Close
Menu

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਨੂੜ ਉਦਯੋਗਿਕ ਹੱਬ ਮਾਸਟਰ ਪਲਾਨ ਨੂੰ ਸਿਧਾਂਤਕ ਪ੍ਰਵਾਨਗੀ

-- 05 March,2019
ਮਾਸਟਰ ਪਲਾਨ ਲਈ ਸੰਗਠਿਤ ਜ਼ੋਨਿੰਗ ਨਿਯਮ ਅਤੇ ਵਿਕਾਸ ਬੰਧੇਜ ਸੋਧਣ ਨੂੰ ਵੀ ਹਰੀ ਝੰਡੀ 
ਚੰਡੀਗੜ, 05 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਨੂੜ ਨੂੰ ਉਦਯੋਗਿਕ ਧੁਰੇ ਵਜੋਂ ਵਿਕਸਤ ਕਰਨ ਲਈ ਮਾਸਟਰ ਪਲਾਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਪ੍ਰਾਜੈਕਟ ਸਮੇਂ ਸੀਮਾ ਵਿੱਚ ਮੁਕੰਮਲ ਕਰਵਾਉਣ ਲਈ ਕੌਂਟਰੀ ਐਡ ਟਾੳੂਨ ਪਲੈਨਿੰਗ ਵਿਭਾਗ ਨੂੰ ਤੁਰੰਤ ਜ਼ਰੂਰੀ ਸੋਧਾਂ ਕਰਨ ਲਈ ਨਿਰਦੇਸ਼ ਦਿੱਤੇ ਹਨ। 
ਅੱਜ ਏਥੇ ਪੰਜਾਬ ਰੀਜਨਲ ਐਂਡ ਟਾੳੂਨ ਪਲੈਨਿੰਗ ਅਤੇ ਡਿਵੈਲਪਮੈਂਟ ਬੋਰਡ ਦੀ 37ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬਣੇ ਨਿਵੇਸ਼ ਪੱਖੀ ਮਾਹੌਲ ਦੀ ਰੋਸ਼ਨੀ ਵਿੱਚ ਖਿੱਤੇ ਦੇ ਸਨਅਤੀ ਵਿਕਾਸ ਨੂੰ ਬੜਾਵਾ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। 
ਮੁੱਖ ਮੰਤਰੀ ਨੇ ਕਨਫੈਡਰੇਸ਼ਨ ਆਫ ਰੀਅਲ ਇਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਆਰ.ਈ.ਡੀ.ਏ.ਆਈ) ਪੰਜਾਬ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਵਿਕਾਸ ਨਿਯੰਤਰਣ ਨਿਯਮ ਸੋਧਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਨੇ ਵੱਖ-ਵੱਖ ਮਾਸਟਰ ਪਲਾਨਾ ਵਿੱਚ ਸੈਕਟਰ/ਅੰਤਰ ਸੈਕਟਰ ਸੜਕਾਂ ਦੇ ਸੰਪਰਕ ਲਈ ਜੋਨਲ ਸੜਕਾਂ ਦੀ ਕਤਾਰਬੰਦੀ ਅਤੇ ਈ.ਡਬਲਯੂ.ਐਸ ਸਥਾਨਾਂ ਦੇ ਵਿਕਰੀ ਖੇਤਰਾਂ ਦੇ ਤਖਮੀਨੇ ਸਬੰਧੀ ਮੰਗ ਉਠਾਈ ਸੀ। 
ਇਕ ਹੋਰ ਮਹੱਤਵਪੂਰਨ ਕਦਮ ਚੁਕਦੇ ਹੋਏ ਮੁੱਖ ਮੰਤਰੀ ਨੇ ਮਾਸਟਰ ਪਲਾਨਜ਼ ਲਈ ਸੰਗਠਿਤ ਜੋਨਿੰਗ ਨਿਯਮ ਅਤੇ ਵਿਕਾਸ ਬੰਧੇਜ ਸੋਧਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸੂਬੇ ਵਿੱਚ ਯੋਜਨਾਬਧ ਅਤੇ ਇਕਸਾਰ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਨੋਟੀਫਾਈ ਪਲਾਨ ਦੇ ਖੇਤੀਬਾੜੀ ਜੋਨਾਂ ਵਿੱਚ ਸਾਰੀਆਂ ਵਸਤਾਂ ਦੇ ਮਾਲ ਗੋਦਾਮਾਂ ਦੀ ਆਗਿਆ ਦਿੱਤੀ ਜਾਵੇ ਜਿਸ ਦੇ ਵਾਸਤੇ ਮਾਸਟਰ ਪਲਾਨ ਦੇ ਅੰਤਿਮ ਨੋਟੀਫਿਕੇਸ਼ਨ ਤੋਂ ਪਹਿਲਾਂ ਆਮ ਲੋਕਾਂ ਤੋਂ ਇਤਰਾਜ ਮੰਗੇ ਜਾਣ। 
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੂਡਾ), ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ), ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ), ਅੰਮਿ੍ਰਤਸਰ ਡਿਵੈਲਪਮੈਂਟ ਅਥਾਰਟੀ (ਏ.ਡੀ.ਏ), ਜਲੰਧਰ ਡਿਵੈਲਪਮੈਂਟ ਅਥਾਰਟੀ (ਜੇ.ਡੀ.ਏ) ਅਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ (ਬੀ.ਡੀ.ਏ) ਵਰਗੀਆਂ ਵੱਖ ਵੱਖ ਵਿਕਾਸ ਅਥਾਰਟੀਆਂ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਈ-ਬੋਲੀ ਦੇ ਰਾਹੀਂ ਪੈਟਰੋਲ ਪੰਪਾਂ ਲਈ ਜ਼ਮੀਨ ਅਲਾਟ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ। 
ਕੈਪਟਨ ਅਮਰਿੰਦਰ ਸਿੰਘ ਨੇ ਹੋਟਲ ਸਥਾਨਾਂ ਦੀ ਰਾਖਵੀ ਕੀਮਤ ਨਿਰਧਾਰਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਨੇ 2000 ਵਰਗ ਗਜ ਤੋਂ ਵਧ ਵਾਲੀਆਂ ਥਾਵਾਂ ਦੀਆਂ ਕੀਮਤ ’ਚ ਤਰਕਮਈ ਸੋਧ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਹੋਟਲਾਂ ਲਈ ਵੱਡੀਆਂ ਥਾਵਾਂ ਦੀ ਰਾਖਵੀਂ ਕੀਮਤ ਵੱਖ-ਵੱਖ ਸ਼ਹਿਰੀ ਅਥਾਰਟੀਆਂ ਵਿੱਚ ਮੌਜੂਦਾ ਰਿਹਾਇਸ਼ੀ ਦਰਾਂ ਦਾ 100 ਫੀਸਦੀ ਨਿਰਧਾਰਤ ਕੀਤੀ ਗਈ ਹੈ। 
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਨਵੀਂ ਬਣਾਈ ਗਈ ਡੇਰਾ ਬਾਬਾ ਨਾਨਕ ਵਿਸ਼ੇਸ਼ ਵਿਕਾਸ ਅਥਾਰਟੀ ਵਿੱਚ ਅਸਾਮੀਆਂ ਪੈਦਾ ਕਰਨ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਦੇ ਹਿੱਸੇ ਵਜੋਂ ਇਸ ਖਿੱਤੇ ਦੇ ਬੁਨਿਆਦੀ ਢਾਂਚੇ ਨੂੰ ਉੱਚਿਆਉਣ ਦੇ ਨਾਲ-ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾ ਸਕੇ।
 
Facebook Comment
Project by : XtremeStudioz