Close
Menu

ਪੰਜਾਬ ਵਿਚ ਅੱਤਵਾਦ ਦਾ ਕੋਈ ਖਤਰਾ ਨਹੀਂ-ਸੁਖਬੀਰ

-- 18 September,2013

2-71

ਫਿਰੋਜ਼ਪੁਰ,18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਕਿ ਪੰਜਾਬ ਵਿਚ ਅੱਤਵਾਦ ਦਾ ਕੋਈ ਖਤਰਾ ਨਹੀਂ ਹੈ ਅਤੇ ਕਿਸੇ ਵੀ ਅੱਤਵਾਦੀ ਗਰੁੱਪ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਅਮਨ ਸ਼ਾਂਤੀ ਨੂੰ ਹਰ ਕੀਮਤ ‘ਤੇ ਬਹਾਲ ਰੱਖਿਆ ਜਾਵੇਗਾ।

ਅੱਜ ਇੱਥੇ ਫਿਰੋਜ਼ਪੁਰ ਵਿਖੇ 110 ਕਰੋੜ ਰੁਪੈ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਸੂਬੇ ਵਿਚ 350 ਅੱਤਵਾਦੀ ਹੋਣ ਦੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਹੱਦ ਪਾਰ ਤੋਂ ਪੰਜਾਬ ਵਿਚ ਮੁੜ ਗੜਬੜ ਫੈਲਾਉਣ ਲਈ ਲਗਾਤਾਰ ਯਤਨ ਜਾਰੀ ਹਨ, ਪਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਤੇ ਸਮਰੱਥ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਉਸਦੀਆਂ ਸੂਹੀਆ ਏਜੰਸੀਆਂ ਸਰਹੱਦ ਪਾਰੋਂ ਪੰਜਾਬ ਵਿਚ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਵਿਚ ਨਾਕਾਮ ਰਹੀ ਹੈ ਜਦਕਿ ਪੰਜਾਬ ਪੁਲਿਸ ਨੇ ਆਪਣੇ ਪੱਧਰ ‘ਤੇ ਇਨ੍ਹਾਂ ਨੂੰ ਅਸਫਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ‘ਤੇ ਅੱਖਾਂ ਮੀਚਕੇ ਬੈਠੀ ਹੈ ਜਦਕਿ ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਦੀ ਸੁਰੱਖਿਆ ਨਾਲ ਹੀ ਦੇਸ਼ ਦੀ ਸੁਰੱਖਿਆ ਜੁੜੀ ਹੈ।

ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਬਾਰੇ ਇਕ ਸਵਾਲ ਦੇ ਉੱਤਰ ਵਿਚ ਸ. ਬਾਦਲ ਨੇ ਕਿਹਾ ਕਿ ਇਹ ਜਲਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜਿਸਨੇ ਪੇ ਕਮਿਸ਼ਨ ਦੇ 7000 ਕਰੋੜ ਦੀਆਂ ਅਦਾਇਗੀਆਂ ਮੁਲਾਜ਼ਮਾਂ ਨੂੰ ਕੀਤੀਆਂ ਹਨ।

ਸੂਬੇ ਵਿਚ ਵੈਟ ਰਿਫੰਡ ਬਾਰੇ ਸ. ਬਾਦਲ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਘਪਲੇ ਸਾਹਮਣੇ ਆਉਣ ਇਨ੍ਹਾਂ ਦਾ ਮੁਲਾਂਕਣ ਚੱਲ ਰਿਹਾ ਹੈ, ਜਿਸ ਕਰਕੇ ਵੈਟ ਰਿਫੰਡ ਦੇ ਕੁਝ ਮਾਮਲਿਆਂ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਵੈਟ ਰਿਫੰਡ ਲਈ ਅਕਤੂਬਰ ਵਿਚ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ ਜਿਸ ਤਹਿਤ ਪਾਰਦਰਸ਼ਤਾ ਦੇ ਨਾਲ-ਨਾਲ ਵਪਾਰੀਆਂ ਦੀਆਂ ਸ਼੍ਰੇਣੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਤਹਿਤ ਵੈਟ ਰਿਫੰਡ ਨਾਲੋ- ਨਾਲ ਹੋ ਜਾਇਆ ਕਰੇਗਾ।

ਇਸ ਤੋਂ ਪਹਿਲਾਂ 52 ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਸ਼ਹਿਰ ਵਿਖੇ ਪੈਣ ਵਾਲੇ ਸੀਵਰੇਜ਼ ਪ੍ਰਾਜੈਕਟ ਦੇ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰਦਿਆਂ ਸ. ਬਾਦਲ ਨੇ ਲੋਕਾਂ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਦਾ ਸੱਦਾ ਦਿੱਤਾ। ਉਨ੍ਹÎਾਂ ਕਿਹਾ ਕਿ ਦੇਸ਼ ਨੂੰ ਤਬਾਹੀ ਦੇ ਕੰਢੇ ਲੈ ਜਾਣ ਵਾਲੀ ਤੇ ਪੰਜਾਬ ਨਾਲ ਪੈਰ੍ਹ-ਪੈਰ੍ਹ ‘ਤੇ ਵਿਤਕਰਾ ਕਰਨ ਵਾਲੀ ਯੂ.ਪੀ.ਏ. ਸਰਕਾਰ ਨੂੰ ਚਲਦਾ ਕਰਨ ਲਈ ਲੋਕ ਸਿਆਸੀ ਜੰਗ ਲਈ ਤਿਆਰ ਰਹਿਣ।

ਫਿਰੋਜ਼ਪੁਰ ਦੀ ਨੁਹਾਰ ਬਦਲਣ ਲਈ ਸ. ਬਾਦਲ ਵਲੋਂ ਮੱਲਾਂਵਾਲਾ ਵਿਖੇ 9 ਕਰੋੜ ਦੀ ਲਾਗਤ ਵਾਲੇ ਪਾਣੀ ਸਪਲਾਈ ਸਕੀਮ ਤੋਂ ਇਲਾਵਾ ਤਲਵੰਡੀ ਭਾਈ ਵਿਖੇ 22 ਕਰੋੜ ਦੀ ਲਾਗਤ ਵਾਲੇ ਸੀਵਰੇਜ਼ ਤੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਨੀਂਹ ਪੱਥਰ ਵੀ  ਰੱਖਿਆ ਗਿਆ।

ਉਪ ਮੁੱਖ ਮੰਤਰੀ ਵਲੋਂ ਨਾਲ ਹੀ 11.93 ਕਰੋੜ ਦੀ ਲਾਗਤ ਨਾਲ ਬਣੀ ਫਿਰੋਜ਼ਪੁਰ ਸ਼ਹਿਰ-ਪਿਆਰਾ ਮੱਲ ਸੜਕ, 5.77 ਕਰੋੜ ਵਾਲੀ ਮੱਲਾਂਵਾਲਾ ਤੋਂ ਸਭਰਾਵਾਂ ਸੜਕ ਤੋਂ ਇਲਾਵਾ 10 ਕਰੋੜ ਨਾਲ ਜ਼ੀਰਾ ਵਿਖੇ ਬਣਾਏ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਵੀ ਕੀਤਾ।

ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਫਿਰੋਜ਼ਪੁਰ ਦੇ ਵਿਕਾਸ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।

ਇਸ ਮੌਕੇ ਮੁੱਖ ਤੌਰ ‘ਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਅਕਾਲੀ ਆਗੂ ਵਰਦੇਵ ਸਿੰਘ ਮਾਨ ਹਾਜ਼ਰ ਸਨ।

Facebook Comment
Project by : XtremeStudioz