Close
Menu

ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ

-- 21 September,2015

ਚੰਡੀਗੜ੍ਹ, 21 ਸਤੰਬਰ: ਪੰਜਾਬ ਦੇ ਬਹੁਤੇ ਭਾਗਾਂ ਵਿੱਚ ਅੱਜ ਹੋੲੀ ਬਾਰਸ਼ ਨਾਲ ਮੌਸਮ ਤਾਂ ਖੁਸ਼ਗਵਾਰ ਹੋ ਗਿਆ ਪਰ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਪਟਿਆਲਾ, ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ, ਲੁਧਿਆਣਾ, ਮੁਹਾਲੀ, ਰੋਪੜ, ਫਤਹਿਗੜ੍ਹ ਸਾਹਿਬ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਬਾਰਸ਼ ਹੋਈ, ਜਦੋਂ ਕਿ ਮਾਝੇ ਦੇ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਬੂੰਦਾਬਾਂਦੀ ਹੋਈ। ਪਠਾਨਕੋਟ ਦੇ ਨੀਮ ਪਹਾੜੀ ਖੇਤਰਾਂ ਵਿੱਚ ਕਈ ਥਾਈਂ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਬਠਿੰਡਾ ਤੇ ਪਟਿਆਲਾ ਵਿੱਚ ਮੌਸਮ ਵਿਭਾਗ ਨੇ ਜ਼ਿਆਦਾ ਮੀਂਹ ਪੈਣ ਦੀ ਰਿਪੋਰਟ ਦਿੱਤੀ ਹੈ।

ਮੌਸਮ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ 23 ਸਤੰਬਰ ਦੀ ਸਵੇਰ ਤੱਕ ਪੰਜਾਬ ਦੇ ਬਹੁਤੇ ਭਾਗਾਂ ਵਿੱਚ ਬਾਰਸ਼ ਦਾ ਅਨੁਮਾਨ ਹੈ। ਇਸ ਤਰ੍ਹਾਂ 22 ਸਤੰਬਰ ਨੂੰ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗੲੀ ਹੈ। ਸਤੰਬਰ ਮਹੀਨੇ ਵਿੱਚ ਪੈ ਰਿਹਾ ਮੀਂਹ ਸਾਉਣੀ ਦੀਆਂ ਵਧੇਰੇ ਫਸਲਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜ਼ਿਆਦਾ ਮੀਂਹ ਝੋਨੇ ਦੀ ਫਸਲ ਨੂੰ ਖ਼ਰਾਬ ਕਰ ਸਕਦਾ ਹੈ। ਇਸ ਮੀਂਹ ਨੇ ਪਾਵਰਕੌਮ   ਨੂੰ ਜ਼ਰੂਰ ਰਾਹਤ ਦਿੱਤੀ ਹੈ। ਨਿਗਮ ਦੇ ਚੇਅਰਮੈਨ ਕੇ.ਡੀ. ਚੌਧਰੀ ਦਾ ਦੱਸਣਾ ਹੈ ਕਿ ਰਾਜ ਵਿੱਚ ਬਿਜਲੀ ਦੀ ਮੰਗ ਅੱਜ ਮਹਿਜ਼ 10 ਲੱਖ ਯੂਨਿਟ ਰਹਿ ਗਈ, ਜਦੋਂ ਕਿ ਕੱਲ੍ਹ ਤੱਕ 18 ਲੱਖ ਯੂਨਿਟ ਸੀ ਤੇ ਕੁੱਝ ਦਿਨ ਪਹਿਲਾਂ ਤੱਕ ਇਹ ਮੰਗ 22 ਲੱਖ ਯੂਨਿਟ ਤੱਕ ਵੀ ਪਹੁੰਚ ਗਈ ਸੀ।
ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਸਾਉਣੀ ਦੀਆਂ ਫਸਲਾਂ ਪੱਕੀਆਂ ਹੋਣ ਕਾਰਨ ਇਸ ਮੀਂਹ ਨੂੰ ਫਸਲਾਂ ਲਈ ਲਾਹੇਵੰਦ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੇ ਮੀਂਹ ਨਾਲ ਫਸਲਾਂ ਦਾ ਭਾਵੇਂ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਜੇ ਹੋਰ ਮੀਂਹ ਪੈਂਦਾ ਹੈ ਤਾਂ ਚਿੰਤਾ ਵਾਲੀ ਗੱਲ ਹੈ। ਡਾਇਰੈਕਟਰ ਖੇਤੀਬਾੜੀ ਡਾ. ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਕਪਾਹ ਪੱਟੀ ਦੇ ਕਿਸਾਨਾਂ ਨੂੰ ਚਿੱਟੇ ਮੱਛਰ ਤੋਂ ਕੁੱਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਉਨ੍ਹ੍ਹਾਂ ਕਿਹਾ ਕਿ ਕੁੱਝ ਸਬਜ਼ੀਆਂ ਨੂੰ ਛੱਡ ਕੇ ਅੱਜ ਦੀ ਬਾਰਸ਼ ਫਸਲਾਂ ਲਈ ਮਾੜੀ ਮੰਨੀ ਜਾਂਦੀ ਹੈ। ਇਸ ਮੀਂਹ ਨੇ ਖੇਤੀ ਮਾਹਿਰਾਂ, ਖੇਤੀ ਵਿਭਾਗ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਵਧੇਰੇ ਮੀਂਹ ਕਾਰਨ ਝੋਨੇ ਦੀ ਫਸਲ ਵੀ ਖ਼ਰਾਬ ਹੋ ਸਕਦੀ ਹੈ ਤੇ ਜਿੱਥੇ ਨਰਮੇ ਦੇ ਟੀਂਡੇ ਖਿੜੇ ਹੋਏ ਹਨ, ਉਥੇ ਵੀ ਫ਼ਸਲ ਨੂੰ ਨੁਕਸਾਨ ਹੋਵੇਗਾ। ਕੲੀ ਥਾਈਂ ਕਿਸਾਨਾਂ ਨੇ ਆਲੂਆਂ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਸੀ। ਜ਼ਿਆਦਾ ਮੀਂਹ ਪੈਣ ਨਾਲ ਝੋਨੇ ਦੀ ਕਟਾਈ ’ਤੇ ਵੀ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਦੇਖਦਿਆਂ ਆਉਣ ਵਾਲੇ ਦਿਨ ਕਿਸਾਨਾਂ ਲਈ ਚਿੰਤਾ ਵਾਲੇ ਹਨ।

Facebook Comment
Project by : XtremeStudioz