Close
Menu

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਇਕੋ ਛੱਤ ਹੇਠਹੋਣਗੇ – ਰਣੀਕੇ

-- 02 September,2015

ਚੰਡੀਗੜ,2 ਸਤੰਬਰ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗਾਂ ਦੀਆਂ ਸਾਰੀਆਂ ਬਰਾਂਚਾ ਦੇ ਇਕ ਹੀ ਛੱਤ ਹੇਠਾਂ ਲਿਆਉਣ ਦੀ ਪ੍ਰਕਿਰਿਆਂ ਜ਼ੋਰਾਂ ਉੱਤੇ ਹੈ। ਮੋਹਾਲੀ ਦੇ ਸੈਕਟਰ 68 ਵਿਚ ‘ਪਸ਼ੂ ਧੰਨ ਭਵਨ’ ਦੀ  ਉਸਾਰੀ  ਸਬੰਧੀ  ਅੱਜ  ਇੱਥੇ  ਇਨ੍ਹਾਂ ਵਿਭਾਗਾਂ ਦੇ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਇਕ  ਉੱਚ ਪੱਧਰੀ ਮੀਟਿੰਗ ਕੀਤੀ। ‘ਪਸ਼ੂ ਧੰਨ ਭਵਨ’ ਅਗਲੇ ਸਾਲ ਤੱਕ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਸਬੰਧੀ  ਸ੍ਰੀ  ਰਣੀਕੇ ਨੇ ਦੱਸਿਆ ਕਿ ਇਸ ਭਵਨ ਦੇ ਬਣਨ ਨਾਲ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗਾਂ ਦਾ ਕੰਮ ਹੋਰ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ ਕਿਉਂ ਕਿ  ਇਨ੍ਹਾਂ ਵਿਭਾਗਾਂ ਅਤੇ ਸਬੰਧਤ ਬੋਰਡਾਂ  ਦੇ 250 ਤੋਂ  ਜ਼ਿਆਦਾ ਅਫਸਰ/ਕਰਮਚਾਰੀ ਇਕੋ ਥਾਂ ਆ ਜਾਣਗੇ। ਹਾਲ ਦੀ ਘੜੀ ਇਹ ਅਫਸਰ/ਕਰਮਚਾਰੀ ਚੰਡੀਗੜ ਤੇ ਮੋਹਾਲੀ ਵਿੱਚ       ਵੱਖ-ਵੱਖ ਕਿਰਾਏ ਦੀਆਂ ਇਮਾਰਤਾਂ ਵਿੱਚ ਕੰਮ ਕਰ ਰਹੇ ਹਨ।  ਉਨਾਂ ਦੱਸਿਆ ਕਿ ਇਸ ਭਵਨ ਦੀ ਅਨੁਮਾਨਤ ਲਾਗਤ ਲਗਭਗ 11 ਕਰੋੜ ਰੁਪਏ ਹੈ।
ਹੋਰ ਜ਼ਿਆਦਾ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਪਸ਼ੂ ਧੰਨ ਭਵਨ’ ‘ਚ ਆਧੁਨਿਕ ਤਕਨੀਕਾਂ ਅਤੇ ਸੁਰੱਖਿਆ ਯੰਤਰਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਅੱਗ ਬੁਝਾਉ ਯੰਤਰ, ਫਾਇਰ ਅਲਾਰਮ, ਏਅਰ ਕੰਡੀਸਨਿੰਗ ਸਿਸਟਮ ਆਦਿ ਸਹੂਲਤਾਂ ਮੁਹੱਈਆ ਹੋਣਗੀਆ। ਭਵਨ ਦਾ ਕੁੱਲ ਖੇਤਰ ਇਕ ਏਕੜ ਹੈ ਅਤੇ ਬਿਲਟ-ਅਪ ਖੇਤਰ 60000 ਵਰਗ ਫੁੱਟ ਹੋਵੇਗਾ। ਇਸ ਤੋਂ ਇਲਾਵਾ ਵਪਾਰਕ ਨਜ਼ਰੀਏ ਤੋਂ ਕਈ ਹਾਲ ਤਿਆਰ ਕੀਤੇ ਜਾਣਗੇ ਜਿਨ੍ਹਾਂ ਤੋਂ ਸਰਕਾਰ ਨੂੰ ਕਿਰਾਏ ਦੀ ਆਮਦਨ ਹੋ ਸਕੇਗੀ।
ਉਨਾਂ ਕਿਹਾ ਕਿ ਭਵਨ ਦੇ ਨਿਰਮਾਣ ਨਾਲ ਸੂਬੇ ਦੇ ਸਮੂਹ ਨਾਗਰਿਕਾਂ ਦੇ ਨਾਲ ਪਸ਼ੂ ਪਾਲਕਾਂ, ਕਿਸਾਨਾਂ, ਪੰਚਾਇਤਾਂ ਅਤੇ ਇਨ੍ਹਾਂ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਕੋ ਥਾਂ ਕੰਮ ਹੋ ਜਾਇਆ ਕਰਨਗੇ ਜਿਸ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ।
ਇਸ ਮੌਕੇ ਵਧੀਕ ਮੁੱਖ ਸਕੱਤਰ (ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ) ਸ੍ਰੀ ਮਨਦੀਪ ਸਿੰਘ ਸੰਧੂ, ਚੀਫ ਆਰਕੀਟੈਕਟ ਸ੍ਰੀਮਤੀ ਸਪਨਾ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਐਚ.ਐਸ. ਸੰਧਾ, ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਅਤੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਮਦਨ ਮੋਹਨ ਹਾਜ਼ਰ ਸਨ।

Facebook Comment
Project by : XtremeStudioz