Close
Menu

ਪੰਜਾਬ ਵਿੱਚ ਬੇਮੌਸਮੀ ਮੀਂਹ ਕਾਰਨ ਫਸਲਾਂ ਤਬਾਹ

-- 23 September,2015

ਚੰਡੀਗੜ੍ਹ, 23 ਸਤੰਬਰ
ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬੇਮੌਸਮੀ ਬਾਰਿਸ਼ ਕਾਰਨ ਝੋਨੇ ਸਮੇਤ ਸਾਉਣੀ ਦੀਆਂ ਹੋਰਨਾਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੋਗਾ ਜ਼ਿਲ੍ਹੇ ਦੇ ਕੋਟਈਸੇ ਖਾਂ ਖੇਤਰ ਵਿੱਚ ਝੱਖੜ ਕਾਰਨ 10 ਤੋਂ ਵੱਧ ਘਰਾਂ ਦੀਆਂ ਛੱਤਾਂ ਉੱਡ ਗਈਆਂ ਤੇ ਝੁੱਗੀਆਂ ਢਹਿ ਗਈਆਂ। ਇਸ ਨਾਲ ਦਰਜਨ ਦੇ ਕਰੀਬ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਘਰ ਢਹਿ ਗਏ ਉਨ੍ਹਾਂ ਪਰਿਵਾਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਜ਼ਖ਼ਮੀਆਂ ਨੂੰ ਹਸਤਪਾਲ ਦਾਖ਼ਲ ਕਰਾ ਦਿੱਤਾ ਗਿਆ ਹੈ। ਝੱਖਡ਼ ਕਾਰਨ ਪਸ਼ੂਆਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।
ਖੇਤੀਬਾੜੀ ਵਿਭਾਗ ਦੇ ਡਾਇਰਕੈਟਰ ਡਾ. ਗੁਰਦਿਆਲ ਸਿੰਘ ਮੁਤਾਬਕ ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਅੱਜ ਜ਼ਿਆਦਾ ਬਾਰਿਸ਼ ਹੋਣ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਵਿੱਚ ਅੱਜ 23 ਮਿਲੀਮੀਟਰ, ਤਰਨਤਾਰਨ ਵਿੱਚ 15, ਗੁਰਦਾਸਪੁਰ  ’ਚ 21, ਮੋਗਾ ’ਚ 11, ਮਾਨਸਾ ’ਚ 7 ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਉਂਜ ਬਰਨਾਲਾ, ਸੰਗਰੂਰ, ਪਟਿਆਲਾ, ਨਵਾਂਸ਼ਹਿਰ, ਲੁਧਿਆਣਾ, ਜਲੰਧਰ, ਕਪੂੁਰਥਲਾ ਜ਼ਿਲ੍ਹਿਆਂ ਦੇ ਕਈ ਭਾਗਾਂ ਵਿੱਚ ਵੀ ਭਰਵੀਂ ਬਾਰਸ਼ ਹੋਈ ਹੈ, ਪਰ ਬਾਰਸ਼ ਦੇ ਰਿਕਾਰਡ ਦੀ ਹਾਲੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਪੰਜਾਬ ਦੇ ਤਕਰੀਬਨ ਸਾਰੇ ਭਾਗਾਂ ਵਿੱਚ ਹੀ ਅੱਜ ਸਾਰਾ ਦਿਨ ਰੁਕ ਰੁਕ ਕੇ ਬਰਸਾਤ ਹੁੰਦੀ ਰਹੀ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਦੇ ਮੀਂਹ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਮਿੱਟੀ ’ਚ ਰੋਲ ਕੇ ਰੱਖ ਦਿੱਤਾ। ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਨੇ ਖਾ ਲਿਆ ਤੇ ਹੁਣ ਝੋਨੇ ਦੀ ਫਸਲ ਬੇਮੌਸਮੇ ਮੀਂਹ ਨੇ ਖ਼ਰਾਬ ਕਰ ਦਿੱਤੀ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਬਾਸਮਤੀ ਦੀ ਫਸਲ ਜ਼ਮੀਨ ’ਤੇ ਵਿਛ ਗਈ ਜਿਸ ਨਾਲ ਕਟਾਈ ਵਿੱਚ ਤਾਂ ਦਿੱਕਤ ਆਵੇਗੀ ਹੀ ਸਗੋਂ ਦਾਣੇ ਕਾਲੇ ਪੈਣ ਦਾ ਖ਼ਦਸ਼ਾ ਵੀ ਖੜ੍ਹਾ ਹੋ ਗਿਆ ਹੈ। ਇਸੇ ਤਰ੍ਹਾਂ ਮਾਲਵੇ ਵਿੱਚ ਨਰਮੇ ਦੀ ਫਸਲ ਜਿਹੜੀ ਚੁਗਣ ’ਤੇ ਆਈ ਹੋਈ ਸੀ, ਦਾ ਜ਼ਿਆਦਾ ਨੁਕਸਾਨ ਹੋਇਆ ਹੈ।

Facebook Comment
Project by : XtremeStudioz