Close
Menu

ਪੰਜਾਬ ਪੁਲਿਸ ਦੇ ਪ੍ਰਵਾਸੀ ਭਾਰਤੀ ਵਿੰਗ ਵਲੋਂ 85 ਫੀਸਦੀ ਤੋਂ ਵੱਧ ਕੇਸਾਂ ਦਾ ਨਿਰਧਾਰਿਤ ਸਮੇਂ ਵਿਚ ਨਿਪਟਾਰਾ

-- 09 December,2014

* ਕੁੱਲ 7992 ਮਿਲੀਆਂ ਸ਼ਿਕਾਇਤਾਂ ਵਿਚੋਂ ਸਭ ਤੋਂ ਵੱਧ 1123 ਕੈਨੇਡਾ ਵਿਚੋਂ
* 235 ਕੇਸ ਦਰਜ- 94 ਵਿਰੁੱਧ ਲੁੱਕ ਆਊਟ ਨੋਟਿਸ ਜਾਰੀ
* ਸਮਾਜ ਵਿਗਿਆਨ ਤੇ ਮਨੋਵਿਗਿਆਨਕ ਮਾਹਿਰਾਂ ਦੀਆਂ ਲਈਆਂ ਜਾਣਗੀਆਂ ਸੇਵਾਵਾਂ

ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪਹਿਲਕਦਮੀ ‘ਤੇ ਸਥਾਪਿਤ ਕੀਤੇ ਗਏ ਪੁਲਿਸ ਦੇ ਪ੍ਰਵਾਸੀ ਭਾਰਤੀ ਵਿੰਗ ਨੇ ਪਿਛਲੇ ਵਰ੍ਹੇ ਦੀ ਨਿਸਬਤ ਦੁੱਗਣੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਦੇ ਬਾਵਜੂਦ 85.61 ਫੀਸਦੀ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਦਿਆਂ ਇਕ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ।
ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ‘ਤੇ ਭਗੌੜੇ ਕਰਾਰ ਦਿੱਤੇ ਗਏ 75 ਵਿਅਕਤੀਆਂ ਦੀ ਗ੍ਰਿਫਤਾਰੀ ਅਤੇ ਵਿਦੇਸ਼ਾਂ ਵਿਚ ਰਹਿ ਰਹੇ 94 ਵਿਅਕਤੀਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਹੋਣਾ ਪ੍ਰਵਾਸੀ ਭਾਰਤੀਆਂ ਵਿਰੁੱਧ ਕਿਸੇ ਤਰ੍ਹਾਂ ਦੇ ਜੁਰਮ ਨੂੰ ਰੋਕਣ ਲਈ ਭਵਿੱਖ ਵਿਚ ਇਕ ਵੱਡੀ ਰੋਕ ਦਾ ਸਬੱਬ ਬਣੇਗਾ।
ਪ੍ਰਵਾਸੀ ਭਾਰਤੀ ਵਿੰਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਵੇਰਵੇ ਦਿੰਦਿਆਂ ਸ਼੍ਰੀਮਤੀ ਗੁਰਪ੍ਰੀਤ ਦਿਓ ਆਈ.ਜੀ.ਪੀ. ਨੇ ਦੱਸਿਆ ਕਿ  ਹੁਣ ਤੱਕ 7992 ਸ਼ਿਕਾਇਤਾਂ ਪ੍ਰਾਪਤ ਹੋਈਆਂ ਜੋ ਪਿਛਲੇ ਵਰ੍ਹੇ ਦੇ 3852 ਸ਼ਿਕਾਇਤਾਂ ਦੇ ਅੰਕੜੇ ਤੋਂ 109 ਫੀਸਦੀ ਜਿਆਦਾ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਵਿਚ ਵੱਡਾ ਵਾਧਾ ਪ੍ਰਵਾਸੀ ਭਾਰਤੀ ਵਿੰਗ ਵਲੋਂ ਲੋਕਾਂ ਨੂੰ ਵੈਬਸਾਇਟ , ਈ-ਮੇਲ  ਜਾਂ ਨਿੱਜੀ ਤੌਰ ‘ਤੇ ਸ਼ਿਕਾਇਤ ਦਰਜ ਕਰਵਾਉਣ ਲਈ ਵਿੱਢੀ ਗਈ ਮੁਹਿੰਮ ਸਦਕਾ ਮਿਲੀ ਹੌਸਲਾ ਅਫਜਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸ਼ਿਕਾਇਤਾਂ ਕੈਨੇਡਾ (1123) ਤੋਂ ਮਿਲੀਆਂ ਹਨ ਜਦੋਂ ਕਿ ਇੰਗਲੈਂਡ ਤੋਂ 763, ਅਮਰੀਕਾ ਤੋਂ 744, ਆਸਟ੍ਰੇਲੀਆ ਤੋਂ 282, ਇਟਲੀ ਤੋਂ 219 ਸ਼ਿਕਾਇਤਾਂ ਮਿਲੀਆਂ ਹਨ। ਕੁੱਲ ਸ਼ਿਕਾਇਤਾਂ ਵਿਚੋਂ 2245 ਈ-ਮੇਲ ਦੇ ਰਾਹੀਂ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ 6842 ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂÎ ਵੱਖ-ਵੱਖ ਕਾਨੂੰਨਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 235 ਮੁਕੱਦਮੇ ਦਰਜ ਕੀਤੇ ਗਏ ਹਨ। 94 ਦੋਸ਼ੀਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤੇ ੇਗਏ ਹਨ ਤਾਂ ਜੋ ਉਨ੍ਹਾਂ ਦੀ ਕਿਸੇ ਵੀ ਭਾਰਤੀ ਹਵਾਈ ਅੱਡੇ ‘ਤੇ ਆਮਦ ਉਪਰੰਤ ਤੁਰੰਤ ਗ੍ਰਿਫਤਾਰੀ ਹੋ ਸਕੇ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ‘ਤੇ ਭਗੌੜੇ ਕਰਾਰ ਦਿੱਤੇ ਗਏ 75 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 101 ਹੋਰਨਾਂ ਨੂੰ ਅਦਾਲਤੀ ਪ੍ਰਕ੍ਰਿਆ ਉਪਰੰਤ ਭਗੌੜੇ ਕਰਾਰ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਭਗੌੜਿਆਂ ਦੀਆਂ ਤਸਵੀਰਾਂ ਪ੍ਰਵਾਸੀ ਭਾਰਤੀ ਵਿੰਗ ‘ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ।
