Close
Menu

ਪੰਜਾਬ ਪੁਲੀਸ ਵੱਲੋਂ ਮਾਲਵਾ ਵਿੱਚ ਹਾਈ ਅਲਰਟ

-- 20 September,2015

ਬਠਿੰਡਾ, 20 ਸਤੰਬਰ : ਪੰਜਾਬ ਪੁਲੀਸ ਨੇ ਪੂਰੇ ਮਾਲਵਾ ਖਿੱਤੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਡੇਰਾ ਸਿਰਸਾ ਦੇ ਮੁਖੀ ਦੀ ਨਵੀਂ ਫਿਲਮ ਐਮਐਸਜੀ-2 ਤੋਂ ਖਿੱਤੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਡੇਰਾ ਪੈਰੋਕਾਰ ਸੜਕਾਂ ਅਤੇ ਰੇਲ ਮਾਰਗਾਂ ’ਤੇ ਬੈਠ ਗਏ ਹਨ। ੲਿਸ ਕਰ ਕੇ ਪੁਲੀਸ ਨੇ ਚਾਰੇ ਪਾਸੇ ਕਰੜੀ ਨਾਕਾਬੰਦੀ ਕਰ ਦਿੱਤੀ ਹੈ। ਬਠਿੰਡਾ ਜੰਕਸ਼ਨ ਕੋਲ ਚਾਰ ਰੇਲ ਮਾਰਗ ਜਾਮ ਕੀਤੇ ਗਏ ਹਨ, ਜਿਸ ਕਰ ਕੇ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।

ਬਠਿੰਡਾ ਰੇਂਜ ਦੇ ਤਿੰਨ ਜ਼ਿਲ੍ਹਿਆਂ ਵਿੱਚ ਦੋ ਹਜ਼ਾਰ ਪੁਲੀਸ ਦੀ ਨਫਰੀ ਬੁਲਾ ਲਈ ਗਈ ਹੈ। ਅੱਜ ਦੇਰ ਸ਼ਾਮ ਤੱਕ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਪੁਲੀਸ ਬਠਿੰਡਾ ਪੁੱਜ ਰਹੀ ਸੀ। ਆਈਆਰਬੀ, ਰੈਪਿਡ ਐਕਸ਼ਨ ਫੋਰਸ, ਪੀਏਪੀ ਦੀ ਫੋਰਸ ਬੁਲਾਈ ਗਈ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ 900 ਪੁਲੀਸ ਮੁਲਾਜ਼ਮ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਹਨ।
ਵੇਰਵਿਆਂ ਅਨੁਸਾਰ ਜਲੰਧਰ, ਜਹਾਨਖੇਲਾ, ਪਟਿਆਲਾ, ਲੱਡਾ ਕੋਠੀ ਅਤੇ ਫਿਲੌਰ ਤੋਂ ਫੋਰਸ ਮੰਗਵਾਈ ਗਈ ਹੈ। ਡੇਰਾ ਪ੍ਰੇਮੀਅਾਂ ਦੇ ਪ੍ਰਦਰਸ਼ਨ ਕਾਰਨ ਅੱਜ ਸੜਕੀ ਆਵਾਜਾਈ ਵੀ ਪ੍ਰਭਾਵਿਤ ਰਹੀ। ਬਠਿੰਡਾ ਲਾਗੇ ਬਠਿੰਡਾ ਪਟਿਆਲਾ ਸੜਕ ’ਤੇ ਕਾਫ਼ੀ ਸਮਾਂ ਡੇਰਾ ਪੈਰੋਕਾਰਾਂ ਨੇ ਜਾਮ ਲਾਈ ਰੱਖਿਆ। ਇਵੇਂ ਹੀ ਬਠਿੰਡਾ-ਮਲੋਟ ਰੋਡ ’ਤੇ ਪਿੰਡ ਹੁਸਨਰ ਲਾਗੇ ਸੜਕ ਜਾਮ ਕਰ ਦਿੱਤੀ ਗਈ। ਮੋਗਾ ਜ਼ਿਲ੍ਹੇ ਵਿੱਚ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਪਤਾ ਲੱਗਿਅਾ ਹੈ ਕਿ ਹੁਣ ਪੁਲੀਸ ਵੱਲੋਂ ਅੰਤਰਰਾਜੀ ਸੀਮਾ ’ਤੇ ਵੀ ਮੁਸਤੈਦੀ ਵਧਾ ਦਿੱਤੀ ਗਈ। ਹਰਿਆਣਾ ਵਿੱਚੋਂ ਪੈਰੋਕਾਰਾਂ ਦੀ ਸੰਭਾਵੀ ਆਮਦ ਰੋਕਣ ਲਈ ਪੁਲੀਸ ਨਜ਼ਰ ਰੱਖ ਰਹੀ ਹੈ। ਡੇਰਾ ਸਿਰਸਾ ਦੇ ਜ਼ਿਲ੍ਹੇ ਵਿਚਲੇ ਡੇਰਿਆ ’ਤੇ ਪੁਲੀਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਡੇਰਾ ਸਿਰਸਾ ਦਾ ਪੰਜਾਬ ਵਿਚਲਾ ਮੁੱਖ ਡੇਰਾ ਸਲਾਬਤਪੁਰਾ ਵਿੱਚ ਹੈ, ਜਿੱਥੇ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ। ਵਿਧਾਨ ਸਭਾ ਚੋਣਾਂ ਬਹੁਤੀਆਂ ਦੂਰ ਨਹੀਂ, ਜਿਸ ਕਰ ਕੇ ਡੇਰਾ ਪੈਰੋਕਾਰ ਅਸਿੱਧੇ ਤਰੀਕੇ ਨਾਲ ਹਾਕਮ ਧਿਰ ਨੂੰ ਆਪਣੀ ਤਾਕਤ ਵੀ ਦਿਖਾਉਣਾ ਚਾਹੁੰਦੇ ਹਨ। ਇਧਰ ਸਰਕਾਰ ਦਾ ਖੁਫ਼ੀਆ ਤੰਤਰ ਵੀ ਕਾਫੀ ਮੁਸਤੈਦ ਹੈ ਅਤੇ ਇਹ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਸਿੱਖ ਪੈਰੋਕਾਰ ਤਾਂ ਤਿਆਰੀ ਨਹੀਂ ਕਰ ਰਹੇ। ਫਿਲਹਾਲ ਇਸ ਗੱਲੋਂ ਬਚਾਓ ਹੈ ਕਿ ਕਿਧਰੇ ਵੀ ਸਿੱਖ ਧਿਰਾਂ ਦੀ ਸਰਗਰਮੀ ਨਹੀਂ ਹੈ। ਡੇਰਾ ਪੈਰੋਕਾਰ ਆਖ ਰਹੇ ਹਨ ਕਿ ਫਿਲਮ ਤੋਂ ਪਾਬੰਦੀ ਹਟਾੲੀ ਜਾਵੇ ਅਤੇ ਫਿਲਮ ਚਲਾਈ ਜਾਵੇ ਪਰ ਪ੍ਰਸ਼ਾਸਨ ਆਖ ਰਿਹਾ ਹੈ ਕਿ ਉਨ੍ਹਾਂ ਫਿਲਮ ’ਤੇ ਕੋਈ ਰੋਕ ਹੀ ਨਹੀਂ ਲਾਈ ਅਤੇ ਸਿਨੇਮਾ ਮਾਲਕ ਖ਼ੁਦ ਹੀ ਫਿਲਮ ਨਹੀਂ ਚਲਾ ਰਹੇ।

Facebook Comment
Project by : XtremeStudioz