Close
Menu

ਪੰਜਾਬ ਦੇ ਦੋਆਬਾ, ਮਾਝਾ ਤੇ ਮਾਲਵਾ ਖੇਤਰਾਂ ਵਿੱਚ ਸਥਾਪਤ ਕੀਤੇ ਜਾਣਗੇ ਆਧੁਨਿਕ ਸ਼ੂਟਿੰਗ ਤੇ ਟ੍ਰੇਨਿੰਗ ਕੇਂਦਰ – ਮਜੀਠੀਆ

-- 31 August,2015

* ਸ਼ੂਟਿੰਗ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਪੰਜਾਬ ਸਰਕਾਰ ਖਰਚ ਰਹੀ ਹੈ 6 ਕਰੋੜ

* ਪੰਜਾਬ ਦੇ ਸ਼ੂਟਿੰਗ ਖਿਡਾਰੀਆਂ ਵਿੱਚ ਮੁਲਕ ਲਈ ਓਲੰਪਿਕ ਪੱਧਰ ‘ਤੇ ਮੈਡਲ ਜਿੱਤਣ ਦੀਆਂ ਭਰਪੂਰ ਸੰਭਾਵਨਾਵਾਂ

ਜਲੰਧਰ, 31 ਅਗਸਤ- ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਸ਼ੂਟਿੰਗ ਖੇਡ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਸੂਬੇ ਦੇ ਤਿੰਨੋਂ ਦੋਆਬਾ, ਮਾਲਵਾ ਤੇ ਮਾਝਾ ਖੇਤਰਾਂ ਵਿੱਚ ਇੱਕ-ਇੱਕ ਆਧੁਨਿਕ ਸ਼ੂਟਿੰਗ ਤੇ ਟ੍ਰੇਨਿੰਗ ਕੇਂਦਰ ਸਥਾਪਤ ਕੀਤਾ ਜਾਵੇਗਾ।
ਅੱਜ ਇਥੋਂ ਦੀ ਪੀ.ਏ.ਪੀ ਸ਼ੂਟਿੰਗ ਰੇਂਜ ਵਿਖੇ ਸੰਪੰਨ ਹੋਈ 50ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 2015 ਅਤੇ 16ਵੀਂ ਪੰਜਾਬ ਅੰਤਰ ਸਕੂਲ ਚੈਂਪੀਅਨਸ਼ਿਪ-2015 ਦੇ ਜੇਤੂਆਂ ਨੂੰ ਮੈਡਲ ਤਕਸੀਮ ਕਰਨ ਲਈ ਪੁੱਜੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਸ਼ੂਟਿੰਗ ਦੀ ਖੇਡ ਪ੍ਰਤੀ ਨੌਜਵਾਨਾਂ ਵਿੱਚ ਵਧ ਰਹੀ ਰੂਚੀ ਨੂੰ ਵੇਖਦਿਆਂ ਸ਼ੂਟਿੰਗ ਦੇ ਬੁਨਿਆਦੀ ਢਾਂਚੇ  ਦੀ ਮਜਬੂਤੀ ਅਤੇ ਟ੍ਰੇਨਿੰਗ ਸੁਵਿਧਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਦੋਆਬਾ, ਮਾਲਵਾ ਤੇ ਮਾਝਾ ਖੇਤਰਾਂ ਵਿੱਚ ਇਹ ਕੇਂਦਰ ਸਥਾਪਤ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕੇਵਲ 350 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ ਪਰ ਇਸ ਵਾਰ ਖਿਡਾਰੀਆਂ ਦੀ ਸ਼ਮੂਲੀਅਤ 720 ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੂਟਿੰਗ ਦੇ ਖਿਡਾਰੀਆਂ ਵਿੱਚ ਮੁਲਕ ਲਈ ਉਲੰਪਿਕ ਅਤੇ ਵਿਸ਼ਵ ਪੱਧਰ ‘ਤੇ ਮੈਡਲ ਜਿੱਤਣ ਦੀਆਂ ਬਹੁਤ ਸੰਭਾਵਨਾਵਾਂ ਹਨ।
ਸ. ਮਜੀਠੀਆ, ਜੋ ਕਿ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸ਼ੂਟਿੰਗ ਖੇਡ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 6 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਲੁਧਿਆਣਾ, ਮੁਹਾਲੀ, ਜਲੰਧਰ ਤੇ ਹੋਰ ਜ਼ਿਲ੍ਹਿਆਂ ਵਿੱਚ ਇਸ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜਬੂਤੀ ਮਿਲੇਗੀ। ਉਨ੍ਹਾਂ ਪੀ.ਏ.ਪੀ ਸ਼ੂਟਿੰਗ ਰੇਂਜ ਲਈ ਵੀ 32 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ।  ਸ. ਮਜੀ”ਠੀਆ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੇ ਹੌਸਲੇ ਵਧਾਉਣ ਲਈ ਇਸੇ ਵਰ੍ਹੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ 15 ਕਰੋੜ ਤੋਂ ਵਧੇਰੇ ਦੇ ਨਕਦ ਇਨਾਮਾਂ ਨਾਲ ਪੰਜਾਬ ਦੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਹੈ।
