Close
Menu

ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਹੋਰ ਸੂਬੇ ਨੂੰ ਨਹੀਂ ਦੇਣ ਦਿਆਂਗੇ-ਬਾਜਵਾ

-- 15 April,2015

ਬਠਿੰਡਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਸਾਖ਼ੀ ਮੇਲੇ ਮੌਕੇ ਕਾਂਗਰਸ ਪਾਰਟੀ ਦੀ ਰਾਜਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਕੇਵਲ ਪੰਜਾਬ ਦੇ ਕਿਸਾਨਾਂ ਦਾ ਹੀ ਹੱਕ ਹੈ ਜਿਸ ਦੀ ਵਾਧੂ ਇੱਕ ਬੂੰਦ ਵੀ ਹੋਰ ਕਿਸੇ ਰਾਜ ਨੂੰ ਨਹੀਂ ਦੇਣ ਦਿੱਤੀ ਜਾਵੇਗੀ ਕਿਉਂਕਿ ਪਹਿਲਾਂ ਵੀ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰੱਖਿਆ ਕੀਤੀ ਸੀ ਅਤੇ ਇਸ ਸਬੰਧੀ ਸਾਰੇ ਕਾਨੂੰਨ ਰੱਦ ਕੀਤੇ ਸਨ, ਅਤੇ ਹੁਣ ਵੀ ਪ੍ਰਦੇਸ਼ ਕਾਂਗਰਸ ਕੇਂਦਰ ਅਤੇ ਰਾਜ ਸਰਕਾਰ ਦੀ ਅਜਿਹੀ ਕਿਸੇ ਵੀ ਚਾਲ ਨੂੰ ਸਫ਼ਲ ਨਹੀ ਹੋਣ ਦੇਵੇਗੀ। ਸ: ਬਾਜਵਾ ਨੇ ਕਿਹਾ ਕਿ ਲੋਕ ਸਵਾ ਅੱਠ ਸਾਲਾਂ ਦੇ ਅਕਾਲੀਆਂ ਦੇ ਰਾਜ਼ ਤੋਂ ਪੂਰੀ ਤਰ੍ਹਾ ਅੱਕ ਚੁੱਕੇ ਹਨ, ਅਤੇ ਪੰਜਾਬ ਦੇ ਲੋਕਾਂ ਨਾਲ ਇੰਨਾਂ ਵਾਅਦਾ ਜਰੂਰ ਕਰਦੇ ਹਨ ਕਿ ਅਕਾਲੀਆਂ ਵਲੋਂ ਕੀਤੀ ਹਰ ਵਧੀਕੀ ਦਾ ਹਿਸਾਬ ਕਿਤਾਬ ਜ਼ਰੂਰ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਜ਼ਮੀਨ ਪ੍ਰਾਪਤੀ ਬਿੱਲ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਮਦਰਦ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਬਰਾਂ ‘ਚੋ ਕਿਸੇ ਨੇ ਵੀ ਬਿੱਲ ਦੇ ਖਿਲਾਫ਼ ਵਿਰੋਧ ਵੱਜੋਂ ਦੋ ਲਫ਼ਜ਼ ਤੱਕ ਨਹੀ ਕਹੇ। ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਹੋਰ ਸੀਨੀਅਰ ਆਗੂ ਇਸ ਬਿੱਲ ਵਿਰੁੱਧ 19 ਅਪ੍ਰੈਲ ਨੂੰ ਦਿੱਲੀ ਦੇ ਰਾਮਲੀਲਾ ਗਰਾਊਡ ਵਿਖੇ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਮਾਰੂ ਸਿੰਥੈਟਿਕ ਨਸ਼ਿਆਂ ਦੀ ਵਿਕਰੀ ਕਰਨ ਅਤੇ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ਼ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾਣਗੀਆਂ ਜਿਥੇ ਰੋਜ਼ਾਨਾ ਸੁਣਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਸਰਕਾਰ ਦੇ ਨਾਮ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸ: ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕੈਪਟਨ ਦਾ ਨਾਮ ਨਾ ਲਏ ਬਿਨ੍ਹਾਂ ਕਾਂਗਰਸ ਦੀ ਸਰਕਾਰ ਦੀਆਂ ਪ੍ਰਾਪਤੀਆਂ ਵੱਜੋ ਸੰਬੋਧਨ ਕਰਦਿਆਂ ਨਾਲ ਇਹ ਵੀ ਕਿਹਾ ਕਿ ਹਮੇਸ਼ਾ ਪਾਰਟੀ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਨਹੀ। ਇਸ ਤੋਂ ਪਹਿਲਾ ਵਿਧਾਇਕ ਲਾਲ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਾਰੇ ਹੱਥੀ ਲੈਦਿਆਂ ਕਿਹਾ ਕਿ ਸਰਕਾਰ ਇਸ ਵਾਰ ਸਾਲ ‘ਚੋ 4 ਮਹੀਨੇ ਓਵਰ ਡਰਾਫ਼ਟ ਚੱਲੀ ਹੈ ਜੋ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਇਸ ਨਾਲ ਰਾਜ ਦਾ ਆਰਥਿਕ ਤੌਰ ‘ਤੇ ਬਹੁਤ ਨੁਕਸਾਨ ਹੋਇਆ ਹੈ । ਸਰਕਾਰ ਨੂੰ 9 ਹਜਾਰ 900 ਕਰੋੜ ਰੁਪਏ ਸਾਲਾਨਾ ਵਿਆਜ ਦਾ ਹੀ ਭਰਨਾ ਪੈ ਰਿਹਾ ਹੈ ਜੋ ਕਿ ਪ੍ਰਤੀ ਦਿਨ 28 ਕਰੋੜ ਦਾ ਵਿਆਜ਼ ਬਣਦਾ ਹੈ। ਇਸ ਮੌਕੇ ਉਨ੍ਹਾਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਉਦਯੋਗ ਮੰਤਰੀ ਹੋਣ ਮੌਕੇ ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਨ ਲਈ ਨੀਤੀਆਂ ਬਣਾਉਣ ਦੇ ਦੋਸ਼ ਵੀ ਲਗਾਏ ਜਿਸ ਕਾਰਨ 18,777 ਫ਼ੈਕਟਰੀਆਂ ਅਤੇ ਉਦਯੋਗ ਬੰਦ ਹੋ ਕੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਖ਼ੇ ਤਬਦੀਲ ਹੋ ਗਏ ਹਨ। ਵਿਧਾਇਕ ਬ੍ਰਹਮ ਮਹਿੰਦਰਾ ਨੇ ਪੀ. ਆਰ . ਟੀ . ਸੀ ਦੀਆਂ ਬੱਸਾਂ ਦੀ ਖਸਤਾ ਹਾਲਤ ਦਾ ਜ਼ਿਕਰ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਵਿਧਾਇਕ ਪ੍ਰਮਿੰਦਰ ਪਿੰਕੀ, ਜਸਬੀਰ ਸਿੰਘ ਡਿੰਪਾ ਵਿਧਾਇਕ, ਗੁਰਮੀਤ ਸਿੰਘ ਖੁੱਡੀਆਂ, ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖੁਸ਼ਬਾਜ਼ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ। ਰੈਲੀ ‘ਚ ਪੁੱਜਣ ਵਾਲੇ ਲੋਕਾਂ ਦਾ ਧੰਨਵਾਦ ਹਲਕਾ ਮੌੜ ਦੇ ਇੰਚਾਰਜ਼ ਭੁਪਿੰਦਰ ਸਿੰਘ ਗੋਰਾ ਨੇ ਕੀਤਾ। ਇਸ ਮੌਕੇ ਵਿਧਾਇਕ ਸ੍ਰੀ ਭਰਤ ਭੂਸ਼ਨ ਆਸ਼ੂ, ਵਿਧਾਇਕ ਸ੍ਰੀ ਸੁਰਿੰਦਰ ਡਾਬਰ , ਬੀਬੀ ਚਰਨਜੀਤ ਕੌਰ ਬਾਜ਼ਵਾ, ਸ: ਗੁਰਾਂ ਸਿੰਘ ਤੁੰਗਵਾਲੀ ਜਿਲ੍ਹਾਂ ਪ੍ਰਧਾਨ ਦਿਹਾਤੀ, ਜਿਲ੍ਹਾਂ ਪ੍ਰਧਾਨ ਦਿਹਾਤੀ ਸ੍ਰੀ ਮੋਹਨ ਲਾਲ ਝੂੰਬਾ, ਯੂਥ ਕਾਂਗਰਸੀ ਆਗੂ ਬਿਕਰਮ ਸਿੰਘ ਮੋਫ਼ਰ, ਸਾਬਕਾ ਚੇਅਰਮੈਨ ਸ: ਕੁਲਵੀਰ ਸਿੰਘ ਸਿੱਧੂ, ਜਿਲ੍ਹਾਂ ਯੂਥ ਕਾਂਗਰਸ ਬਠਿੰਡਾ ਦੇ ਪ੍ਰਧਾਨ ਸ: ਰਾਮ ਸਿੰਘ ਵਿਰਕ ਵੀ ਹਾਜ਼ਰ ਸਨ। ਇਸ ਮੌਕੇ ਜਨਾਬ ਮੁਹੰਮਦ ਸਦੀਕ ਅਤੇ ਸਖਜੀਤ ਕੌਰ ਦੀ ਜੋੜੀ ਨੇ ਆਪਣੀ ਗਾਇਕੀ ਨਾਲ ਸਮਾਂ ਬੰਨਿਆ।

Facebook Comment
Project by : XtremeStudioz