Close
Menu

ਪੰਜਾਬ ਵਿਧਾਨ ਸਭਾ ਸੈਸ਼ਨ : ਸੱਤਾਧਿਰ ਤੇ ਵਿਰੋਧੀ ਨੇ ਰੇਤਾ ਬਜ਼ਰੀ ਦੇ ਮੁੱਦੇ ਤੇ ਇੱਕ-ਦੂਜੇ ਨੂੰ ਲਾਏ ਰੱਜ ਕੇ ਰਗੜੇ

-- 01 November,2013

1 (2)ਚੰਡੀਗੜ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਰੇਤਾ ਬਜ਼ਰੀ ਦੀ ਕਿੱਲਤ ਤੇ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਜ਼ੋਰ ਸ਼ੋਰ ਨਾਲ ਗੂੰਜਿਆ। ਸੱਤਾ ਧਿਰ ਅਕਾਲੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਸੂਬੇ ਵਿਚ ਰੇਤਾ ਬਜ਼ਰੀ ਦੀ ਭਾਰੀ ਕਿੱਲਤ ਤੇ ਗੈਰਕਾਨੂੰਨੀ ਮਾਈਨਿੰਗ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ। ਦੋਵੇਂ ਧਿਰਾਂ ਵਿਚਕਾਰ ਹੋਈ ਤਿੱਖੀ ਬਹਿਸ ਤੇ ਨੋਕਝੋਕ ਤੋਂ ਬਾਅਦ ਸਦਨ ਵਿਚ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਨ ਵਾਸਤੇ ਮਤਾ ਪਾਸ ਕਰ ਦਿੱਤਾ ਗਿਆ।
ਸਦਨ ਵਿਚ ਰੇਤਾ ਬਜ਼ਰੀ ਦੇ ਮੁੱਦੇ ਦਾ ਪ੍ਰਸਤਾਵ ਸਰਕਾਰ ਵਲੋਂ ਭਾਜਪਾ ਦੇ ਮੰਤਰੀ ਮਦਨ ਮੋਹਨ ਮਿੱਤਲ ਨੇ ਪੇਸ਼ ਕਰਦਿਆਂ ਮੰਨਿਆ ਕਿ ਪਿਛਲੇ ਸਾਲਾਂ ਵਿਚ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ। ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਾਫੀ ਸਖ਼ਤ ਕਦਮ ਚੁੱਕੇ ਗਏ ਹਨ। ਪ੍ਰੰਤੂ ਗੈਰ ਕਾਨੂੰਨੀ ਮਾਈਨਿੰਗ ਲਈ ਕਾਫੀ ਹੱਦ ਤੱਕ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਕਿਉਂਕਿ ਕੇਂਦਰ ਨੇ ਸਾਲ 2006 ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮਾਈਨਿੰਗ ਦੀ ਖੁਦਾਈ ਲਈ ਪੰਜਾਬ ਸਰਕਾਰ ਉਤੇ ਕੇਂਦਰ  ਤੋਂ ਵਾਤਾਵਰਣ ਕਲੀਅਰੈਂਸ ਲੈਣ ਦੀ ਸ਼ਰਤ ਲਗਾ ਰੱਖੀ ਹੈ। ਜਿਸ ਕਾਰਨ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਭੇਜੇ  