Close
Menu

ਪੰਜਾਬ ਪੁਲੀਸ ਵੱਲੋਂ ਹਥਿਆਰਾਂ ਦੀ ਸਾਲਾਨਾ ਫਾਇਰਿੰਗ ਸਿਖਲਾਈ ਮੁਡ਼ ਸ਼ੁਰੂ

-- 04 August,2015

ਬਠਿੰਡਾ, ਪੰਜਾਬ ਪੁਲੀਸ ਨੇ ਹੁਣ ਹਥਿਆਰ ਚਲਾਉਣ ਦੀ ‘ਸਾਲਾਨਾ ਫਾਇਰ’ ਟਰੇਨਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਿਖਲਾੲੀ ਵਿੱਚ ਕੲੀ ਵਾਰ ਜ਼ਿਆਦਾ ਸਮਾਂ ਪੈ ਜਾਂਦਾ ਸੀ ਪਰ ਹੁਣ ਇਸ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲੲੀ ਸਾਲਾਨਾ ਫਾਇਰ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਪੰਜਾਬ ਪੁਲੀਸ ਤਰਫ਼ੋਂ ਜੋ ਮਾਨਸਾ ਦੀ ਪੁਲੀਸ ਲਾਈਨ ਵਿੱਚ ਨਵੀਂ ਸ਼ੂਟਿੰਗ ਰੇਂਜ ਬਣਾਈ ਗਈ ਹੈ, ਉਸ ਵਿੱਚ ਅੱਜ ਬਠਿੰਡਾ ਪੁਲੀਸ ਦੇ ਡੇਢ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਅੱਜ ੲਿਹ ਸਿਖਲਾੲੀ ਦਿੱਤੀ ਗੲੀ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਵੀਆਈਪੀ ਡਿਊਟੀ ਜ਼ਿਆਦਾ ਰਹਿਣ ਕਰਕੇ ਪੁਲੀਸ ਮੁਲਾਜ਼ਮ ਇਸ ਤੋਂ ਖੁੰਝ ਜਾਂਦੇ ਸਨ। ਬਹੁਤੇ ਮੁਲਾਜ਼ਮਾਂ ਨੂੰ ਤਾਂ ਇਹ ਸਿਖਲਾੲੀ ਲੲੀ ਨੂੰ ਕਈ ਵਰ੍ਹੇ ਬੀਤ ਚੱਲੇ ਹਨ।
ਦੀਨਾਨਗਰ ਦੇ ਅਤਿਵਾਦੀ ਹਮਲੇ ਮਗਰੋਂ ਪੰਜਾਬ ਪੁਲੀਸ ਆਪਣੇ ਮੁਲਾਜ਼ਮਾਂ ਨੂੰ ਰੈਗੂਲਰ ‘ਸਾਲਾਨਾ ਫਾਇਰ’ ਕਰਵਾਉਣ ਦੇ ਰਾਹ ਤੁਰੀ ਹੈ। ਬਠਿੰਡਾ ਪੁਲੀਸ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਬਠਿੰਡਾ ਪੁਲੀਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਵੀ ਅੱਜ ਸ਼ੂਟਿੰਗ ਰੇਂਜ ਵਿੱਚ ਸਿਖਲਾੲੀ ਲੲੀ। ਮਾਨਸਾ ਦੀ ਸ਼ੂਟਿੰਗ ਰੇਂਜ ਵਿੱਚ ਛੋਟੇ ਹਥਿਆਰਾਂ ਦੀ ਫਾਈਰਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜਦੋਂਕਿ ਵੱਡੇ ਹਥਿਆਰਾਂ ਦੀ ਟਰੇਨਿੰਗ ਵਾਸਤੇ ਭਾਰਤੀ ਫ਼ੌਜ ਦੀ ਸ਼ੂਟਿੰਗ ਰੇਂਜ ਵਰਤੀ ਜਾਂਦੀ ਹੈ। ਬਠਿੰਡਾ ਪੁਲੀਸ ਦੇ ਮੁਲਾਜ਼ਮਾਂ ਨੇ ਅੱਜ ਪਿਸਟਲ ਅਤੇ ਰਿਵਾਲਵਰਾਂ ਨਾਲ ਫਾਇਰ ਕੀਤੇ। ਇੱਥੇ ਜ਼ਿਲ੍ਹਾ ਪੁਲੀਸ ਨੇ ਹੁਣ ਬਠਿੰਡਾ ਛਾਉਣੀ ਦੇ ਉੱਚ ਅਫ਼ਸਰਾਂ ਨੂੰ ਪੱਤਰ ਭੇਜ ਕੇ ਫ਼ੌਜ ਦੀ ਸ਼ੂਟਿੰਗ ਰੇਂਜ ਵਿੱਚ ਸਿਖਲਾਈ ਦੀ ਪ੍ਰਵਾਨਗੀ ਮੰਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਦੇ ਬਹੁਤੇ ਹਥਿਆਰ ਅਜਿਹੇ ਹਨ ਜੋ ਕਿ ਵਰ੍ਹਿਆਂ ਤੋਂ ਚਲਾਏ ਹੀ ਨਹੀਂ ਗਏ। ਹੁਣ ‘ਸਾਲਾਨਾ ਫਾਇਰ’ ਦੇ ਬਹਾਨੇ ਪੁਲੀਸ ਆਪਣੇ ਹਥਿਆਰ ਵੀ ਚੈੱਕ ਕਰ ਰਹੀ ਹੈ ਤਾਂ ਜੋ ਕੰਡਮ ਹੋਣ ਵਾਲੇ ਅਸਲੇ ਨੂੰ ਭੰਡਾਰ ’ਚੋਂ ਬਾਹਰ ਕੀਤਾ ਜਾ ਸਕੇ। ਨੌਜਵਾਨ ਪੁਲੀਸ ਮੁਲਾਜ਼ਮਾਂ ਨੂੰ ਵੀ ਅੱਜ ਸਿਖਲਾੲੀ ਦਿੱਤੀ ਗੲੀ।
ਫ਼ਰੀਦਕੋਟ ਪੁਲੀਸ ਕੋਲ ਆਪਣੀ ਕੋਈ ਸ਼ੂਟਿੰਗ ਰੇਂਜ ਨਹੀਂ ਹੈ। ਇਸ ਕਰਕੇ ਫ਼ਰੀਦਕੋਟ ਵਿੱਚ ਵੀ ਫ਼ੌਜ ਦੀ ਰੇਂਜ ਵਰਤੀ ਜਾਂਦੀ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਕੋਲ ਪ੍ਰੈਕਟਿਸ ਵਾਸਤੇ ਵੱਖਰਾ ਅਸਲਾ ਆਉਂਦਾ ਹੈ ਅਤੇ ਕਈ ਦਫ਼ਾ ਅਸਲੇ ਦੀ ਕਮੀ ਕਰਕੇ ਫਾਇਰ ਕਰਾਉਣ ਦੀ ਗਿਣਤੀ ਘਟਾ ਦਿੱਤੀ ਜਾਂਦੀ ਹੈ। ਫ਼ਾਜ਼ਿਲਕਾ ਪੁਲੀਸ ਤਰਫੋਂ ਬੀਐਸਐਫ ਦੀ ਸ਼ੂਟਿੰਗ ਰੇਂਜ ਵਰਤੀ ਜਾਂਦੀ ਹੈ, ਜਦੋਂਕਿ ਫਿਰੋਜ਼ਪੁਰ ਪੁਲੀਸ ਵੱਲੋਂ ਵੀ ਭਾਰਤੀ ਫ਼ੌਜ ਦੀ ਸ਼ੂਟਿੰਗ ਰੇਂਜ ਦੀ ਪ੍ਰਵਾਨਗੀ ਲਈ ਜਾਂਦੀ ਹੈ। ਫਿਰੋਜ਼ਪੁਰ ਦੇ ਐਸ.ਪੀ. (ਸਥਾਨਕ) ਲਖਵੀਰ ਸਿੰਘ ਦਾ ਕਹਿਣਾ ਸੀ ਕਿ ਉਹ ਸੌ ਫ਼ੀਸਦੀ ਪੁਲੀਸ ਮੁਲਜ਼ਮਾਂ ਨੂੰ ਪੂਰੇ ਸਾਲ ਵਿੱਚ ਰੈਗੂਲਰ ਫਾਇਰ ਕਰਾਉਂਦੇ ਹਨ ਤੇ ਵੀਆਈਪੀਜ਼ ਦੇ ਗੰਨਮੈਨਾਂ ਨੂੰ ਬਾਕਾਇਦਾ ਬੁਲਾ ਕੇ ਟਰੇਨਿੰਗ ਕਰਾਉਂਦੇ ਹਨ। ਸੂਤਰਾਂ ਅਨੁਸਾਰ ਬਠਿੰਡਾ ਅਤੇ ਮਾਨਸਾ ਵਿੱਚ ਵੀਆਈਪੀ ਡਿਊਟੀ ਕਾਰਨ ਇਹ ਸਿਖਲਾੲੀ ਕਦੇ ਵੇਲੇ ਸਿਰ ਨਹੀਂ ਹੋ ਸਕੀ। ਬਠਿੰਡਾ ਦੇ ਡੀਐਸਪੀ (ਸਥਾਨਕ) ਗੁਰਦਰਸ਼ਨ ਸਿੰਘ ਨੇ ਕਿਹਾ ਕਿ ਉਹ ‘ਸਾਲਾਨਾ ਫਾਇਰ’ ਲਾਜ਼ਮੀ ਕਰਾਉਂਦੇ ਹਨ ਪਰ ਕਈ ਦਫ਼ਾ ਤਰੀਕ ਅੱਗੇ-ਪਿੱਛੇ ਹੋ ਜਾਂਦੀ ਹੈ, ਕਿਉਂਕਿ ਵੀਆਈਪੀ ਡਿਊਟੀ ਕਾਰਨ ਸ਼ਡਿਊਲ ਬਦਲਣਾ ਪੈਂਦਾ ਹੈ। ਲੋਡ਼ ਮੁਤਾਬਕ ਫਾਇਰਾਂ ਦੀ ਗਿਣਤੀ ਘਟਾ ਵਧਾ ਦਿੱਤੀ ਜਾਂਦੀ ਹੈ।

