਹਨ। ਚੰਦਰ ਪ੍ਰਭਾ ਫਰਮਾਸਿਸਟ ਦਾ ਪਹਿਲੀ ਫਰਵਰੀ 1982 ਨੂੰ ਅਤੇ ਦਿਨੇਸ਼ ਸ਼ਰਮਾ ਦਾ 20 ਅਪਰੈਲ 1983 ਨੂੰ ਚੰਡੀਗੜ੍ਹ ਵਿੱਚ ਡੈਪੂਟੇਸ਼ਨ ਹੋਇਆ ਸੀ। ਇਵੇਂ ਹੀ ਚੰਡੀਗੜ੍ਹ ਵਿੱਚ 15 ਸਟਾਫ ਨਰਸਾਂ ਡੈਪੂਟੇਸ਼ਨ ’ਤੇ ਹਨ ਜਿਨ੍ਹਾਂ ਦੀ ਓਵਰ ਸਟੇਅ ਹੈ। ਛੇ ਸਟਾਫ ਨਰਸਾਂ ਦਾ ਡੈਪੂਟੇਸ਼ਨ 25 ਸਾਲਾਂ ਤੋਂ ਚੱਲ ਰਿਹਾ ਹੈ। ਸਟਾਫ ਨਰਸ ਸੁਮਨ ਦਾ 3 ਫਰਵਰੀ 1982 ਨੂੰ ਅਤੇ ਸੁਦੇਸ਼ ਮਹਿਤਾ ਦਾ 25 ਜੁਲਾਈ 1984 ਨੂੰ ਡੈਪੂਟੇਸ਼ਨ ’ਤੇ ਭੇਜਿਆ ਸੀ।
ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਦਹਾਕਿਆਂ ਤੋਂ ਬੈਠਣ ਵਾਲੇ ਡਾਕਟਰ ਸਿਆਸਤਦਾਨਾਂ ਅਤੇ ਅਫਸਰਾਂ ਦੇ ਧੀਆਂ ਪੁੱਤ ਤੇ ਰਿਸ਼ਤੇਦਾਰ ਹਨ। ਸਰਕਾਰੀ ਸੂਚਨਾ ਅਨੁਸਾਰ ਫਿਰੋਜ਼ਪੁਰ ਦੇ ਮਮਦੋਟ ਤੋਂ ਡਾ. ਸੁਨੀਤਪਾਲ ਕੌਰ ਕਰੀਬ ਅੱਠ ਵਰ੍ਹਿਆਂ ਤੋਂ ਪੰਜਾਬ ਭਵਨ ਨਵੀਂ ਦਿੱਲੀ ਵਿੱਚ ਡੈਪੂਟੇਸ਼ਨ ’ਤੇ ਹੈ। ਰੋਪੜ ਅਤੇ ਰਾਜਪੁਰਾ ਦੇ ਦੋ, ਪਟਿਆਲਾ ਦਾ ਇੱਕ ਫਰਮਾਸਿਸਟ ਵੀ ਦਿੱਲੀ ਵਿੱਚ ਹੀ ਹੈ। ਚੰਡੀਗੜ੍ਹ ਵਿੱਚ ਐਮਐਲਏ ਹੋਸਟਲ ਦੀ ਡਿਸਪੈਂਸਰੀ ਵਿੱਚ ਡਾਕਟਰਾਂ ਸਮੇਤ 7 ਮੁਲਾਜ਼ਮ ਡੈਪੂਟੇਸ਼ਨ ’ਤੇ ਹਨ। ਹੁਸ਼ਿਆਰਪੁਰ ਦੇ ਪਿੰਡ ਹਾਰਟਾ ਬਾਡਲ ਦਾ ਇੱਕ ਮੁਲਾਜ਼ਮ ਇੱਥੇ ਡੈਪੂਟੇਸ਼ਨ ’ਤੇ ਹੈ। ਐਸਐਮਓ ਦਫਤਰ ਡੇਰਾਬਸੀ ਵਿੱਚ ਕਰੀਬ 16 ਮੁਲਾਜ਼ਮ ਸਮੇਤ ਡਾਕਟਰ ਡੈਪੂਟੇਸ਼ਨ ’ਤੇ ਹਨ। ਸਿਹਤ ਮੰਤਰੀ ਪੰਜਾਬ ਦੇ ਹਲਕਾ ਫਾਜ਼ਿਲਕਾ ਦੇ ਪਿੰਡ ਡਬਵਾਲਾ ਕਲਾਂ ਦੇ ਦੋ ਡਾਕਟਰਾਂ ਸਮੇਤ ਅੱਠ ਮੁਲਾਜ਼ਮ ਅਬੋਹਰ ਤੇ ਫਾਜ਼ਿਲਕਾ ਵਿੱਚ ਡੈਪੂਟੇਸ਼ਨ ’ਤੇ ਹਨ। ਫਾਜ਼ਿਲਕਾ ਤੋਂ ਇੱਕ ਡਾਕਟਰ ਖਰੜ ਵਿੱਚ 23 ਅਗਸਤ 2014 ਤੋਂ ਡੈਪੂਟੇਸ਼ਨ ’ਤੇ ਹੈ।      ਚੰਡੀਗੜ੍ਹ (ਯੂਟੀ) ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਵਿਨੋਦ ਕੁਮਾਰ ਗਗਨੇਜਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਓਵਰ
ਸਟੇਅ ਵਾਲੇ ਡਾਕਟਰ ਵਾਪਸ ਬੁਲਾਉਣ ਵਾਸਤੇ ਯੂਟੀ ਪ੍ਰਸ਼ਾਸਨ ਨੂੰ ਨਹੀਂ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਡੈਪੂਟੇਸ਼ਨ ਦੀ ਮਿਆਦ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਡਾਕਟਰਾਂ ਦੀ ਕੋਈ ਸ਼ਿਕਾਇਤ ਨਹੀਂ : ਜਿਆਣੀ
ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਡਾਕਟਰ ਤਾਂ ਚੰਡੀਗੜ੍ਹ ਯੂਟੀ ਨੂੰ ਵੀ ਦੇਣੇ ਪੈਂਦੇ ਹਨ ਅਤੇ ਡੈਪੂਟੇਸ਼ਨ ’ਤੇ ਬੈਠੇ ਡਾਕਟਰਾਂ ਦੀ ਕੋਈ ਸ਼ਿਕਾਇਤ ਨਾ ਹੋਣ ਕਰਕੇ ਮਿਆਦ ਵਧਾਈ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਡੈਪੂਟੇਸ਼ਨ ਦੀ ਸਮਾਂ ਸੀਮਾ ਸਬੰਧੀ ਤਾਂ ਪਾਲਿਸੀ ਬਦਲਦੀ ਹੀ ਰਹਿੰਦੀ ਹੈ।

Facebook Comment
Project by : XtremeStudioz