ਜਾਂਦੇ ਮਾਈਨਿੰਗ ਦੀ ਖੁਦਾਈ ਦੇ ਕੇਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਤੇ ਜਾਣਬੁੱਝ ਕੇ ਕੇਂਦਰ ਵਲੋਂ ਮਾਮਲੇ ਲੰਬਿਤ ਰੱਖੇ ਜਾ ਰਹੇ ਹਨ। ਜਿਸ ਕਾਰਨ ਸੂਬੇ ਵਿਚ ਸਰਕਾਰੀ ਮਾਈਨਿੰਗ ਦੇ ਠੇਕੇ ਅਲਾਟ ਕਰਨ ਵਿਚ ਭਾਰੀ ਮੁਸ਼ਕਲ ਆ ਰਹੀ ਹੈ ਤੇ ਮਾਈਨਿੰਗ ਦਾ ਕੰਮ ਪੂਰੀ ਤਰ•ਾਂ ਨਾਲ ਠੱਪ ਪਿਆ। ਕੇਂਦਰੀ ਮੰਤਰਾਲੇ ਨਾਲ ਟਕਰਾਅ ਦੇ ਚੱਲਦੇ ਮਾਈਨਿੰਗ ਦੇ ਅਨੇਕਾਂ ਕੇਸ ਮਾਣਯੋਗ ਹਾਈਕੋਰਟ ਵਿਚ ਪੈਡਿੰਗ ਪਏ ਹਨ। ਕੇਂਦਰ ਸਰਕਾਰ ਦੇ ਵਾਤਾਵਰਣ ਮੰਤਰਾਲੇ ਕੋਲ ਕਲੀਅਰੈਂਸ ਦੇ ਕੇਸ ਰੁਕੇ ਹੋਣ ਕਾਰਨ ਸੂਬੇ ਵਿਚ 1593 ਹੈਕਟੇਅਰ ਭਾਵ 1465 ਏਕੜ ਮਾਈਨਿੰਗ ਰੁਕੀ ਪਈ ਹੈ। ਰੇਤੇ ਬਜ਼ਰੀ ਦੀ ਕਮੀ ਕਾਰਨ ਹੀ ਸੂਬੇ ਵਿਚ ਰੇਤੇ ਬਜ਼ਰੀ ਦੇ ਰੇਟ ਅਸਮਾਨੀ ਛੂਹ ਰਹੇ ਲੋਕਾਂ ਵਿਚ ਇੰਨਾ ਹੱਲਾ ਗੁੱਲਾ ਹੋ ਰਿਹਾ ਹੈ। ਮਿੱਤਲ ਨੇ ਕਿਹਾ ਕਿ ਰਾਜ ਵਿਚ ਮਾਈਨਿੰਗ ਬੰਦ ਹੋਣ ਕਾਰਨ ਸਾਰੇ ਕਰੈਸ਼ਰ ਬੰਦ ਪਏ ਹਨ। ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮਾਈਨਿੰਗ ਸਬੰਧੀ ਜਿਹੜੇ ਕਾਂਗਰਸੀ ਸਭ ਤੋਂ ਵੱਧ ਸ਼ੋਰ ਮਚਾਉਂਦੇ ਹਨ, ਸਭ ਤੋਂ ਵੱਧ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਇਨ•ਾਂ ਵਿਚੋਂ ਹੀ ਕਰ ਰਹੇ ਹਨ। ਮਿੱਤਲ ਨੇ ਕਿਹਾ ਕਿ ਮੈਂ ਸਦਨ ਵਿਚ ਕਿਸੇ ਦਾ ਵੀ ਨਿੱਜੀ ਨਾਮ ਨਹੀਂ ਲੈਣਾ ਚਾਹੁੰਦਾ। ਉਨ•ਾਂ ਕਿਹਾ ਕਿ ਮਾਈਨਿੰਗ ਦੇ ਕੇਂਦਰ ਕੋਲ ਪੈਡਿੰਗ ਪਏ ਕੇਸਾਂ ਨੂੰ ਕਲੀਅਰੈਂਸ ਦਿਵਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਪ੍ਰਧਾਨ ਮੰਤਰੀ ਕੋਲ ਗਏ ਤੇ ਕੇਂਦਰੀ ਮੰਤਰੀਆਂ ਕੋਲ ਵੀ ਮੁੱਦਾ ਉਠਾਇਆ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੈ।

ਰੇਤਾ ਬਜ਼ਰੀ ਦੇ ਮਤੇ ‘ਤੇ ਬਹਿਸ ਦੌਰਾਨ ਕੌਣ ਕੌਣ ਬੋਲਿਆ

ਵਿਰੋਧੀ ਧਿਰ ਵਲੋਂ
