Close
Menu

ਪੰਜਾਬ ਪੁਲੀਸ ਵਲੋਂ 50 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

-- 27 February,2015

* ਹੈਰੋਇਨ ਦੀ ਕੀਮਤ 250 ਕਰੋੜ ਰੁਪਏ; ਤਿੰਨਾਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ

ਅੰਮ੍ਰਿਤਸਰ, ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਅੱਜ 50 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 250 ਕਰੋੜ ਰੁਪਏ ਹੈ। ਇਹ ਹੈਰੋਇਨ ਖੇਮਕਰਨ ਇਲਾਕੇ ਹੇਠ ਆਉਂਦੇ ਪਿੰਡ ਗਜਲ ਵਿਚੋਂ ਬਰਾਮਦ ਹੋਈ ਹੈ। ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਅੰਗਰੇਜ਼ ਸਿੰਘ ਵਾਸੀ ਰੱਤੋਕੇ, ਰਾਜ ਸਿੰਘ ਤੇ ਜੋਗਿੰਦਰ ਸਿੰਘ ਵਾਸੀ ਪਿੰਡ ਗਜਲ ਵਜੋਂ ਹੋਈ ਹੈ ਜਿਨ੍ਹਾਂ ਨੂੰ ਅੱਜ ਇਥੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਪੁੱਛਗਿਛ ਵਾਸਤੇ ਇਨ੍ਹਾਂ ਨੂੰ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈ ਦੇ ਆਈ.ਜੀ. ਸ੍ਰੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਖੇਪ ਦਰਖਤ ਦੀ ਲੱਕੜ ਵਿਚ ਲੁਕਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜੋਗਿੰਦਰ ਸਿੰਘ ਦੀ ਪੈਲੀ ਕੰਡਿਆਲੀ ਤਾਰ ਤੋਂ ਪਾਰ ਹੈ। ਉਸ ਨੇ ਬੀਐਸਐਫ ਕੋਲੋਂ ਪ੍ਰਵਾਨਗੀ ਲੈ ਕੇ ਆਪਣੇ ਖੇਤਾਂ ਵਿਚ ਲੱਗੇ ਦਰਖ਼ਤ ਨੂੰ ਕੱਟ ਦਿੱਤਾ ਸੀ। ਇਹ ਕੱਟੇ ਹੋਏ ਦਰਖ਼ਤ ਦੀ ਲੱਕੜ ਉਹ ਰਾਤ ਸਮੇਂ ਆਪਣੇ ਖੇਤਾਂ ਵਿਚ ਛੱਡ ਆਏ ਸਨ, ਜਿਸ ਨੂੰ ਰਾਤ ਸਮੇਂ ਪਾਕਿਸਤਾਨੀ ਤਸਕਰਾਂ ਨੇ ਬਦਲ ਦਿੱਤਾ। ਪਾਕਿਸਤਾਨੀ ਤਸਕਰਾਂ ਵਲੋਂ ਅਜਿਹੇ ਦਰਖ਼ਤ ਦੀ ਲੱਕੜ ਰੱਖ ਦਿੱਤੀ ਗਈ, ਜਿਸ ਵਿਚ ਖਾਲੀ ਥਾਂ ਬਣਾ ਕੇ ਹੈਰੋਇਨ ਦੀ ਖੇਪ ਲੁਕਾ ਦਿੱਤੀ ਗਈ ਸੀ। ਅਗਲੇ ਦਿਨ ਇਹ ਵਿਅਕਤੀ ਕੱਟੇ ਹੋਏ ਦਰਖ਼ਤ ਦੀ ਲੱਕੜ ਦੀ ਥਾਂ ਇਹ ਲੱਕੜ ਲੈ ਕੇ ਪਿੰਡ ਪੁੱਜ ਗਏ। ਇਸ ਦੌਰਾਨ ਸੀਆਈ ਨੂੰ ਹੈਰੋਇਨ ਦੀ ਤਸਕਰੀ ਬਾਰੇ ਜਾਣਕਾਰੀ ਮਿਲੀ । ਉਨ੍ਹਾਂ ਖੁਲਾਸਾ ਕੀਤਾ ਕਿ ਇਹ ਜਾਣਕਾਰੀ ਮੋਬਾਇਲ ਫੋਨ ਦੀਆਂ ਕਾਲਾਂ ਤੋਂ ਮਿਲੀ ਸੀ, ਜਿਸ ਨੂੰ ਸੀਆਈ ਵਿੰਗ ਵਲੋਂ ਰਿਕਾਰਡ ਕੀਤਾ ਗਿਆ ਸੀ। ਇਨ੍ਹਾਂ ਤਿੰਨ ਵਿਅਕਤੀਆਂ ਕੋਲੋਂ 50 ਕਿਲੋ ਹੈਰੋਇਨ, .30 ਬੋਰ ਦੀ ਪਿਸਤੌਲ ਅਤੇ 250 ਗਰਾਮ ਅਫੀਮ ਬਰਾਮਦ ਹੋਈ ਹੈ। ਇਸ ਸਬੰਧ ਵਿਚ ਇਨ੍ਹਾਂ ਖਿਲਾਫ ਐਨ.ਡੀ.ਪੀਐਸ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਪੜਤਾਲ ਜਾਰੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਇਹ ਖੇਪ ਪਾਕਿਸਤਾਨੀ ਤਸਕਰ ਸ਼ਹਿਬਾਜ਼ ਅਹਿਮਦ ਉਰਫ ਕਾਲਾ ਵਲੋਂ ਭੇਜੀ ਗਈ ਸੀ। ਇਥੇ ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਪਿੰਡ ਦਾ ਨੰਬਰਦਾਰ ਹੈ ਅਤੇ ਉਸ ਦਾ ਸਿਆਸੀ ਅਸਰ ਰਸੂਖ ਵੀ ਹੈ।

Facebook Comment
Project by : XtremeStudioz