Close
Menu

ਪੰਜਾਬ ਦੇ ‘ਭ੍ਰਿਸ਼ਟ ਪ੍ਰਬੰਧ’ ਨੂੰ ਬਦਲਣ ਲਈ ‘ਆਪ’ ਨੂੰ ਅੱਗੇ ਲਿਆਉਣਾ ਜ਼ਰੂਰੀ: ਭਗਵੰਤ ਮਾਨ

-- 08 June,2015

ਬਰਨਾਲਾ, 8 ਜੂਨ
‘ਆਮ ਆਦਮੀ ਪਾਰਟੀ’ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਵਿੱਢੀ ਗਈ ਮੁਹਿੰਮ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੇਵਜ੍ਹਾ ਅੜਚਨਾਂ ਖੜ੍ਹੀਆਂ ਕਰ ਕੇ ਇਸ ਲੋਕ ਪੱਖੀ ਮੁਹਿੰਮ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂੁਦ ਦਿੱਲੀ ਤੋਂ ਸ਼ੁਰੂ ਹੋਈ ਇਹ ਮੁਹਿੰਮ ਪੂਰੇ ਭਾਰਤ ਵਿੱਚ ਰਾਜਨੀਤੀ ਤੇ ਸਮਾਜ ਦੇ ਮੌਜੂਦਾ ਭ੍ਰਿਸ਼ਟ ਤੇ ਗੰਧਲੇ ਸਿਸਟਮ ਨੂੰ ਬਦਲਣ ਲਈ ਅਹਿਮ ਭੁੂਮਿਕਾ ਨਿਭਾਏਗੀ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੇ ਨੌਜਵਾਨਾਂ ਦੇ ਦੇਸ਼ ਦਾ ਭਵਿੱਖ ਸੁਰੱਖਿਅਤ ਬਣ ਸਕੇ।’
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਠੀਕਰੀਵਾਲਾ ਵਿੱਚ ‘ਸਾਡਾ ਖੁਆਬ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਕੈਂਸਰ ਰੋਕੋ ਬੱਸ ਰਾਹੀਂ ਲੋਕਾਂ ਦੀ ਭਲਾਈ ਲਈ ਲਾਏ ਗਏ ਕੈਂਪ ਵਿੱਚ ਸ਼ਮੂਲੀਅਤ ਪਿੱਛੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਮਾਨ ਨੇ ਕਿਹਾ ਕਿ ਸੂਬੇ ਦੀ ਸੱਤਾ ’ਤੇ ਕਾਬਜ਼ ਬਾਦਲ ਪਰਿਵਾਰ ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀਆਂ ਬੀਮਾਰੀਆਂ ਦੀ ਰੋਕਥਾਮ ਲਈ ਕੇਂਦਰ ਤੋਂ ਕੋਈ ਸੁਪਰ ਸਪੈਸ਼ਲਿਸਟ ਹਸਪਤਾਲ ਮਨਜ਼ੂਰ ਕਰਵਾਉਣ ਦੀ ਥਾਂ ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਤੋਂ ਲੁੱਟ-ਖਸੁੱਟ ਕਰਵਾਉਣ ’ਤੇ ਤੁਲਿਆ ਹੋਇਆ ਹੈ। ਇਸ ਸਦਕਾ ਲੋਕਾਂ ਨੂੰ ਕੈਂਸਰ ਅਤੇ ਹੋਰ ਬੀਮਾਰੀਆਂ ਦੇ ਇਲਾਜ ਲਈ ਦੂਜੇ ਰਾਜਾਂ ਵਿੱਚ ਜਾ ਕੇ ਮਹਿੰਗੇ ਭਾਅ ਆਪਣੀ ਲੁੱਟ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਅਗਾਮੀ 2017 ਦੀਆਂ ਸੂਬੇ ਦੀਆਂ ਚੋਣਾਂ ਦੌਰਾਨ ਲੋਕਾਂ ਨੂੰ ਆਪ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੀਤਕਾਰ ਬਚਨ ਬੇਦਿਲ, ਪੀਏ ਅਵਜਿੰਦਰ ਸੰਘਾ, ਬਲਵੀਰ ਸਿੰਘ ਕਾਹਨਕੇ, ਮਾ. ਪ੍ਰੇਮ ਕੁਮਾਰ, ਹਰਪਾਲ ਸਿੰਘ ਢਿੱਲੋਂ, ਜੰਗੀਰ ਸਿੰਘ ਦਿਲਬਰ, ਯਾਦਵਿੰਦਰ ਸਿੰਘ ਭੁੱਚੋ ਮੰਡੀ, ਨਛੱਤਰ ਸਿੰਘ ਕਲਕੱਤਾ, ਡਾ. ਅਮਨਦੀਪ ਕੌਰ, ਡਾ. ਕਰਮਜੀਤ ਕੌਰ ਅਤੇ ਲੈਬ ਟੈਕਨੀਸ਼ੀਅਨ ਮਨੋਜ ਕਨਵਾ ਹਾਜ਼ਰ ਸਨ।

Facebook Comment
Project by : XtremeStudioz