Close
Menu

ਪੰਜਾਬ ਵੱਲੋਂ ‘ਨੀਲੀ ਕ੍ਰਾਂਤੀ’ ਦੇ ਨਵੇਂ ਯੁੱਗ ਦਾ ਆਗਾਜ਼

-- 24 September,2015

ਚੰਡੀਗੜ੍ਹ, 24 ਸਤੰਬਰ: ਸੂਬਾ ਭਰ ਵਿਚ ‘ਨੀਲੀ ਕ੍ਰਾਂਤੀ’ ਲਈ ਇਕ ਹੋਰ ਵੱਡਾ ਕਦਮ ਪੁੱਟਦਿਆਂ ਪੰਜਾਬ ਸਰਕਾਰ ਨੇ ਅੱਜ ਚੀਨ ਦੇ ਜਿਆਂਗ ਸੂ ਸੂਬੇ ਨਾਲ ਤਿੰਨ ਸਮਝੌਤੇ (ਐਮ.ਓ.ਯੂ) ਸਹੀਬੰਦ ਕੀਤੇ ਜਿਸ ਨਾਲ ਖੇਤੀ ਵਿਭਿੰਨਤਾ ਦੀ ਗਤੀ ਨੂੰ ਹੁਲਾਰਾ ਮਿਲੇਗਾ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਜ ਦੁਪਿਹਰ ਇਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿਚ ਜਿਆਂਗ ਸੂ ਸੂਬੇ ਦੇ ਓਸ਼ਨ ਐਂਡ ਫਿਸ਼ਰੀਜ਼ ਬਿਊਰੋ, ਪੰਜਾਬ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦਰਮਿਆਨ ਸਮਝੌਤੇ ਸਹੀਬੰਦ ਕੀਤੇ ਗਏ।

ਆਪਣੇ ਕੁੰਜੀਵਤ ਭਾਸ਼ਣ ਵਿਚ ਮੁੱਖ ਮੰਤਰੀ ਨੇ ਦੱਸਿਆ ਕਿ ਦੇਸ਼ ਵਿਚ ਪੰਜਾਬ ਸੂਬਾ ਸਭ ਤੋਂ ਵੱਧ ਮੱਛੀ ਪੈਦਾ ਕਰਦਾ ਹੈ ਜਿਸ ਦੀ ਪੈਦਾਵਾਰ 1.14 ਲੱਖ ਟਨ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖਾਸ ਤੌਰ ‘ਤੇ ਦੱਖਣੀ ਜ਼ਿਲ੍ਹਿਆਂ ਵਿਚ ਮੱਛੀ ਉਤਪਾਦਨ ਦੀ ਵੱਡੀ ਸਮਰਥਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਸਮਝੌਤਿਆਂ ਨਾਲ ਇਕ ਨਵਾਂ ਅਧਿਆਏ ਸਿਰਜਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਖਾਰੇ ਅਤੇ ਸੇਮ ਗ੍ਰਸਤ ਇਲਾਕਿਆਂ ਦੇ 1000 ਏਕੜ ਰਕਬੇ ਨੂੰ ਮੱਛੀ ਪਾਲਣ ਹੇਠ ਲਿਆਉਣ ਲਈ ਜੰਗੀ ਪੱਧਰ ‘ਤੇ ਯਤਨ ਜਾਰੀ ਹਨ ਅਤੇ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮੱਛੀ ਪਾਲਣ ਲਈ 90 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਸੇ ਦੌਰਾਨ ਮੁੱਖ ਮੰਤਰੀ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਵੱਖ ਵੱਖ ਖੇਤਰਾਂ ਵਿਚ ਤਕਨੀਕੀ ਅਤੇ ਅਕਾਦਮਿਕ ਸਾਂਝ ਕਾਇਮ ਕਰਨ ਲਈ ਵੀ ਤੀਬਰ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਬਾਗਬਾਨੀ, ਖੁਰਾਕ, ਸਬਜ਼ੀਆਂ, ਪੌਦਿਆਂ ਦੀ ਪੈਦਾਵਾਰ, ਬਾਇਓ ਤਕਨਾਲੋਜੀ, ਪਸ਼ੂ ਵਿਗਿਆਨ ਆਦਿ ਖੇਤਰਾਂ ਵਿਚ ਸੂਬੇ ਦੀ ਪ੍ਰਮੁੱਖ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਜਿਆਂਗ ਸੂ ਅਕੈਡਮੀ ਆਫ ਐਗਰੀਕਲਚਰਲ ਸਾਇੰਸਜ਼ ਦੀਆਂ ਵੱਖ ਵੱਖ ਸੰਸਥਾਵਾਂ ਦਰਮਿਆਨ ਤਕਨੀਕੀ ਮਾਹਰਾਂ ਦਾ ਅਦਾਨ ਪ੍ਰਦਾਨ ਹੋਣ ਲਈ ਵੀ ਆਪਸੀ ਸਹਿਮਤੀ ਬਣਾਉਣ ‘ਤੇ ਜ਼ੋਰ ਦਿੱਤਾ।