ਇਸ ਚੈਂਪੀਅਨਸ਼ਿਪ ਦੇ ਏਅਰ ਪਿਸਟਲ ਜੂਨੀਅਰ ਵੁਮੈਨ ਵਰਗ ਵਿੱਚ ਦਿਸ਼ਾ ਕੁਕਨਾ ਤੇ ਪਹਿਲਾ, ਕਿਰਨਜੋਤ ਕੌਰ ਨੇ ਦੂਜਾ ਅਤੇ ਸਰਿਤਾ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਸਪੋਰਟਸ ਰਾਈਫਲ 3-ਪੀ ਜੂਨੀਅਰ ਵੁਮੈਨ ਵਰਗ ਵਿੱਚ ਨਮਰਤਾ ਅਰੋੜਾ ਨੇ ਪਹਿਲਾ, ਚਾਹਤਦੀਪ  ਕੌਰ ਨੇ ਦੂਜਾ ਦਲਰੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਪੋਰਟਸ ਰਾਈਫਲ 3-ਪੀ ਵੂਮੈਨ (ਐਨ.ਆਰ) ਵਰਗ ਵਿੱਚ ਸੰਦੀਪ ਕੌਰ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਜਾ ਅਤੇ ਬਬਨਦੀਪ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ 3-ਪੀ ਮੈਨ (ਐਨ.ਆਰ) ਵਰਗ ਵਿੱਚ ਅਮਨਦੀਪ ਸਿੰਘ ਨੇ ਪਹਿਲਾ, ਮੁਨੀਸ਼ ਗਿੱਲ ਨੇ ਦੂਜਾ ਅਤੇ ਅਭੇਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਸੈਂਟਰ ਫਾਇਰ ਮੈਨ ਵਰਗ ਵਿੱਚ ਮਨਿੰਦਰ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ ਅਤੇ ਹੁਨਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਪੋਰਟਸ ਰਾਈਫਲ 3-ਪੀ ਵੂਮੈਨ (ਆਈ.ਐਸ.ਐਸ.ਐਫ) ਵਰਗ ਵਿੱਚ ਅਵਨੀਤ ਕੌਰ ਸਿੱਧੂ ਨੇ ਪਹਿਲਾ, ਨਮਰਤਾ ਅਰੋੜਾ ਨੇ ਦੂਜਾ ਅਤੇ ਚਾਹਤਦੀਪ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਸਟੈਂਡਰਡ ਪਿਸਟਲ ਮੈਨ ਵਰਗ ਵਿੱਚ ਸੁਖਦੇਵ ਸਿੰਘ ਚੀਮਾ ਨੇ ਪਹਿਲਾ, ਜਸਵੀਰ ਸਿੰਘ ਅਤੇ ਮਨਿੰਦਰ ਸਿੰਘ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਵਿਧਾਇਕ ਸ੍ਰੀ ਪ੍ਰਗਟ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਏ.ਡੀ.ਜੀ.ਪੀ ਸ੍ਰੀ ਸੰਜੀਵ ਕਾਲੜਾ, ਸਕੱਤਰ ਜਨਰਲ ਪੰਜਾਬ ਓਲੰਪਿਕ ਐਸੋਸੀਏਸ਼ਨ ਸ੍ਰੀ ਰਾਜਾ ਕੇ. ਸਿੱਧੂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਸ੍ਰੀ ਸਰਬਜੋਤ ਸਿੰਘ ਸਾਬੀ, ਸ੍ਰੀ ਪਰਮਿੰਦਰ ਬਰਾੜ, ਸ੍ਰੀ ਦੀਪ ਸਿੱਧੂ, ਸ੍ਰੀ ਜੇ.ਐਸ.ਬਰਾੜ, ਸ੍ਰੀ ਹਰਦੀਪ ਸਿੰਘ ਸੋਢੀ, ਕੈਪਟਨ ਏ.ਪੀ.ਐਸ ਰੰਧਾਵਾ, ਪੀ.ਏ.ਪੀ ਸਕੱਤਰ ਖੇਡਾਂ ਸ੍ਰੀ ਨਵਜੋਤ ਮਾਨ, ਸ੍ਰੀ ਭੁਪਿੰਦਰ ਸਿੰਘ, ਸ੍ਰੀ ਗੁਰਿੰਦਰ ਸਿੰਘ ਗਰਚਾ, ਸ੍ਰੀ ਦਿਲਸ਼ੇਰ ਸਿੰਘ ਸੰਧੂ, ਸਾਬਕਾ ਚੇਅਰਮੈਨ ਨਗਰ ਸੁਧਾਰ ਟ੍ਰਸਟ ਸ੍ਰੀ ਬਲਜੀਤ ਸਿੰਘ ਨੀਲਾ ਮਹਿਲਾ ਤੇ ਹੋਰ ਹਾਜ਼ਰ ਸਨ।

Facebook Comment
Project by : XtremeStudioz