Close
Menu

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰੇ ਕੇਂਦਰ ਸਰਕਾਰ: ਭੱਠਲ

-- 21 July,2015

ਚੰਡੀਗੜ੍ਹ, 21 ਜੁਲਾਈ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਅਕਾਲੀ ਭਾਜਪਾ ਸਰਕਾਰ ਵਿਰੁਧ ਤਿੱਖ਼ੇ ਹਮਲੇ ਕਰਦਿਆ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਚਲਦਾ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਨਾਲ ਹੀ ੳੁਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਬਾਰੇ ਜਲਦੀ ਫ਼ੈਸਲਾ ਲਿਆ ਜਾਵੇ ਕਿਉਂਕਿ ਫ਼ੈਸਲੇ ਵਿੱਚ ਦੇਰੀ  ਕਰਨ ਨਾਲ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਵੇਗਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪੰਜਾਬ ਬਾਰੇ ਜੋ ਵੀ ਫ਼ੈਸਲਾ ਕਰਨਾ ਹੈ,ਉਹ ਜਲਦੀ ਕੀਤਾ ਜਾਵੇ। ਆਗੂਆਂ ਵਿਚਾਲੇ ਤਾਲਮੇਲ ਲਈ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ। ਇਸ ਨਾਲ ਪਾਰਟੀ ਇੱਕਜੁੱਟ ਹੋ ਕੇ ਕੰਮ ਕਰੇਗੀ ਅਤੇ ਵਿਰੋਧੀਆਂ ਨੂੰ ਵੀ ਗੱਲਾਂ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਸਾਡੇ ਲੀਡਰ ਹਨ ਤੇ ਲੋਕ ਸਭਾ ਵਿੱਚ ਪਾਰਟੀ ਦੇ ਡਿਪਟੀ ਆਗੂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਨਹੀਂ ਹਨ।
ਅਕਾਲੀ-ਭਾਜਪਾ ਸਰਕਾਰ ਵਿਰੁੱਧ ਹਮਲੇ ਕਰਦਿਅਾਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰੇਕ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਸਰਕਾਰ ਦਾ ਸੱਤਾ ਵਿੱਚ ਰਹਿਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ੳੁਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਸਰਕਾਰ ਨੂੰ ਚਲਦਾ ਕੀਤਾ ਜਾਵੇ। ਸਰਕਾਰ ਦੀ ਮਾਲੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਇਸ ਨੂੰ ਸੰਕਟ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੈ ਤੇ ਨਾ ਹੀ ਮਾਲੀ ਸਹਾਇਤਾ ਜਾਂ ਪੈਕੇਜ ਦੇਣ ਲਈ ਤਿਆਰ ਹੈ। ਸ੍ਰੀਮਤੀ ਭੱਠਲ ਨੇ ਕਿਹਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦਾ ਵੱਖਰਾ ਹੀ ਰਾਜ ਹੈ ਤੇ ਇਸ ਸਥਿਤੀ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਵੱਸ ਹੋ ਕੇ ਰਹਿ ਗਏ ਹਨ। ਉਹ ਮੰਤਰੀਆਂ ਵਿਰੁਧ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਤਾਅਨੇ ਦੇ ਹੀ ਕੰਮ ਚਲਾ ਦਿੰਦੇ ਹਨ। ਇਸ ਸਥਿਤੀ ਵਿੱਚ ਇਸ ਸਰਕਾਰ ਦਾ ਸੱਤਾ ਵਿੱਚ ਬਣੇ ਰਹਿਣਾ ਸੂਬੇ ਦੇ ਹਿੱਤ ਵਿੱਚ ਨਹੀਂ ਹੈ ਤੇ ਇਸ ਨੂੰ ਜਾਣਾ ਚਾਹੀਦਾ ਹੈ।

Facebook Comment
Project by : XtremeStudioz