Close
Menu

ਪੰਜਾਬ ਫਤਹਿ ਲਈ ‘ਆਪ’ ਹੋਈ ਸਰਗਰਮ

-- 19 February,2015

* 25 ਫਰਵਰੀ ਤੋਂ ਬਾਅਦ ਲੋਕ ਚੇਤਨਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍, ਆਮ ਆਦਮੀ ਪਾਰਟੀ (ਆਪ) ਨੇ 2017 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਦਿੱਲੀ ਵਾਂਗ ਸਿਆਸੀ ਸੁਨਾਮੀ ਲਿਆਉਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਕਈ ਸਥਾਨਕ ਵੱਡੇ ਆਗੂ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਰਲੋਮੱਛੀ ਹੋ  ਰਹੇ ਹਨ। ਕਈ ਸਿਆਸੀ ਧਿਰਾਂ ਵੀ ‘ਆਪ’ ’ਚ ਮਰਜ ਹੋਣ ਦੀਆਂ ਚਾਹਵਾਨ ਹਨ। ‘ਆਪ’ ਨੇ 25 ਫਰਵਰੀ ਤੋਂ ਬਾਅਦ ਰਾਜ ਵਿੱਚ ਲੋਕ ਚੇਤਨਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ‘ਹਾਲ ਪੰਜਾਬ ਦਾ’ ਅਤੇ ‘ਦਰਦ ਪੰਜਾਬ ਦਾ’ ਦੇ ਵਿਸ਼ਿਆਂ ਹੇਠ ਚੇਤਨਾ ਯਾਤਰਾ, ਰੈਲੀਆਂ ਅਤੇ ਸੈਮੀਨਾਰਾਂ ਦੀ ਲੜੀ ਚਲਾਈ ਜਾਵੇਗੀ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਆਪਣੀ ਟੀਮ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੀਆਂ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਸਰਕਾਰ ਦਾ ਭੋਗ ਪੈ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਖੇ ਬਾਦਲਾਂ ਵੱਲੋਂ ਪ੍ਰਚਾਰ ਕਰਨ ਨਾਲ ਹੀ ਉਥੇ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ ਕਿਉਂਕਿ ਉਥੇ 18 ਅਜਿਹੇ ਹਲਕੇ ਸਨ ਜਿਥੇ ਜਿੱਤ-ਹਾਰ ਦਾ ਦਾਰੋਮਦਾਰ ਪੰਜਾਬੀਆਂ ਦੇ ਹੱਥ ਸੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਜਿਸ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਸਨ, ਉਥੇ ਚਰਚਾ ਛਿੜ ਜਾਂਦੀ ਸੀ ਕਿ ਅਕਾਲੀ ਸਰਕਾਰ ਪਹਿਲਾਂ ਹੀ ਪੰਜਾਬ ਦਾ ਮੰਦਾ ਹਾਲ ਕਰ ਚੁੱਕੀ ਹੈ ਅਤੇ ਹੁਣ ਇਨ੍ਹਾਂ ਦੇ ਦਿੱਲੀ ਵਿੱਚ ਪੈਰ ਨਹੀਂ ਲੱਗਣ ਦਿੱਤੇ ਜਾਣਗੇ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਰਾਜ ਵਿੱਚ ਕਾਂਗਰਸ ਦਾ ਤਕਰੀਬਨ ਸਫਾਇਆ ਹੋ ਚੁੱਕਾ ਹੈ। ਕਾਂਗਰਸ ਦੇ ਕਈ ਵੱਡੇ ਆਗੂ ‘ਆਪ’ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਕੋਲ ਪਹੁੰਚ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ  ਨੂੰ ਮੁੱਢਲੀਆਂ ਸਹੂਲਤਾਂ ਦੇਣ ’ਚ ਨਾਕਾਮ ਰਹੀ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਸਮੇਤ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀਆਂ ਅਦਾਇਗੀਆਂ ਦੇਣ ਤੋਂ ਵੀ ਸਰਕਾਰ ਹੱਥ ਖੜ੍ਹੇ ਕਰ ਰਹੀ ਹੈ। ਨਸ਼ਿਆਂ ਨੇ ਰਾਜ ਦਾ ਸੱਤਿਆਨਾਸ਼ ਕਰ ਦਿੱਤਾ ਹੈ ਅਤੇ ਸਰਕਾਰ ਵਿੱਚ ਪਰਿਵਾਰਵਾਦ ਅਤੇ ਧਨਾਢ ਲਾਬੀ ਕਾਬਜ਼ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜਤਿੰਦਰ ਮੋਦਗਿਲ ਬਾਦਲਾਂ ਵੱਲੋਂ ਨਿੱਜੀ ਹਿਤਾਂ ਲਈ ਰਾਜ ਦੇ ਸਰਮਾਏ ਦੀ ਕੀਤੀ ਜਾ ਰਹੀ ਕਥਿਤ ਲੁੱਟ ਦੇ ਅੰਕੜੇ ਇਕੱਠੇ ਕਰਨਗੇ ਅਤੇ ਉਸ ਤੋਂ ਬਾਅਦ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕੀਤਾ ਜਾਵੇਗਾ। ਸੰਗਤ ਦਰਸ਼ਨਾਂ ਨੂੰ ਧੋਖਾਧੜੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਰਾਹੀਂ ਆਪਣੇ ਸਿਆਸੀ ਚਹੇਤਿਆਂ ਨੂੰ ਸਰਕਾਰੀ ਬਜਟ ਲੁਟਾ ਰਹੇ ਹਨ। ਸ਼ਹਿਰੀ ਚੋਣਾਂ ਦਾ ਬਾਈਕਾਟ ਨਾ ਕਰਨ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਸਾਫ਼ ਅਕਸ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕਿਹਾ ਗਿਆ ਹੈ। ‘ਆਪ’ ਕਨਵੀਨਰ ਨੇ ਸਪਸ਼ਟ ਕੀਤਾ ਕਿ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਧੂਰੀ ਦੀ ਜ਼ਿਮਨੀ ਚੋਣ ਲੜਨ ਦਾ ਐਲਾਨ ਨਿੱਜੀ ਪੱਧਰ ’ਤੇ ਕੀਤਾ ਗਿਆ ਹੈ ਅਤੇ ਪਾਰਟੀ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਹੈ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਨੂੰ ਮੁੱਖ ਮੰਤਰੀ ਵਜੋਂ ਉਭਾਰ ਕੇ ਚੋਣ ਨਹੀਂ ਲੜੀ ਜਾਵੇਗੀ ਸਗੋਂ ਚੋਣਾਂ ਤੋਂ ਬਾਅਦ ਲੋਕਤੰਤਰ ਢੰਗ ਨਾਲ ਆਗੂ ਦੀ ਚੋਣ ਕੀਤੀ ਜਾਏਗੀ। ਇਸ ਮੌਕੇ ਲਾਲ ਗਿੱਲ, ਡਾ: ਹਰਜਿੰਦਰ ਸਿੰਘ ਚੀਮਾ, ਜਤਿੰਦਰ ਮੋਦਗਿਲ, ਹਰਜੀਤ ਸਿੰਘ ਕਿੰਗਰਾ, ਜਸਬੀਰ ਸਿੰਘ ਧਾਲੀਵਾਲ, ਐਡਵੋਕੇਟ ਦਵਿੰਦਰ ਸਿੰਘ ਤੇ ਹਰਕੇਸ਼ ਸਿੰਘ ਸਿੱਧੂ ਵੀ ਮੌਜੂਦ ਸਨ।

ਮਨਪ੍ਰੀਤ ਦੀ ਅਰਜ਼ੀ ਨਹੀਂ ਮਿਲੀ: ਛੋਟੇਪੁਰ

ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਕੋਈ ਅਰਜ਼ੀ ਨਹੀਂ ਮਿਲੀ ਹੈ। ਜਦੋਂ ਅਰਜ਼ੀ ਮਿਲੇਗੀ ਤਾਂ ਉਸ ਵੇਲੇ ਹੀ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਗਮੀਤ ਬਰਾੜ ਨੇ ਤਾਂ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਾਂਗਰਸ ਛੱਡੀ ਸੀ ਅਤੇ ਫਿਲਹਾਲ ਉਨ੍ਹਾਂ ਵੀ ‘ਆਪ’ ਕੋਲ ਪਹੁੰਚ ਨਹੀਂ ਕੀਤੀ ਗਈ ਹੈ।

Facebook Comment
Project by : XtremeStudioz