‘ਜਥੇਦਾਰਾਂ ਕਰਕੇ ਰੇਤਾ ਸੋਨੇ ਦੇ ਭਾਅ ਵਿਕ ਰਿਹੈ : ਜਾਖੜ
ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸਦਨ ਵਿਚ ਰੇਤਾ ਬਜ਼ਰੀ ਦੇ ਮੁੱਦੇ ਉਤੇ ਕਾਂਗਰਸ ਵਲੋਂ ਬੋਲਦਿਆਂ ਕਿਹਾ ਕਿ ਉਨ•ਾਂ ਨੂੰ ਗੈਰਕਾਨੂੰਨੀ ਮਾਈਨਿੰਗ ਰੋਕਣ ਵਾਸਤੇ ਸਰਕਾਰ ਦੀ ਨੀਅਤ ਉਤੇ ਹੀ ਸ਼ੱਕ ਹੈ। ਅਸਲੀਅਤ ਇਹ ਹੈ ਕਿ ਪੰਜਾਬ ਵਿਚ  ਅਕਾਲੀ ਜਥੇਦਾਰਾਂ ਕਰਕੇ ਰੇਤਾ ਬਜ਼ਰੀ ਸੋਨੇ ਦੇ ਭਾਅ ਵਿਕ ਰਹੀ ਹੈ। ਉਨ•ਾਂ ਕਿਹਾ ਕਿ ਸਰਕਾਰ ਮਾਈਨਿੰਗ ਪਾਲਿਸੀ ਸਮੇਂ ਸਿਰ ਲਿਆਉਣ ਵਿਚ ਨਾਕਾਮ ਰਹੀ ਹੈ। ਮਾਈਨਿੰਗ ਪਾਲਿਸੀ ਕਰਕੇ ਸੂਬੇ ਵਿਚ ਭੱਠੇ ਬੰਦੇ ਹੋਏ ਹਨ। ਗੈਰਕਾਨੂੰਨੀ ਮਾਈਨਿੰਗ ਉਤੇ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਕਈ ਵਾਰ ਫਟਕਾਰ ਲਗਾਈ ਹੈ ਅਤੇ ਇੰਡਸਟਰੀ ਸੈਕਟਰੀ ਨੂੰ ਕਈ ਵਾਰ ਅਦਾਲਤ ਵਿਚ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਇਥੋਂ ਤੱਕ  ਹਾਲਤ ਇਹ ਹੈ ਕਿ ਸਰਕਾਰ ਮਾਈਨਿੰਗ  ਪਾਲਿਸੀ ਉਤੇ ਹਾਈਕੋਰਟ ਵਿਚ ਐਫੀਡੇਬਿਟ ਫਾਇਲ ਨਹੀਂ ਕਰ ਸਕੀ। ਹਾਈਕੋਰਟ ਨੇ ਸਰਕਾਰ ਨੂੰ ਗੈਰਕਾਨੂੰਨੀ ਮਾਈਨਿੰਗ ਦੀ ਜਾਂਚ ਕਰਾਉਣ ਲਈ ਕਿਹਾ ਤਾਂ ਪੰਜਾਬ ਸਰਕਾਰ ਨੇ ਐਸਆਈਟੀ ਟੀਮ ਥਾਣੇਦਾਰਾਂ ਦੀ ਬਣਾ ਦੇ ਬੁੱਤਾ ਸਾਰ ਦਿੱਤਾ। ਰੇਤ ਮਾਫੀਆ ਖਿਲਾਫ ਲੜਾਈ ਲੜਦੇ  ਹੋਏ ਇੱਕ ਸੀਨੀਅਰ ਪੱਤਰਕਾਰ ਜਸਦੀਪ ਮਲਹੋਤਰਾ ਦੀ ਦੁਰਘਟਨਾ ਵਿਚ ਮੌਤ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਜਗਮੋਹਨ ਕੰਗ
ਕਾਂਗਰਸੀ ਵਿਧਾਇਕ ਜਗਮੋਹਨ ਕੰਗ ਨੇ ਕਿਹਾ ਕਿ ਉਨ•ਾਂ ਦੇ ਹਲਕੇ ਵਿਚ ਕਈ ਅਕਾਲੀ  ਆਗੂਆਂ ਦੇ ਠੇਕੇ  ਚੱਲ ਰਹੇ ਹਨ। ਸ਼ਰ•ੇਆਮ ਰੇਤ ਮਾਫੀਆ ਗੈਰਕਾਨੂੰਨੀ ਮਾਈਨਿੰਗ ਕਰ ਰਿਹਾ  ਹੈ। ਸਵਾ ਸਾਲ ਹੋ ਗਈ ਹੈ ਅਜੇ ਤੱਕ ਸਰਕਾਰ ਕਲੀਅਰੈਂਸ ਹੀ ਨਹੀਂ ਲੈ ਸਕੀ ਹੈ। ਮੈਂ ਕਈ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਵੀ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਚਿੱਠੀਆਂ ਲਿਖ ਚੁੱਕਿਆ ਹੈ ਅਤੇ ਬਹੁਤ ਹੀ ਹੈਰਾਨ ਤੇ ਪ੍ਰੇਸ਼ਾਨ ਹਾਂ। ਰੇਤ ਮਾਫੀਆ ਸਰਕਾਰ ਦੀ ਸ਼ੈਅ ਉਤੇ ਚੱਲ ਰਿਹਾ ਹੈ।

ਸੱਤਾ ਧਿਰ ਵਲੋਂ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਦਨ ਨੂੰ ਦੱਸਿਆ ਕਿ ਮੈਂ ਪੁਲਿਸ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਲੀਅਰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਾ ਜਾਵੇ ਅਤੇ ਉਨ•ਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਦੋ ਹਜ਼ਾਰ ਦੇ ਕਰੀਬ ਗੈਰ ਮਾਈਨਿੰਗ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਅਤੇ 3400 ਬੰਦਿਆਂ ਨੂੰ ਜੇਲ• ਅੰਦਰ ਕੀਤਾ ਤੇ ਉਨ•ਾਂ ਦੇ ਵਾਹਨ ਜ਼ਬਤ ਕੀਤੇ। ਉਨ•ਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਰੋਕਣਾ ਮੇਰੀ ਡਿਊਟੀ ਹੈ। ਮੁਸ਼ਕਲ ਇਕੱਲੇ ਪੰਜਾਬ ਦੀ ਹੀ ਨਹੀਂ ਹੈ ਬਲਕਿ ਗੋਆ ਅਸੈਬੰਲੀ ਵਿਚ ਵੀ ਇਹੀ ਰੌਲਾ ਰੱਪਾ ਮਾਈਨਿੰਗ ਦਾ ਪਿਆ, ਹਰਿਆਣਾ ਵਿਚ ਵੀ ਰੇਤੇ ਬਜ਼ਰੀ ਦੇ ਪੰਜਾਬ ਨਾਲੋਂ ਡਬਲ ਰੇਟ ਚੱਲ ਰਹੇ ਹਨ। ਕੇਂਦਰੀ ਵਾਤਾਵਰਣ ਮੰਤਰਾਲੇ ਦੀ ਕਲੀਅਰੈਂਸ ਨਾ ਮਿਲਣ ਕਾਰਨ ਪੂਰੇ ਦੇਸ਼ ਵਿਚ ਗੈਰਕਾਨੂੰਨੀ ਮਾਈਨਿੰਗ ਚੱਲ ਰਹੇ ਹੈ ਅਤੇ ਰੇਤਾ ਬੱਜ਼ਰੀ ਦੇ ਰੇਟ ਅਸਮਾਨੀ ਛੂਹ ਰਹੇ ਹਨ ਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਬੀਰ ਬਾਦਲ ਨੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਕਿਹਾ ਕਿ ਜੇ ਲੋੜ ਪਈ ਤਾਂ ਉਹ ਉਨ•ਾਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਕੋਲ ਕੇਸ ਹੱਲ ਕਰਾਉਣ ਲਈ ਬੇਨਤੀ ਕਰਨਗੇ।
ਰੇਤਾ ਬਜ਼ਰੀ ਦੀ ਕਿੱਲਤ ਲਈ ਕੇਂਦਰ ਜ਼ਿੰਮੇਵਾਰ : ਬਾਦਲ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਰੇਤਾ ਬਜ਼ਰੀ ਦੀ ਭਾਰੀ ਕਿੱਲਤ ਲਈ ਵੱਡੀ ਮੁਸ਼ਕਲ ਕੇਂਦਰ ਸਰਕਾਰ ਵਲੋਂ ਹੈ। ਕੇਂਦਰ ਸਰਕਾਰ ਪੰਜਾਬ ਵਿਚ ਮਾਈਨਿੰਗ ਦੇ ਕੇਸਾਂ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਅਤੇ ਜਾਣਬੁੱਝ ਕੇ ਰੌੜਾ ਅਟਕਾ ਕੇ ਸਿਆਸਤ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਮਾਈਨਿੰਗ ਦੇ ਕੇਸਾਂ ਵਿਚ ਵਾਤਾਵਰਣ ਕਲੀਅਰੈਂਸ ਦੀ ਸ਼ਰਤ ਕੇਂਦਰ ਨੇ ਲਗਾਈ ਹੈ ਅਤੇ ਸਾਡੇ ਕੇਸ ਕੇਂਦਰੀ ਵਾਤਾਵਰਣ ਮੰਤਰਾਲੇ ਵਿਚ ਫਸੇ ਹੋਏ ਹਨ। ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਮਹਿੰਗੇ ਭਾਅ ਰੇਤਾ ਬਜ਼ਰੀ ਮਿਲ ਰਹੀ ਹੈ। ਜਦੋਂ ਬਾਜ਼ਾਰ ਵਿਚ ਕਿਸੇ ਚੀਜ਼ ਦੀ ਕਿੱਲਤ ਹੁੰਦੀ ਹੈ ਤਾਂ ਉਸਦੇ ਰੇਟ ਤਾਂ ਵੱਧਦੇ ਹੀ ਹਨ।
ਜਦੋਂ ਮਿੱਤਲ ਤੇ ਕੰਗ ਵਿਚਾਲੇ ਸਿੰਗ ਫਸੇ
ਸਦਨ ਵਿਚ ਜਦੋਂ ਭਾਜਪਾ ਦੇ ਮੰਤਰੀ ਰੇਤਾ ਬਜ਼ਰੀ ਦੇ ਮੁੱਦੇ ਉਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਤਾਂ ਕਾਂਗਰਸੀ ਵਿਧਾਇਕ ਜਗਮੋਹਨ ਕੰਗ ਨਾਲ ਉਨ•ਾਂ ਦਾ ਕਾਫੀ ਤਿੱਖਾ ਟਕਰਾਅ ਹੋਇਆ। ਇੱਥੋਂ ਤੱਕ ਕਿ ਸ੍ਰੀ ਮਿੱਤਲ ਨੇ ਕੰਗ ਨੂੰ ਕਿਹਾ ਕਿ ਉਹ ਸਦਨ ਵਿਚ ਰੇਤਾ ਬਜ਼ਰੀ ਤੇ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਉਤੇ ਕਿਸੇ ਦਾ ਵੀ ਨਾਂ ਨਹੀਂ ਲੈਣਾ ਚਾਹੁੰਦੇ ਸਨ ਅਤੇ ਨਾ ਹੀ ਮੈਂ  ਚਾਹੁੰਦਾ ਸੀ ਕਿ ਪਰਸਨਲ ਗੱਲਾਂ ਕੀਤੀਆਂ ਜਾਣਗੇ। ਇਸ ਦੌਰਾਨ ਜਦੋਂ ਕੰਗ ਮਿੱਤਲ ਨੂੰ ਟੋਕਾਟਾਕੀ ਕਰਨੋਂ ਨਾ ਹਟੀ ਤਾਂ ਮਿੱਤਲ ਨੇ ਸਦਨ ਵਿਚ ਕੰਗ ਨੂੰ ਖ਼ਰੀਆਂ ਖ਼ਰੀਆਂ ਸੁਣ ਹੀ ਦਿੱਤੀਆਂ।

Facebook Comment
Project by : XtremeStudioz