Close
Menu

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਣਕ ਦੇ ਘਟੋ-ਘੱਟ ਸਮਰੱਥਨ ਮੁੱਲ ’ਤੇ ਕੀਮਤ ਕਟੌਤੀ ਨਾ ਕਰਨ ਦੀ ਕੇਂਦਰ ਤੋਂ ਮੰਗ

-- 02 May,2019

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ’ਚ ਕਿਸਾਨਾਂ ਨੂੰ ਦੋਹਰੀ ਮਾਰ ਪੈਣ ਦਾ ਜ਼ਿਕਰ ਕੀਤਾ
ਚੰਡੀਗੜ, 2 ਮਈ
ਬੇ-ਮੌਸਮੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਨਾਲ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਕਿਸਾਨਾਂ ਨੂੰ ਦੋਹਰੀ ਮਾਰ ਪੈਣ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਖਰੀਦ ਮਾਪਦੰਡਾਂ ’ਚ ਢਿਲ ਦੇ ਆਧਾਰ ’ਤੇ ਕਣਕ ਦੀ ਖਰੀਦ ਦੇ ਘੱਟੋ-ਘੱਟ ਸਮਰੱਥਨ ਮੁੱਲ ’ਤੇ ਕੀਮਤ ਕਟੌਤੀ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਨੂੰ ਤੁਰੰਤ ਮੁੜ ਵਿਚਾਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਾਲ 2019-20 ਦੇ ਹਾੜੀ ਦੇ ਮੰਡੀ ਸੀਜ਼ਨ ਦੌਰਾਨ ਦਿੱਤੀ ਗਈ ਢਿਲ ’ਤੇ ਕਿਸੇ ਵੀ ਤਰਾਂ ਦੀ ਕੀਮਤ ਕਟੌਤੀ ਨਾ ਲਾਈ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਕਿਹਾ ਹੈ ਕਿ ਉਹ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੂੰ ਹਦਾਇਤ ਜਾਰੀ ਕਰਨ ਕਿ ਉਹ ਕੀਮਤ ਕਟੌਤੀ ਸਬੰਧੀ ਆਪਣੇ ਫੈਸਲੇ ਦਾ ਤੁਰੰਤ ਜਾਇਜ਼ਾ ਲਵੇ। ਉਨਾਂ ਕਿਹਾ ਕਿ ਇਹ ਕਿਸਾਨਾਂ ਦੇ ਲਈ ਸਿੱਧੀ ਮਾਰ ਹੈ ਜੋ ਕਿ ਪਹਿਲਾਂ ਹੀ ਬਹੁਤ ਜਿਆਦਾ ਵਿੱਤੀ ਸੰਕਟ ਹੇਠਾਂ ਰੀਂਘ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਢਿਲ ਦੇਣ ਸਬੰਧੀ ਸੂਬੇ ਦੀ ਬੇਨਤੀ ਸਵੀਕਾਰ ਕਰਨ (ਪੱਤਰ ਨੰਬਰ 7-5/2019- ਐਸ ਐਂਡ ਆਈ, ਮਿਤੀ 26 ਅਪ੍ਰੈਲ, 2019) ਦੇ ਨਾਲ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਵਿੱਚ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਨੇ ਕਿਸਾਨਾਂ ’ਤੇ ਕੀਮਤ ਦੀ ਕਟੌਤੀ ਵੀ ਥੋਪ ਦਿੱਤੀ ਹੈ।
ਮੁੱਖ ਮਤੰਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ’ਤੇ ਦੋਹਰੀ ਮਾਰ ਪਈ ਹੈ। ਪਹਿਲਾਂ ਉਨਾਂ ਨੂੰ ਬੇ-ਮੌਸਮੀ ਮੀਂਹ ਕਾਰਨ ਨੁਕਸਾਨ ਉਠਾਉਣਾ ਪਿਆ ਜਿਸ ਦੇ ਨਾਲ ਕਣਕ ਦੀ ਵਢਾਈ ਵਿੱਚ ਮੁਸ਼ਕਲਾਂ ਪੇਸ਼ ਆਈਆਂ ਅਤੇ ਦੂਸਰਾ ਹੁਣ ਉਨਾਂ ਨੂੰ ਘਟੋ-ਘੱਟ ਸਮਰੱਥਨ ਮੁੱਲ ’ਤੇ ਕੀਮਤ ਦੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਉਨਾਂ ਦੀ ਆਮਦਨ ਨੂੰ ਭਾਰੀ ਢਾਹ ਲੱਗੀ ਹੈ ਜਦਕਿ ਇਸ ਸਾਰੇ ਮਾਮਲੇ ਵਿੱਚ ਉਨਾਂ ਦਾ ਕੋਈ ਵੀ ਕਸੂਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੀਮਤ ਕਟੌਤੀ ਨੂੰ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ 22 ਅਪ੍ਰੈਲ, 2019 ਨੂੰ ਪ੍ਰਧਾਨ ਮੰਤਰੀ ਨੂੰ ਇਕ ਅਰਧ ਸਰਕਾਰੀ ਪੱਤਰ ਲਿਖਿਆ ਸੀ ਅਤੇ ਸੂਬੇ ਵਿੱਚ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਢਿਲ ਦੇਣ ਦੀ ਮੰਗ ਕੀਤੀ ਸੀ। ਉਨਾਂ ਨੇ ਕੀਮਤ ਕਟੌਤੀ ਤੋਂ ਬਿਨਾ ਇਹ ਢਿਲ ਦੇਣ ਲਈ ਆਖਿਆ ਸੀ।

Facebook Comment
Project by : XtremeStudioz