Close
Menu

ਪੰਜਾਬ ਵਿੱਚ ਸਵਾਈਨ ਫਲੂ ਦਾ ਕਹਿਰ; ਮੌਤ ਦਰ 33.3 ਫੀਸਦੀ

-- 20 February,2015

Punjab Swin flu_punjabupdate news

ਨਵੀਂ ਦਿੱਲੀ, 20 ਫਰਵਰੀ
ਦੇਸ਼ ਭਰ ਵਿੱਚ ਸਵਾਈਨ ਫਲੂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਤੇ ਉਸ ਕਾਰਨ ਦਿਨ-ਬ-ਦਿਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਹਾਲਾਤ ਦੀ ਗੰਭੀਰਤਾ ਦੇ ਬਾਵਜੂਦ ਦੇਰ ਨਾਲ ਜਾਗੀ ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਹਾਲਾਤ ਐਨੇ ਗੰਭੀਰ ਹਨ ਕਿ ਹੁਣ ਤੱਕ ਦੇਸ਼ ਭਰ ਵਿੱਚ ਇਸ ਫਲੂ ਕਾਰਨ 703 ਮੌਤਾਂ ਹੋ ਚੁੱਕੀਆਂ ਹਨ ਅਤੇ 11071 ਮਰੀਜ਼ ਹਨ। ਵੀਰਵਾਰ ਨੂੰ ਹੀ 40 ਮੌਤਾਂ ਸਵਾਈਨ ਫਲੂ ਕਾਰਨ ਹੋਈਆਂ ਹਨ। ਪੰਜਾਬ ਵਿੱਚ ਮੌਤ ਦਰ 33.3 ਫੀਸਦੀ ਹੈ ਤੇ ਇਹ ਦੇਸ਼ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਹੈ। ਰਾਜ ਵਿੱਚ ਹੁਣ ਤੱਕ ਇਸ ਫਲੂ ਨੇ 25 ਜਾਨਾਂ ਲੈ ਲਈਆਂ ਹਨ ਤੇ 75 ਮਰੀਜ਼ ਇਲਾਜ ਅਧੀਨ ਹਨ।  ਇਸ ਫਲੂ  ਕਾਰਨ ਦੇਸ਼ ਵਿਚਲੀ ਮੌਤ ਦਰ 6.34 ਫੀਸਦ ਹੈ।
ਸਵਾਈਨ ਫਲੂ ਬਾਰੇ ਦੇਸ਼ ਭਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਕੈਬਨਿਟ ਸਕੱਤਰ ਅਜੀਤ ਸੇਠ  ਨੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਕੀਤੀ। ਹੈਰਾਨੀ ਦੀ ਗੱਲ ਹੈ ਕਿ ਇਸ ਕਾਨਫਰੰਸ ਵਿੱਚ ਕਈ ਰਾਜਾਂ ਸਣੇ ਪੰਜਾਬ ਵੀ ਗਾਇਬ ਸੀ, ਜਦ ਕਿ ਰਾਜ ਦੇ ਹਾਲਾਤ ਇਸ ਮਾਮਲੇ ਵਿੱਚ ਬਹੁਤ ਚੰਗੇ ਨਹੀਂ।
ਪੰਜਾਬ ਸਿਹਤ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਵਿੰਨੀ ਮਹਾਜਨ ਨੇ ਇਸ ਕਾਨਫਰੰਸ ਨਾਲ ਨਾ ਜੁੜਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਕਿਧਰੇ ਗਏ ਹੋਏ ਸਨ। ਰਾਜ ਵਿੱਚ ਫਲੂ ਕਾਰਨ ਮੌਤਾਂ  ਦੀ ਗਿਣਤੀ ਵਧਣ ਬਾਰੇ ਉਨ੍ਹਾਂ  ਸਪਸ਼ਟ ਜੁਆਬ ਦੇਣ ਦੀ ਥਾਂ ਕਿਹਾ ਕਿ ਇਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਹ ਫਲੂ ਰਾਜ ਸਰਕਾਰ ਲਈ ਚੁਣੌਤੀ ਬਣ ਗਿਆ ਹੈ। ਅੱਜ ਕੇਂਦਰੀ ਕੈਬਨਿਟ ਸਕੱਤਰ ਅਜੀਤ ਸੇਠ ਨੇ ਕੌਮੀ ਸੰਕਟ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੇਸ਼ ਵਿੱਚ ਸਵਾਈਨ ਫਲੂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ।  ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਰਾਜਾਂ ਦੇ ਡਰੱਗ ਕੰਟਰੋਲਾਂ ਨੂੰ ਹੁਕਮ ਦਿੱਤਾ ਕਿ ਉਹ ਜ਼ਰੂਰੀ ਦਵਾਈਆਂ ਤੇ ਟੀਕਿਆਂ ਦੀ ਸਪਲਾਈ ਯਕੀਨੀ ਬਣਾਉਣ। ਸਿਹਤ ਸਕੱਤਰ ਬੀ.ਪੀ. ਸ਼ਰਮਾ ਮੁਤਾਬਕ ਹਾਲਾਤ ’ਤੇ ਨਿਯਮਤ ਨਜ਼ਰ ਰੱਖੀ ਜਾ ਰਹੀ ਹੈ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਟੈਲੀਫੋਨ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਭਾਵਿਤ ਰਾਜਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ।
ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਿਲੰਗਾਨਾ, ਆਂਧਰਾ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਮੁੱਖ ਸਕੱਤਰਾਂ ਨੇ  ਸ੍ਰੀ ਸੇਠ ਨੂੰ ਇਸ ਫਲੂ ਨਾਲ ਨਜਿੱਠਣ ਬਾਰੇ ਆਪਣੀਆਂ ਲੋੜਾਂ ਦੱਸੀਆਂ। ਹਰਿਆਣਾ  ਤੇ ਮਹਾਰਾਸ਼ਟਰ ਨੇ ਕੁਝ ਦਵਾਈਆਂ ਦੀ ਮੰਗ ਕੀਤੀ ਹੈ।
ਹਰਿਆਣਾ ਵਿੱਚ ਸਵਾਈਨ ਫਲੂ ਨਾਲ ਇਕ ਹੋਰ ਮੌਤ ਹੋ ਗਈ।  ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ, ਜਦਕਿ ਪੰਜਾਬ ਵਿੱਚ 11 ਨਵੇਂ ਮਰੀਜ਼  ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਫਲੂ ਕਾਰਨ 8 ਹੋਰ ਮੌਤਾਂ ਹੋਣ ਕਾਰਨ ਉੱਥੇ ਮਰਨ ਵਾਲਿਆਂ ਦੀ ਗਿਣਤੀ 191 ਤੱਕ ਪੁੱਜ ਚੁੱਕੀ ਹੈ।
ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਵਾਈਨ ਫਲੂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਟੈਮੀਫਲੂ  ਦੀ ਵਿਕਰੀ ਲਈ 40 ਨਵੇਂ ਡਰੱਗ ਸਟੋਰਾਂ ਨੂੰ ਮਨਜ਼ੂਰੀ ਦਿੱਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਸਰਕਾਰ ਛੇਤੀ ਹੀ ਸਵਾਈਨ ਫਲੂ ਦੀ ਜਾਂਚ ਲਈ ਦੋ ਨਵੀਆਂ ਪ੍ਰਯੋਗਸ਼ਾਲਾਵਾਂ ਖੋਲ੍ਹ ਰਹੀ ਹੈ।

Facebook Comment
Project by : XtremeStudioz