ਸ਼ਿਕਾਇਤਾਂ ਬਾਰੇ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ 2455 ਸ਼ਿਕਾਇਤਾਂ ਜਾਇਦਾਦ ਦੇ ਝਗੜਿਆਂ ਨਾਲ ਸਬੰਧਿਤ ਸਨ ਜਿਨ੍ਹਾਂ ਦੀ ਜਾਂਚ ਉਪਰੰਤ 64 ਮਾਮਲੇ ਦਰਜ ਕੀਤੇ ਗਏ ਹਨ ਤੇ 422 ਮਾਮਲਿਆਂ ਵਿਚ ਸਬੰਧਿਤ ਧਿਰਾਂ ਦੌਰਾਨ ਰਾਜ਼ੀਨਾਮਾ ਹੋ ਗਿਆ ਹੈ ਜਿਸਦੇ ਨਤੀਜੇ ਵਜੋਂ ਪ੍ਰਭਾਵਿਤ ਧਿਰਾਂ ਨੂੰ 100 ਕਰੋੜ ਰੁਪੈ ਦੇ ਕਰੀਬ ਦਾ ਵਿੱਤੀ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿੰਗ ਨੂੰ ਵਿਆਹ ਨਾਲ ਸਬੰਧਿਤ 664 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿਚੋਂ 73 ਮੁਕੱਦਮੇ ਦਰਜ ਕੀਤੇ ਗਏ ਹਨ । ਇਨ੍ਹਾਂ ਵਿਚੋਂ 41 ਮਾਮਲਿਆਂ ਵਿਚ ਪ੍ਰਵਾਸੀ ਭਾਰਤੀ ਲਾੜਿਆਂ ਨੇ ਆਪਣੀਆਂ ਪਤਨੀਆਂ ਨੂੰ ਧੋਖੇ ਨਾਲ ਛੱਡ ਦਿੱਤਾ ਸੀ ਅਤੇ 15 ਮਾਮਲਿਆਂ ਵਿਚ ਭਾਰਤੀ ਲਾੜਿਆਂ ਨੇ ਸਿਰਫ ਵੀਜ਼ੇ ਹਾਸਿਲ ਕਰਨ ਲਈ ਪ੍ਰਵਾਸੀ ਲੜਕੀਆਂ ਨਾਲ ਵਿਆਹ ਕਰਵਾਇਆ ਤੇ ਵਿਦੇਸ਼ ਪਹੁੰਚਣ ‘ਤੇ ਉਹ ਗਾਇਬ ਹੋ ਗਏ ਸਨ। ਬਾਕੀ 17 ਮਾਮਲੇ ਘਰੇਲੂ ਹਿੰਸਾ ਨਾਲ ਸਬੰਧਿਤ ਸਨ। ਉਨ੍ਹਾਂ ਦੱਸਿਆ ਕਿ ਧੋਖਾਦੇਹੀ ਨਾਲ ਕੀਤੇ ਗਏ ਵਿਆਹਾਂ ਦੇ 100 ਮਾਮਲਿਆਂ ਵਿਚ  ਲੜਕੀਆਂ ਨੂੰ 11.50 ਕਰੋੜ ਰੁਪੈ ਦੀ ਵਿੱਤੀ ਸਹਾਇਤਾ ਦਿਵਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 2604 ਅਜਿਹੀਆਂ ਸ਼ਿਕਾਇਤਾਂ ਸਨ ਜਿਨ੍ਹਾਂ ਵਿਚ ਪ੍ਰਵਾਸੀ ਭਾਰਤੀ ਵਿਅਕਤੀਆਂ ਦੇ ਆਪਣੇ ਪਰਿਵਾਰਕ ਮੈਂਬਰਾਂ , ਟ੍ਰੈਵਲ ਏਜੰਟਾਂ ਤੇ ਪ੍ਰਾਪਰਟੀ ਡੀਲਰਾਂ ਨਾਲ ਵਿੱਤੀ ਤੇ ਜਾਇਦਾਦ ਸਬੰਧੀ ਵਿਵਾਦ ਸਨ ਤੇ ਅਜਿਹੇ 36ਮਾਮਲਿਆਂ ਵਿਚ ਜਾਂਚ ਉਪਰੰਤ ਕੇਸ ਦਰਜ ਕਰ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਬਦਲਵੀਂ ਸ਼ਿਕਾਇਤ ਨਿਵਾਰਨ ਵਿਵਸਥਾ ਵਿਚ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਨੂੰ ਸ਼ਾਮਿਲ ਕਰਕੇ ਮਸਲੇ ਦੇ ਹੱਲ ਕਰਨ ਦੇ ਯਤਨ ਕੀਤੇ ਗਏ ਹਨ। ਹੁਣ ਤੱਕ ਇਸ ਵਿਵਸਥਾ ਨਾਲ 84 ਮਾਮਲਿਆਂ ਵਿਚ ਸਬੰਧਿਤ ਧਿਰਾਂ ਦਰਮਿਆਨ ਰਾਜੀਨਾਮਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਵਿੰਗ ਵਲੋਂ ਧੋਖਾਦੇਹੀ ਨਾਲ ਕੀਤੇ ਗਏ ਵਿਆਹਾਂ ਤੇ ਹੋਰ ਮਾਮਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਹੱਲ ਕਰਨ ਲਈ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਦੇ ਸਮਾਜ ਵਿਗਿਆਨ ਤੇ ਮਨੋਵਿਗਿਆਨ ਨਾਲ ਸਬੰਧਿਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਦੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ।

Facebook Comment
Project by : XtremeStudioz