ਸ. ਬਾਦਲ ਨੇ ਵਫਦ ਨੂੰ ਦੱਸਿਆ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਉਨ੍ਹਾਂ ਨੇ ਚੀਨ ਦਾ ਦੌਰਾ ਕੀਤਾ ਸੀ ਜਿਥੇ ਉਹ ਮੱਛੀ ਪਾਲਣ ਲਈ ਆਧੁਨਿਕ ਤਕਨੀਕਾਂ ਅਤੇ ਬਿਹਤਰੀਨ ਅਮਲਾਂ ਨੂੰ ਦੇਖ ਕੇ ਅਚੰਭਿਤ ਰਹਿ ਗਏ ਸਨ ਕਿਉਂ ਜੋ ਇਨ੍ਹਾਂ ਤਕਨੀਕਾਂ ਕਰਕੇ ਹੀ ਚੀਨ ਨੂੰ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਉਨ੍ਹਾਂ ਲਈ ਬਹੁਤ ਜ਼ਿਆਦਾ ਪ੍ਰਭਾਵੀ ਅਤੇ ਲਾਭਦਾਇਕ ਸੀ ਅਤੇ ਚੀਨ ਦੇ ਇਸ ਸੂਬੇ ਵੱਲੋਂ ਅਪਣਾਈਆਂ ਜਾ ਰਹੀਆਂ ਬਿਹਤਰੀਨ ਤਕਨੀਕਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਸਨ ਜਿਸ ਸਦਕਾ ਪੰਜਾਬ ਵਿਚ ਛੇ ਟਨ ਪ੍ਰਤੀ ਹੈਕਟੇਅਰ ਦੇ ਮੁਕਾਬਲੇ ਚੀਨ ਵਿਚ 40 ਟਨ ਪ੍ਰਤੀ ਹੈਕਟੇਅਰ ਮੱਛੀ ਦਾ ਰਿਕਾਰਡ ਉਤਪਾਦਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਅੱਜ ਸਹੀਬੰਦ ਹੋਏ ਸਮਝੌਤੇ ਸੂਬੇ ਵਿਚ ਗੁਣਾਤਮਕ ਤੇ ਗਿਣਾਤਮਕ ਪੱਖ ਤੋਂ ਮੱਛੀ ਉਤਪਾਦਨ ਵਿਚ ਨਵੀਂ ਰੂਹ ਫੂਕਣਗੇ ਜਿਸ ਨਾਲ ਘਾਟੇਵੰਦ ਰਵਾਇਤੀ ਖੇਤੀ ਨਾਲ ਪ੍ਰਭਾਵਿਤ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਮੱਛੀ ਪਾਲਕ ਬਹੁਤ ਜ਼ਿਆਦਾ ਮਿਹਨਤੀ ਅਤੇ ਸਮਰਥਾਵਾਨ ਹਨ ਅਤੇ ਉਹ ਉਚ ਤਕਨਾਲੋਜੀ ਅਤੇ ਮੁਹਾਰਤ ਦੇ ਪ੍ਰਾਪਤ ਹੋਣ ਦੇ ਨਾਲ ਆਪਣੀ ਪ੍ਰਭਾਵੀ ਸਮਰਥਾ ਦਾ ਵਧੀਆ ਤਰੀਕੇ ਨਾਲ ਪ੍ਰਗਟਾਵਾ ਕਰ ਸਕਣਗੇ।

ਅੱਜ ਹੋਏ ਤਿੰਨ ਐਮ.ਓ.ਯੂਜ਼ ਵਿਚ ਪਹਿਲਾ ਸਮਝੌਤਾ ਖੇਤੀ ਖੋਜ ਦੇ ਖੇਤਰਾਂ ਵਿਚ ਭਾਈਵਾਲੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਜਿਆਂਗ ਸੂ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਦਰਮਿਆਨ, ਦੂਜਾ ਸਮਝੌਤਾ ਮੱਛੀ ਦਾ ਉਤਪਾਦਨ ਤੇ ਪ੍ਰੋਸੈਸਿੰਗ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਅਤੇ ਫਰੈਸ਼ ਵਾਟਰ ਫਿਸ਼ਰੀਜ਼ ਰਿਸਰਚ ਸੈਂਟਰ, ਵੁਕਸੀ ਦਰਮਿਆਨ ਤੋਂ ਇਲਾਵਾ ਤੀਜਾ ਸਮਝੌਤਾ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਅਤੇ ਜਿਆਂਗ ਸੂ ਪ੍ਰੋਵਿੰਸ਼ਿਅਲ ਬਿਊਰੋ ਆਫ ਐਗਰੀਕਲਚਰ ਐਂਡ ਫਿਸ਼ਰੀਜ਼ ਵਿਚਾਰ ਹੋਇਆ ਜਿਸ ਨਾਲ ਸੂਬੇ ਦੇ ਖੇਤੀ ਤੇ ਮੱਛੀ ਪਾਲਣ ਖੇਤਰ ਵਿਚ ਸਹਿਯੋਗ ਦਾ ਨਵਾਂ ਯੁੱਗ ਆਰੰਭ ਹੋਵੇਗਾ।

