Close
Menu

ਪੰਜਾਬ ਨੂੰ ਬਾਦਲ ਕਾਰਨ ਨਾ ਮਿਲੀ ਕਰਜ਼ੇ ਤੋਂ ਰਾਹਤ: ਕੈਪਟਨ

-- 01 March,2015

ਪਟਿਆਲਾ, ਕਰਜ਼ੇ ਦੀ ਮਾਰ ਹੇਠ ਆਏ ਪੰਜਾਬ ਨੂੰ ਵਿੱਤ ਕਮਿਸ਼ਨ ਵੱਲੋਂ ਕਰਜ਼ੇ ’ਚ ਕੋੲੀ ਰਾਹਤ ਨਾ ਦੇਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ। ਇਸ ਗੱਲ ਦਾ ਪ੍ਰਗਟਾਵਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀਆਂ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਫਿਰ ਇਹ ਸਚਾਈ ਨਾਲੋਂ ਖਿਆਤੀ ’ਤੇ ਜ਼ਿਆਦਾ ਨਿਰਭਰ ਰਹਿੰਦਿਆਂ ਆਪਣੇ ਮਾਮਲੇ ਨੂੰ ਸਹੀ ਢੰਗ ਨਾਲ ਪੇਸ਼ ਕਰਨ ’ਚ ਨਾਕਾਮਯਾਬ ਰਹੇ ਹਨ, ਜਿਸ ਦਾ ਨਤੀਜਾ ਕਰਜ਼ੇ ’ਚ ਕੋਈ ਵੀ ਰਾਹਤ ਨਾ ਮਿਲਣ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਫੈਸਲੇ ਕਿਸੇ ਤਰਜੀਹ ਜਾਂ ਪੱਖਪਾਤ ਨਾਲ ਨਹੀਂ ਲਏ ਜਾਂਦੇ, ਜਿਵੇਂ ਸ੍ਰੀ ਬਾਦਲ ਆਰਥਿਕ ਅਤੇ ਵਿੱਤੀ ਆਧਾਰ ’ਤੇ ਦੱਸਣ ਦੀ ਕੋਸ਼ਿਸ਼ ਕਰ   ਰਹੇ ਹਨ।
ਅੱਜ ਇਥੇ ਜਾਰੀ ਇੱਕ ਬਿਆਨ ’ਚ ਕੈਪਟਨ ਅਮਰਿੰਦਰ ਨੇ ਆਖਿਆ ਕਿ ਬਾਦਲ ਨੇ ਹਮੇਸ਼ਾ ਤੋਂ ਹਰੇਕ ਚੀਜ਼ ’ਤੇ ਸਿਆਸਤ ਕੀਤੀ ਹੈ। ਇਸੇ ਕੜੀ ਵਜੋਂ ਉਹ ਯੂ.ਪੀ.ਏ ਸਰਕਾਰ ’ਤੇ ਵੀ ਪੰਜਾਬ ਖ਼ਿਲਾਫ਼ ਪੱਖਪਾਤ ਕਰਨ ਦਾ ਦੋਸ਼ ਮੜ੍ਹਦੇ ਰਹੇ ਪਰ ਹੁਣ ਉਨ੍ਹਾਂ ਦਾ ਦੱਸਣਾ ਬਣਦਾ ਹੈ ਕਿ ਕੇਂਦਰ ’ਚ ਦੋਸਤਾਨਾ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਲਈ ਉਹ ਕੋਈ ਕਰਜ਼ਾ ਰਾਹਤ ਹਾਸਲ ਕਰਨ ’ਚ ਕਿਉਂ ਕਾਮਯਾਬ ਨਹੀਂ ਹੋ ਸਕੇ?
ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਚੰਗਾ ਹੁੰਦਾ ਜੇਕਰ ਸ੍ਰੀ ਬਾਦਲ ਕੇਂਦਰੀ ਵਿੱਤ ਮੰਤਰੀ ਦਾ ਗੁਣਗਾਣ ਕਰਨ ਦੀ ਬਜਾਏ ਆਪਣਾ ਕੇਸ ਕੇਂਦਰ ਕੋਲ ਸਹੀ ਤਰੀਕੇ ਨਾਲ ਰੱਖਦੇ। ਜੇਕਰ ਕੇਰਲਾ ਤੇ ਪੱਛਮ ਬੰਗਾਲ ਵਰਗੇ ਭਾਜਪਾ ਵਿਰੋਧੀਆਂ ਦੀਆਂ ਸਰਕਾਰਾਂ ਵਾਲੇ ਪ੍ਰਦੇਸ਼ਾਂ ਨੂੰ ਕੇਂਦਰ ਤੋਂ ਕਰਜ਼ੇ ’ਚ ਰਾਹਤ ਮਿਲ ਸਕਦੀ ਹੈ, ਤਾਂ ਫਿਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਜਿਹੀ ਰਾਹਤ ਕਿਉਂ ਨਾ ਹਾਸਲ ਕਰ ਸਕੀ। ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਪੰਜਾਬ, ਕੇਰਲਾ ਤੇ ਪੱਛਮ ਬੰਗਾਲ ਦੀ ਕਰਜ਼ੇ ਹੇਠ ਦਬੇ ਰਾਜਾਂ ਵਜੋਂ ਪਛਾਣ ਕੀਤੀ ਸੀ, ਜਿਨ੍ਹਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਸਕਦੀ ਸੀ ਪਰ ਇਨ੍ਹਾਂ ਤਿੰਨਾਂ ਵਿਚੋਂ ਸਿਰਫ਼ ਪੰਜਾਬ ਹੀ ਅਜਿਹੀ ਰਾਹਤ ਤੋਂ ਵਾਂਝਾ ਰਿਹਾ ਹੈ। ਕੈਪਟਨ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ਇਸ ਕਰਜ਼ੇ ਤੋਂ ਮੁਕਤੀ ਪਾਉਣ ਲਈ ਸਿਰਫ਼ ਕੇਂਦਰ ਤੋਂ ਆਸ ਸੀ ਪਰ ਵਿੱਤ ਕਮਿਸ਼ਨ ਦੀ ਮਨਾਹੀ ਨੇ ਉਸ ਨੂੰ ਜ਼ੋਰ ਦਾ ਝਟਕਾ ਦਿੱਤਾ ਹੈ।

Facebook Comment
Project by : XtremeStudioz