Close
Menu

ਪੰਜਾਬ ਵਿੱਚ ਲਿੰਗ ਅਨੁਪਾਤ 19 ਅੰਕ ਸੁਧਰਿਆ

-- 20 December,2013

ਚੰਡੀਗੜ੍ਹ,20 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਸਰਕਾਰ ਦੇ ਜਨਗਣਨਾ ਵਿਭਾਗ ਵੱਲੋਂ ਦੋ ਦਿਨਾਂ ਜਨਗਣਨਾ ਡਾਟਾ ਪਸਾਰ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਜਿਸਦਾ ਉਦਘਾਟਨ ਸ੍ਰੀਮਤੀ ਸੀਮਾ ਜੈਨ ਡਾਇਰੈਕਟਰ ਜਨਗਣਨਾ ਪੰਜਾਬ ਨੇ ਕੀਤਾ ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਂਟਰ ਫਾਰ ਸੈਂਸਜ਼ ਸਟੱਡੀ ਐਂਡ ਰਿਸਰਚ (ਸੀ.ਸੀ.ਐਸ.ਆਰ.) ਅਤੇ ਯੂ.ਐਮ.ਐਫ.ਪੀ.ਏ. ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਸ੍ਰੀਮਤੀ ਜੈਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਡਾਟਿਆਂ ਦੇ ਨਤੀਜਿਆਂ ਮੁਤਾਬਕ 2001 ਤੋਂ 2011 ਦਰਮਿਆਨ ਪੰਜਾਬ ‘ਚ ਲਿੰਗ ਅਨੁਪਾਤ ਵਿੱਚ 19 ਅੰਕਾਂ ਦਾ ਸੁਧਾਰ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਿਥੇ ਪ੍ਰਤੀ ਹਜ਼ਾਰ ਮੁੰਡਿਆਂ ਪਿੱਛੇ 876 ਲੜਕੀਆਂ ਸਨ, ਉਥੇ ਹੁਣ ਇਹ ਦਰ 895 ਹੋ ਗਈ ਹੈ। ਸ੍ਰੀਮਤੀ ਜੈਨ ਅਨੁਸਾਰ ਉਕਤ ਅਰਸੇ ਦੌਰਾਨ ਸੂਬੇ ਦੀ ਆਬਾਦੀ 13.9 ਫ਼ੀਸਦੀ ਵਧੀ, ਜੋ 1961 ਤੋਂ ਬਾਅਦ ਦੇ ਦਹਾਕਿਆਂ ਦੀ ਜਨਗਣਨਾ ਮੁਤਾਬਕ ਸਭ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸੂਬੇ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ, ਜਿਥੇ ਕੁਲ ਆਬਾਦੀ ਦੀ 12.6 ਫ਼ੀਸਦੀ ਵਸੋਂ ਰਹਿੰਦੀ ਹੈ ਜਦ ਕਿ ਬਰਨਾਲਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਰਿਹਾ, ਜਿਥੇ ਕੁਲ ਆਬਾਦੀ ਦੀ 2.2 ਫ਼ੀਸਦੀ ਵਸੋਂ ਹੈ। ਸੂਬੇ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਸੋਂ ਦੀ ਦਰ, ਕੁਲ ਵਸੋਂ ਦੇ ਹਿਸਾਬ ਨਾਲ 31.9 ਫ਼ੀਸਦੀ ਬਣਦੀ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਸਾਲ 2001 ਵਿੱਚ ਜਿਥੇ ਪੰਜਾਬ ਦੀ ਸ਼ਹਿਰੀ ਆਬਾਦੀ 33.9 ਫ਼ੀਸਦੀ ਸੀ, ਉਥੇ 2011 ‘ਚ ਇਹ ਦਰ ਵੱਧ ਕੇ 37.5 ਫ਼ੀਸਦੀ ਹੋ ਗਈ ਹੈ। ਸਾਰੇ ਜ਼ਿਲ੍ਹਿਆਂ ‘ਚ ਸ਼ਹਿਰੀ ਆਬਾਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਪਰ ਸਭ ਤੋਂ ਜ਼ਿਆਦਾ ਮੋਹਾਲੀ ਜ਼ਿਲ੍ਹੇ ‘ਚ ਸ਼ਹਿਰੀ ਵਸੋਂ ਵਧੀ ਹੈ। ਸਾਲ 2001 ਦੇ 38.3 ਫ਼ੀਸਦੀ ਦੇ ਮੁਕਾਬਤਨ ਮੋਹਾਲੀ ‘ਚ 2011 ਦੌਰਾਨ ਇਹ ਦਰ 54.8 ਫ਼ੀਸਦੀ ਰਹੀ ਜਦ ਕਿ ਲੁਧਿਆਣਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਧ ਸ਼ਹਿਰੀ ਵਸੋਂ ਵਾਲਾ ਖੇਤਰ ਹੈ, ਜਿਥੇ 59.2 ਫ਼ੀਸਦੀ ਲੋਕ ਸ਼ਹਿਰੀ ਖੇਤਰ ‘ਚ ਰਹਿੰਦੇ ਹਨ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ‘ਚ 12.7 ਫ਼ੀਸਦੀ ਵਸੋਂ ਸ਼ਹਿਰਾਂ ‘ਚ ਵਸਦੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਰਹਿਣ ਵਾਲੀ ਤਕਰੀਬਨ ਚੌਥਾ ਹਿੱਸਾ ਵਸੋਂ ਸਿਰਫ਼ ਲੁਧਿਆਣਾ ਅਤੇ ਅੰਮ੍ਰਿਤਸਰ ‘ਚ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ 371 ਪਿੰਡ ਹਨ, ਜਿਨ੍ਹਾਂ ਦੀ ਵਸੋਂ 5,000 ਤੋਂ ਵੀ ਜ਼ਿਆਦਾ ਹੈ। ਇਨ੍ਹਾਂ ਪਿੰਡਾਂ ‘ਚ ਕੁਲ ਦਿਹਾਤੀ ਵਸੋਂ ਦਾ 15.4 ਫ਼ੀਸਦੀ ਹਿੱਸਾ ਵਸਦਾ ਹੈ। ਅਜਿਹੇ 41 ਪਿੰਡ ਵੀ ਸੂਬੇ ‘ਚ ਹਨ, ਜਿਨ੍ਹਾਂ ਦੀ ਵਸੋਂ 10,000 ਤੋਂ ਵੀ ਜ਼ਿਆਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚੋਂ 30 ਪਿੰਡ ਮਾਲਵਾ ਖ਼ਿੱਤੇ ਵਿੱਚ ਜਦ ਕਿ ਬਾਕੀ ਮਾਝਾ ਅਤੇ ਦੋਆਬਾ ਖੇਤਰ ਵਿੱਚ ਹਨ।
ਉਨ੍ਹਾਂ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਕਿ ਜਿਥੇ ਲਿੰਗ ਅਨੁਪਾਤ ‘ਚ ਵਾਧਾ ਦਰਜ ਕੀਤਾ ਗਿਆ ਹੈ, ਉਥੇ ਹੀ ਮਰਦ-ਔਰਤ ਸਾਖ਼ਰਤਾ ਪਾੜਾ 9.7 ਫ਼ੀਸਦੀ ਘਟਿਆ ਹੈ। ਉਧਰ, ਖੇਤੀਬਾੜੀ ਕਾਮਿਆਂ ਦੀ ਦਰ 38.9 ਫ਼ੀਸਦੀ ਤੋਂ ਘੱਟ ਕੇ 35.5 ਫ਼ੀਸਦੀ ਜਦ ਕਿ ਗ਼ੈਰ ਖੇਤੀਬਾੜੀ ਕਾਮਿਆਂ ਦੀ ਦਰ 61.1 ਫ਼ੀਸਦੀ ਤੋਂ ਵੱਧ ਕੇ 64.4 ਫ਼ੀਸਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ‘ਹੋਰ ਕਾਮਿਆਂ’ ਦੀ ਦਰ ਸੂਬੇ ‘ਚ 60.5 ਫ਼ੀਸਦੀ ਹੈ, ਜੋ ਦੇਸ਼ ‘ਚ ਦੂਜੇ ਨੰਬਰ ਹੈ ਜਦ ਕਿ ਕੇਰਲਾ 80.5 ਫ਼ੀਸਦੀ ਨਾਲ ਪਹਿਲੇ ਨੰਬਰ ‘ਤੇ ਹੈ।
ਸਮਾਗਮ ਦੌਰਾਨ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੇਸ਼ ਦੀ ਤਰੱਕੀ ਲਈ ਜਨਗਣਨਾ ਦੀ ਅਹਿਮੀਅਤ ‘ਤੇ ਚਾਨਣਾ ਪਾਇਆ। ”ਸਾਡੀ ਜਨਗਣਨਾ, ਸਾਡਾ ਭਵਿੱਖ” ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਅੰਕੜੇ ਵਿਕਾਸਮੁਖੀ ਅਤੇ ਲੋਕ-ਪੱਖੀ ਨੀਤੀਆਂ ਬਣਾਉਣ ‘ਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ‘ਪ੍ਰਾਇਮਰੀ ਸੈਂਸਜ਼ ਡਾਟਾ-ਹਾਈਲਾਈਟਸ’ ਨਾਮੀ ਕਿਤਾਬਚਾ ਵੀ ਜਾਰੀ ਕੀਤਾ ਗਿਆ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸੀ.ਸੀ.ਐਸ.ਆਰ. ਦੇ ਡਾਇਰੈਕਟਰ ਡਾ.ਐਚ.ਐਸ. ਭੱਟੀ, ਜੁਆਇੰਟੀ ਡਾਇਰੈਕਟਰ ਸ੍ਰੀ ਕੇ.ਐਸ. ਭਟਨਾਗਰ, ਰਿਸਰਚ ਅਫ਼ਸਰ ਡਾ. ਬੀ.ਬੀ. ਜੈਨ ਅਤੇ ਡਿਪਟੀ ਡਾਇਰੈਕਟਰ ਸ੍ਰੀ ਭਾਗੀਰਥ ਸਿੰਘ ਆਦਿ ਹਾਜ਼ਰ ਸਨ।

Facebook Comment
Project by : XtremeStudioz