Close
Menu

ਪੰਜਾਬ ਵਿਚ ਸੌਰ ਊਰਜਾ ਦੇ ਉਤਪਾਦਨ ਵਿਚ ਕ੍ਰਾਂਤੀਕਾਰੀ ਤਬਦੀਲੀ ਦਾ ਮੁੱਢ ਬੱਝਾ- ਸੁਖਬੀਰ

-- 21 August,2015

*   31.5 ਮੈਗਾਵਾਟ ਦੀ ਸਮਰੱਥਾ ਦੇ ਸੌਰ ਊਰਜਾ ਪਲਾਂਟ ਦਾ ਉਦਘਾਟਨ

 *   ਵਾਤਾਵਰਣ ਸੰਭਾਲ ਲਈ ਗੈਰ ਰਵਾਇਤੀ ਊਰਜਾ ਦਾ ਉਤਪਾਦਨ ਸਮੇਂ ਦੀ ਮੁੱਖ ਲੋੜ-ਬਿਕਰਮ ਸਿੰਘ ਮਜੀਠੀਆ

*   ਏਸਲ ਗਰੁੱਪ ਵਲੋਂ 259 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਸੂਰਜੀ ਊਰਜਾ ਪ੍ਰਾਜੈਕਟ

ਲਖਮੀਰਵਾਲਾ(ਮਾਨਸਾ) 21 ਅਗਸਤ,  ਪੰਜਾਬ ਵਿਚ ਗੈਰ ਰਵਾਇਤੀ ਊਰਜਾ ਦੇ ਖੇਤਰ ਨੂੰ ਉਸ ਸਮੇਂ ਇਕ ਵੱਡਾ ਹੁਲਾਰਾ ਮਿਲਿਆ ਜਦ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਲਖਮੀਰਵਾਲਾ ਵਿਖੇ 259 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ 31.5 ਮੈਗਾਵਾਟ ਦੇ ਸੂਰਜੀ ਊਰਜਾ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਅੱਜ ਦੇ ਇਸ ਪ੍ਰਾਜੈਕਟ ਨਾਲ ਪੰਜਾਬ ਵਿਚ ਸੂਰਜੀ ਊਰਜਾ ਤੋਂ ਅਗਲੇ ਸਾਲ ਮਾਰਚ ਤੱਕ 541 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਏਸਲ ਗਰੁੱਪ ਵਲੋਂ ਲਗਾਏ ਗਏ ਇਸ ਪ੍ਰੋਜੈਕਟ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸੂਰਜੀ ਊਰਜਾ ਤੋਂ ਬਿਜਲੀ ਉਤਪਾਦਨ 2012 ਵਿਚ ਕੇਵਲ 9 ਮੈਗਾਵਾਟ ਸੀ ਜੋ ਕਿ ਇਸ ਸਾਲ ਤੱਕ 500 ਮੈਗਾਵਾਟ ਹੋ ਜਾਵੇਗਾ। ਉਨ੍ਹਾਂ ਨੇ ਪੰਜਾਬ ਦੇ ਗੈਰ ਰਿਵਾਇਤੀ ਊਰਜਾ ਬਾਰੇ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਵਲੋਂ ਇਸ ਖੇਤਰ ਵਿਚ ਨਿਵੇਸ਼ ਲਈ ਕੀਤੇ ਯਤਨਾਂ ‘ਤੇ ਉਨ੍ਹਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਪੰਜਾਬ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸੂਰਜੀ ਊਰਜਾ ਖੇਤਰ ਵਿਚ ਵਾਧੇ ਲਈ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੈ। ਸ.ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 2017-18 ਤੱਕ 4000 ਕਰੋੜ ਰੁਪਏ ਦੀ ਲਾਗਤ ਵਾਲੇ 2000 ਮੈਗਾਵਾਟ ਦੇ ਸੂਰਜੀ ਊਰਜਾ ਪ੍ਰੋਜੈਕਟ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 1500 ਕਰੋੜ ਦੇ ਨਿਵੇਸ਼ ਵਾਲੇ 29 ਪ੍ਰੋਜੈਕਟਾਂ ਸਬੰਧੀ ਕਾਰਵਾਈ ਅੰਤਿਮ ਪੜਾਅ ‘ਤੇ ਪੁੱਜ ਗਈ ਹੈ। ਇਸ ਤੋਂ ਇਲਾਵਾ 2500 ਕਰੋੜ ਦੀ ਲਾਗਤ ਵਾਲੇ 40 ਹੋਰ ਪ੍ਰੋਜੈਕਟ ਜੋ ਕਿ 331 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਨਗੇ ਵੀ ਪ੍ਰਕਿਰਿਆ ਅਧੀਨ ਚੱਲ ਰਹੇ ਹਨ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸੂਬੇ ਦੇ ਗੈਰ ਰਵਾਇਤੀ ਊਰਜਾ ਬਾਰੇ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਵਿੱਖ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਗੈਰ ਰਵਾਇਤੀ ਸਾਧਨਾਂ ਤੋਂ ਊਰਜਾ ਦਾ ਉਤਪਾਦਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਸੂਰਜੀ ਊਰਜਾ ਦੇ ਖੇਤਰ ਵਿਚ ਸਭ ਤੋਂ ਵੱਡਾ ਰੂਫ ਟੌਪ (ਛੱਤ ‘ਤੇ ਲੱਗਣ ਵਾਲਾ) ਪ੍ਰੋਜੈਕਟ ਲਗਾ ਕੇ ਮਿਸਾਲ ਕਾਇਮ ਕੀਤੀ ਗਈ ਹੈ । ਇਹ 7.5 ਮੈਗਾਵਾਟ ਦਾ ਪ੍ਰੋਜੈਕਟ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੈ ਅਤੇ ਹੁਣ ਇਸ ਪ੍ਰੋਜੈਕਟ ਦੀ ਸਮਰੱਥਾ 31.5 ਮੈਗਾਵਾਟ ਤੱਕ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਛੱਤਾਂ ‘ਤੇ ਲੱਗਣ ਵਾਲੇ 4 ਸੂਰਜੀ ਊਰਜਾ ਪ੍ਰਾਜੈਕਟਾਂ ਨਾਲ ਇਹ ਸਮਰੱਥਾ ਵੱਧ ਕੇ 64 ਮੈਗਾਵਾਟ ਹੋ ਜਾਵੇਗੀ।