ਇਸ ਉਪਰੰਤ ਖੇਤੀਬਾੜੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਦੇ ਨਵੇਂ ਦਿਸਹੱਦੇ ਖੋਲ੍ਹਣ ਲਈ ਪੰਜਾਬ ਸਰਕਾਰ ਤੇ ਖਾਸ ਤੌਰ ‘ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਜਿਆਂਗ ਸੂ ਸੂਬੇ ਦੇ ਕਮਿਸ਼ਨਰ ਓਸ਼ਨ ਐਂਡ ਫਿਸ਼ਰੀਜ਼ ਸ੍ਰੀ ਤਾਂਗ ਜਿਆਨ ਮਿੰਗ ਨੇ ਆਖਿਆ ਕਿ ਅੱਜ ਦੋਵਾਂ ਸੂਬਿਆਂ ਦੇ ਦਰਮਿਆਨ ਸਹੀਬੰਦ ਹੋਏ ਸਮਝੌਤੇ ਪੰਜਾਬੀ ਮੱਛੀ ਪਾਲਕਾਂ ਨੂੰ ਨਵੀਂ ਤਕਨੀਕ ਰਾਹੀਂ ਆਪਣੀ ਪੈਦਾਵਾਰ ਵਿਚ ਇਜ਼ਾਫਾ ਕਰਨ ਤੋਂ ਇਲਾਵਾ ਮੱਛੀ ਦੀ ਪ੍ਰੋਸੈਸਿੰਗ ਲਈ ਨਵੀਂ ਤਕਨਾਲੋਜੀ ਸਿੱਖਣ ਦੇ ਬਹੁਤ ਮੌਕੇ ਹਾਸਲ ਹੋਣਗੇ ਜਿਸ ਨਾਲ ਉਹ ਆਪਣੇ ਇਸ ਕਿੱਤੇ ਨੂੰ ਹੋਰ ਲਾਹੇਵੰਦ ਬਣਾਉਣਗੇ।

ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਵਧੀਕ ਮੁੱਖ ਸਕੱਤਰ ਸ੍ਰੀ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਲਾਹਕਾਰ ਮੱਛੀ ਪਾਲਣ ਡਾ. ਪਦਮਾ ਕੁਮਾਰ, ਸਲਾਹਕਾਰ ਪਸ਼ੂ ਪਾਲਣ ਡਾ. ਪੀ.ਕੇ. ਉੱਪਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਏ.ਐਸ. ਨੰਦਾ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ.ਐਸ. ਸੰਧਾ ਅਤੇ ਡਾਇਰੈਕਟਰ ਮੱਛੀ ਪਾਲਣ ਸ੍ਰੀ ਮਦਨ ਮੋਹਨ ਹਾਜ਼ਰ ਸਨ।

ਚੀਨ ਦੇ ਵਫਦ ਵਿਚ ਡਿਪਟੀ ਕਮਿਸ਼ਨਰ ਸ੍ਰੀ ਫੀ ਜ਼ੇਲਿਆਂਗ, ਸੈਕਸ਼ਨ ਚੀਫ ਸ੍ਰੀ ਯੂ ਲੀਆਂਗ, ਡਾਇਰੈਕਟਰ ਜਿਆਂਗ ਸੂ ਫਿਸ਼ਰੀਜ਼ ਤਕਨਾਲੋਜੀ ਐਕਸਟੈਂਸ਼ਨ ਸੈਂਟਰ ਸ੍ਰੀ ਯਾਂਗ ਯਾਹੁਈ ਅਤੇ ਡਾਇਰੈਕਟਰ ਜਿਆਂਗ ਸੂ ਫਰੈਸ਼ ਵਾਟਰ ਫਿਸ਼ਰੀਜ਼ ਰਿਸਰਚ ਇੰਸਟੀਚਿਊਟ ਸ੍ਰੀ ਜ਼ਿਆ ਆਯੂਨ ਸ਼ਾਮਲ ਸਨ।

Facebook Comment
Project by : XtremeStudioz