Close
Menu

ਪੰਜਾਬ ਵਿਧਾਨ ਸਭਾ ਵਲੋਂ ਹਾਰਸ ਰੇਸ ਸਮੇਤ 13 ਮਹੱਤਵਪੂਰਨ ਬਿਲ ਪਾਸ

-- 02 November,2013

Horse_Racing-hdhut_1383313717ਚੰਡੀਗੜ੍ਹ,2 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਅੱਜ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਕਾਂਗਰਸ ਵਲੋਂ ਗੁਜਰਾਤ ਸਰਕਾਰ ਵਲੋਂ ਉਜਾੜੇ ਜਾ ਰਹੇ ਪੰਜਾਬੀ ਕਿਸਾਨਾਂ ਦੇ ਮੁੱਦੇ ਤੇ ਹਾਊਸ ਤੋਂ ਵਾਕਆਊਟ ਕਰ ਦਿਤਾ ਗਿਆ। ਵਿਰੋਧੀ ਧਿਰ ਵਲੋਂ ਇਹ ਵਾਕਆਊਟ ਹਾਊਸ ਚ ਇਸ ਮਤੇ ਤੇ ਬੋਲਣ ਨਾ ਦੇਣ ਕਾਰਨ ਕੀਤਾ ਗਿਆ। ਇਸ ਤੋਂ ਪਹਿਲਾਂ ਅੱਜ ਪੰਜਾਬ ਵਿਧਾਨ ਸਭਾ ਵਲੋਂ 13 ਮਹੱਤਵਪੂਰਨ ਬਿਲਾਂ ਪਾਸ ਕਰ ਦਿਤੇ ਗਏ। ਇਨ੍ਹਾਂ ਚ ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਸੋਧੇ ਹੋਏ ਬਿਲ ਸਮੇਤ ਪੰਜਾਬ ਚ ਹਾਰਸ ਰੇਸ ਕੋਰਸ ਬਣਾਉਣ ਸਬੰਧੀ ਬਿਲ ਵੀ ਸ਼ਾਮਲ ਹਨ।
ਅੱਜ ਸਿਫਰ ਕਾਲ ਦੌਰਾਨ ਜਿਉਂ ਹੀ ਅਕਾਲੀ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਕੈਨੇਡਾ ਦੇ ਕਿਊਬਕ ਸੂਬੇ ਵਲੋਂ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਬਿਲ ਵਿਰੁੱਧ ਮਤਾ ਪੇਸ਼ ਕਰਨ ਲਈ ਵਿਧਾਨ ਸਭਾ ਚ ਉਠੇ ਤਾਂ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਟੋਕਦਿਆਂ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਬਾਰੇ ਮਤਾ ਲਿਆਉਣਾ ਚਾਹੁੰਦੇ ਹਨ। ਜਾਖੜ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਵਿਧਾਨ ਸਭਾ ਗੁਜਰਾਤ ਸਰਕਾਰ ਨੂੰ ਮਤਾ ਪਾਸ ਕਰਕੇ ਕਹੇ ਕਿ ਉਹ ਉਥੋਂ ਪੰਜਾਬੀ ਕਿਸਾਨਾਂ ਨੂੰ ਉਜਾੜੇ ਨਾ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਿਫਰ ਕਾਲ ਦਾ ਘੱਟ ਸਮਾਂ ਹੋਣ ਦਾ ਹਵਾਲਾ ਦਿੰਦਿਆਂ ਇਸ ਨੂੰ ਖਾਰਜ ਕਰ ਦਿਤਾ। ਇਸ ਤੇ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕਰਦਿਆਂ ਹਾਊਸ ਚੋਂ ਵਾਕਆਊਟ ਕਰ ਦਿਤਾ।

ਇਸ ਤੋਂ ਬਾਦ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਵਲੋਂ ਗੈਰਕਾਨੂੰਨੀ ਕਾਲੋਨੀਆਂ ਸਬੰਧੀ ਸੋਧੇ ਹੋਏ ਬਿਲ ਸਮੇਤ 13 ਮਹੱਤਵਪੂਰਨ ਬਿਲ ਪਾਸ ਕੀਤੇ ਗਏ। ਇਨ੍ਹਾਂ ਬਿਲਾਂ ਚ ਪੰਜਾਬ ਜ਼ਰਾਇਤੀ ਕਰਜ਼ਿਆ ਦੀ ਪ੍ਰਕਿਰਿਆ ਪ੍ਰਣਾਲੀ ਤੇ ਫੁਟਕਲ ਉਪਬੰਧ ਸੋਧ ਬਿਲ, ਪੰਜਾਬ ਕਾਨੂੰਨ ਸੋਧ ਬਿਲ, ਪੰਜਾਬ ਭੌਂ ਮਾਲੀਆ ਸੋਧ ਬਿਲ, ਪੰਜਾਬ ਮਕੈਨੀਕਲ ਗੱਡੀਆਂ ਸੋਧ ਬਿਲ, ਪੰਜਾਬ ਮੁੱਲ ਅਧਾਰਤ ਕਰ ਦੂਜੀ ਸੋਧ ਬਿਲ, ਪੰਜਾਬ ਖੇਤਰੀ ਤੇ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਸੋਧ ਬਿਲ, ਪੂਰਬੀ ਪੰਜਾਬ ਜੰਗੀ ਜ਼ਗੀਰਾਂ ਸੋਧ ਬਿਲ, ਪੰਜਾਬ ਬੁਨਿਆਦੀ ਢਾਂਚਾ ਸੋਧ ਬਿਲ, ਭਾਰਤੀ ਅਸ਼ਟਾਮ ਸੋਧ ਬਿਲ, ਪੰਜਾਬ ਹੋਰਸ ਰੇਸ ਸੋਧ ਬਿਲ, ਪੰਜਾਬ ਪੁਰਾਤਨ ਇਤਹਾਸਕ ਸਮਾਰਕਾਂ, ਪੁਰਾਤਤਵ ਸਥਾਨਾਂ ਤੇ ਸਭਿਆਚਾਰਕ ਵਿਰਸਾ ਸਾਂਭ ਸੰਭਾਲ ਬੋਰਡ ਸੋਧ ਬਿਲ, ਪੰਜਾਬ ਪੁਲਿਸ ਸੋਧ ਬਿਲ ਤੇ ਪੰਜਾਬ ਰਾਜ ਕੈਂਸਰ ਤੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਲਈ ਬੁਨਿਆਦੀ ਢਾਂਚਾ ਫੰਡ ਸੋਧ ਬਿਲ 2013 ਸ਼ਾਮਲ ਹਨ।

ਸਪੀਕਰ ਦਾ ਸੱਤਾਧਾਰੀ ਤੇ ਵਿਰੋਧੀ ਧਿਰ ਮੈਂਬਰਾਂ ਨੂੰ ਲੰਚ

ਇਸ ਇਸ ਉਪਰੰਤ ਠੀਕ ਡੇਢ ਵਜੇ ਸਪੀਕਰ ਵਲੋਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਲੰਚ ਦਿਤਾ ਗਿਆ। ਅੱਜ ਕਾਫੀ ਅਰਸੇ ਬਾਦ ਅਕਾਲੀ-ਭਾਜਪਾ ਤੇ ਕਾਂਗਰਸੀ ਵਿਧਾਇਕਾਂ ਨੇ ਇਕੱਠਿਆਂ ਵਿਧਾਨ ਸਭਾ ਕੰਪਲੈਕਸ ਚ ਦੁਪਹਿਰ ਦੇ ਖਾਣੇ ਦਾ ਇਕੱਠਿਆਂ ਲੁਤਫ ਲਿਆ। ਜ਼ਿਕਰਯੋਗ ਗੱਲ ਇਹ ਸੀ ਕਿ ਇਸ ਵਾਰ ਦੇ ਲੰਚ ਚ ਖਾਸ ਤੌਰ ਤੇ ਕੁਝ ਕੁਰਸੀਆਂ ਵੀ ਲਗਾਈਆਂ ਗਈਆਂ ਸਨ, ਜਿਸ ਚ ਇਕ ਸਾਈਡ ਤੇ ਇਕੱਲੀ ਸਪੀਕਰ ਦੀ ਕੁਰਸੀ ਸੀ ਜਦਕਿ ਬਾਕੀ ਉਨ੍ਹਾਂ ਦੇ ਸਾਹਮਣੇ 5-5 ਕੁਰਸੀਆਂ ਹੋਰ ਵੀ ਲਗਾਈਆ ਗਈਆਂ ਸਨ। ਖਾਣੇ ਲਈ ਅਟਵਾਲ ਦੇ ਖੱਬੇ ਹੱਥ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸੱਜੇ ਹੱਥ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਬੈਠੇ ਸਨ ਜਦਕਿ ਕੁਝ ਕੈਬਨਟ ਮੰਤਰੀਆਂ ਸਣੇ ਕਾਂਗਰਸੀ ਵਿਧਾਇਕ ਵੀ ਇਨ੍ਹਾਂ ਕੁਰਸੀਆਂ ਤੇ ਬਿਰਾਜਮਾਨ ਸਨ। ਇਸ ਤੋਂ ਇਲਾਵਾ ਬਾਕੀ ਵਿਧਾਇਕਾਂ ਲਈ ਵੀ ਕੁਝ ਕੁਰਸੀਆਂ ਲਗਾਈਆ ਗਈਆਂ ਸਨ ਪਰ ਉਹ ਇਸ ਮੇਨ ਮੰਚ ਤੋਂ ਕੁਝ ਹਟਕੇ ਸਨ। ਇਸ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਦੀਆਂ ਮਹਿਲਾ ਵਿਧਾਇਕਾਂ ਵੀ ਇਕੱਠੀਆਂ ਹੋ ਕੇ ਸਾਈਡ ਤੇ ਬੈਠ ਗਈਆਂ ਤੇ ਆਪਸ ਚ ਹਾਸੇ ਠੱਠੇ ਕਰਦੀਆਂ ਦੇਖੀਆਂ ਗਈਆਂ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਤੱਕ ਵਿਧਾਨ ਸਭਾ ਚ ਮਿਹਣੋ-ਮਿਹਣੀ ਹੋ ਰਹੇ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕ ਵੀ ਆਪਸ ਚ ਹਸ-ਹਸ ਗੱਲਾਂ ਕਰਦੇ ਦੇਖੇ ਗਏ। ਖੈਰ ਇਸ ਚ ਬੁਰਾਈ ਵੀ ਕੋਈ ਨਹੀਂ ਹੈ। ਸਿਆਸਤੀ ਵਿਰੋਧ ਵੱਖਰੀ ਗੱਲ ਹੈ ਜਦਕਿ ਆਮ ਭਾਈਚਾਰੇ ਤੇ ਸਦਭਾਵਨਾ ਦੀ ਗੱਲ ਵੱਖਰੀ ਹੈ।

Facebook Comment
Project by : XtremeStudioz