ਪੰਜਾਬ ਸਰਕਾਰ ਦੀ ਸੂਰਜੀ ਊਰਜਾ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਸ.ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਉਦੱਮੀਆਂ ਵਜੋਂ ਵਿਕਸਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਹ ਪਾ੍ਰਜੈਕਟ ਲਗਾਉਣ ਲਈ ਜ਼ਮੀਨ ਠੇਕੇ ‘ਤੇ ਦੇਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 45000 ਰੁਪਏ  ਤੋਂ 55000 ਰੁਪਏ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿਚ ਲੱਗਣ ਵਾਲੇ ਪ੍ਰੋਜੈਕਟਾਂ ਨੂੰ ਜ਼ਮੀਨ ਅਲਾਟ ਕਰਨ ਲਈ 6000 ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨੀਤੀ ਤਹਿਤ ਜਿਥੇ ਬੰਜਰ , ਪਾਣੀ ਦੀ ਘਾਟ ਵਾਲੀਆਂ ਜਮੀਨਾਂ ਅਤੇ ਘੱਟ ਉਪਜਾਊ ਜਮੀਨਾਂ ਉਪਰ ਸੂਰਜੀ ਊਰਜਾ ਪ੍ਰੋਜੈਕਟ ਲਗਾ ਕੇ ਦਿਹਾਤੀ ਖੇਤਰਾਂ ਦੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਦਿੱਤਾ ਜਾ ਸਕਦਾ ਹੈ।

Êਪੰਜਾਬ ਵਿਚ 5000 ਕਿਲੋਮੀਟਰ ਲੰਬੇ ਨਹਿਰੀ ਢਾਂਚੇ ਰਾਹੀਂ ਸੂਰਜੀ ਊਰਜਾ ਦੇ ਖੇਤਰ ਵਿਚ ਮੌਜੂਦ ਸੰਭਾਵਨਾਵਾਂ ਬਾਰੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ 20 ਮੈਗਾਵਾਟ ਦੇ ਸੂਰਜੀ ਊਰਜਾ ਪਲਾਂਟ ਅਲਾਟ ਕੀਤੇ ਜਾ ਰਹੇ ਹਨ।

ਇਸ ਮੌਕੇ ਮੁੱਖ ਤੌਰ ‘ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ, ਚਿਤਿੰਨ ਸਿੰਘ ਸਮਾਓਂ ਤੇ ਪ੍ਰੇਮ ਮਿੱਤਲ (ਦੋਵੇਂ ਵਿਧਾਇਕ), ਪੇਡਾ ਦੇ ਡਾਇਰੈਕਟਰ ਬਲੌਰ ਸਿੰਘ ਤੇ ਏਸਲ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਅਗਰਵਾਲ ਹਾਜ਼ਰ ਸਨ।

Facebook Comment
Project by : XtremeStudioz