ਬਠਿੰਡਾ ਛਾਉਣੀ ਦੀ ਸ਼ੂਟਿੰਗ ਰੇਂਜ ਵਰਤਣ ਦੀ ਮੰਗ ਪ੍ਰਵਾਨਗੀ: ਐਸਐਸਪੀ

ਬਠਿੰਡਾ ਦੇ ਐਸਐਸਪੀ ਇੰਦਰਮੋਹਣ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੈਗੂਲਰ ‘ਸਾਲਾਨਾ ਫਾਇਰ’ ਕਰਾਇਆ ਜਾਂਦਾ ਹੈ ਅਤੇ ਅੱਜ ਵੀ 150 ਮੁਲਾਜ਼ਮਾਂ ਨੂੰ ਇਹ ਸਿਖਲਾੲੀ ਦਿੱਤੀ। ਉਹ ਹਰ ਵਰ੍ਹੇ ਅਜਿਹਾ ਕਰਾਉਂਦੇ ਹਨ ਅਤੇ ਕਈ ਵਾਰ ਡਿਊਟੀਆਂ ਕਾਰਨ ਸਮਾਂ ਸਾਰਣੀ ਬਦਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਠਿੰਡਾ ਛਾਉਣੀ ਨੂੰ ਪੱਤਰ ਲਿਖ ਕੇ ਸ਼ੂਟਿੰਗ ਰੇਂਜ ਦੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ।

Facebook Comment
Project by : XtremeStudioz