Close
Menu

ਪੰਜਾਬ ਸਰਕਾਰ ਕਿਸੇ ਵੀ ਚਣੌਤੀ ਨਾਲ ਨਿਪਟਣ ਲਈ ਪੂਰੀ ਤਰਾਂ੍ਹ ਸਮੱਰਥ : ਬਾਦਲ

-- 03 August,2015

* ‘ਦੇਸ਼ ‘ਚ ਲੰਮਾ ਚਿਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਗਰੀਬਾਂ ਤੇ ਅਮੀਰਾਂ ‘ਚ ਪਾੜਾ ਵਧਿਆ’

*  ਗਰੀਬ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸੂਬੇ ਵਿਚ ਕਮਿਊਨੀਟੀ ਸੈਂਟਰ ਉਸਾਰਨ ਦਾ ਐਲਾਨ

*  ਸਵ: ਮਾਨ ਸਿੰਘ ਮਨਹੇੜਾ ਨੂੰ ਤੀਜੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ

ਖਰੜ, 3 ਅਗਸਤ:   ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਆਪਣੀ ਵਚਨ ਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਕਿਸੇ ਵੀ ਚਣੌਤੀ ਨਾਲ ਨਿਪਟਣ ਲਈ ਪੂਰੀ ਤਰਾਂ੍ਹ ਸਮੱਰਥ ਹੈ ਅਤੇ ਸੂਬੇ ਦੀ ਸ਼ਾਂਤੀ ਕਿਸੇ ਵੀ ਕੀਮਤ ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ।

ਅੱਜ ਅਨਾਜ ਮੰਡੀ ਖਰੜ ਵਿਖੇ  ਸਵ: ਮਾਨ ਸਿੰਘ ਮਨਹੇੜਾ  ਦੀ ਤੀਜੀ ਬਰਸੀ ਮੌਕੇ  ਪੱਤਰਕਾਰਾਂ ਵੱਲੋਂ ਦੀਨਾ ਨਗਰ ਘਟਨਾ ਦੇ ਪਿਛੋਕੜ ‘ਚ ਹੋਰ ਘਟਨਾਵਾਂ ਵਾਪਰਣ ਦੇ ਸ਼ੰਕਿਆਂ ਬਾਰੇ ਅਖ਼ਬਾਰੀ ਰਿਪੋਰਟਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ  ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਪ੍ਰਤੀ ਪੂਰੀ ਤਰਾਂ੍ਹ ਸੁਚੇਤ ਹੈ। ਉਨਾਂ੍ਹ ਨੇ ਅਜਿਹੀਆਂ ਸ਼ੰਕਾਵਾਂ ਨੂੰ ਨਿਰਮੂਲ ਦੱਸਦੇ ਹੋਏ ਕਿਸੇ ਵੀ ਤਰ੍ਹਾਂ ਦੀਆਂ ਅਫਵਾਹ ਤੋਂ ਬਚਣ ਦੀ ਅਪੀਲ ਵੀ ਕੀਤੀ ।

ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਸਵਰਗੀ ਮਾਨ ਸਿੰਘ ਮਨਹੇੜਾ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਾਂਗਰਸ ਪਾਰਟੀ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਉੱਤੇ 6 ਦਹਾਕੇ ਰਾਜ ਕੀਤਾ ਪ੍ਰੰਤੂ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਰਾਨ ਅੱਜ ਸਾਡੇ ਮੁਲਕ ਦਾ ਵੱਡਾ ਹਿੱਸਾ ਗੁਰਬਤ ਦੀ ਜ਼ਿੰਦਗੀ ਹੰਢਾਅ ਰਿਹਾ ਹੈ। ਉਨਾਂ੍ਹ ਇਸ ਮੌਕੇ ਸ਼ਹੀਦ ਭਗਤ ਸਿੰਘ , ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਵਰਗੇ ਸ਼ਹੀਦਾਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਅਤੇ ਉਨਾਂ੍ਹ ਵੱਲੋਂ ਅਜ਼ਾਦ ਭਾਰਤ ਲਈ ਸੰਜੋਏ ਗਏ ਸੁਪਨਿਆਂ ਦੇ ਨਾ ਪੂਰਾ ਹੋਣ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਕਾਰਨ ਅਮੀਰ ਹੋਰ  ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦੇ ਗਏ। ਇਸ ਕਾਰਨ ਅਮੀਰਾਂ ਅਤੇ ਗਰੀਬਾਂ ਵਿੱਚਕਾਰ ਪਾੜਾ ਵਧਿਆ ਹੈ ।  ਉਨਾਂ੍ਹ ਕਿਹਾ ਕਿ ਕਾਂਗਰਸ ਨੇ ਆਪਣੀ ਸੌੜੀ ਸੋਚ ਅਤੇ ਕੁਰਸੀ ਦੀ ਖਾਤਰ ਹਮੇਸ਼ਾਂ ਹੀ ਦੱਬੇ ਕੁਚਲੇ ਅਤੇ ਗਰੀਬ ਲੋਕਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਿਆ। ਉਨਾਂ੍ਹ ਨੇ ਕਾਂਗਰਸ ਵੱਲੋਂ ਵੱਖ ਵੱਖ ਸਮਿਆਂ ਦੌਰਾਨ ਗਰੀਬੀ ਹਟਾਉਣ ਦੇ ਨਆਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨਾਅਰੇ ਗਰੀਬਾਂ ਪੱਖੀ ਲਗਾਉਂਦੀ ਹੈ ਪਰ ਅਮਲ ਵਿਚ ਇਸ ਨੇ ਗਰੀਬਾਂ ਲਈ  ਕੁਝ ਨਹੀਂ ਕੀਤਾ ਅਤੇ ਹਮੇਸ਼ਾਂ ਗਰੀਬਾਂ ਨਾਲ ਧਰੋਹ ਕਮਾਇਆ ਹੈ। ਉਨਾਂ੍ਹ ਹੋਰ ਕਿਹਾ ਕਿ ਕਾਂਗਰਸ ਅੱਜ ਵੀ ਛੁਰਲੀਆਂ ਛੱਡਕੇ ਗੁੰਮਰਾਹਕੁੰਨ ਪ੍ਰਚਾਰ ਕਰਨ ‘ਤੇ ਤੁਲੀ ਹੋਈ ਹੈ ਪਰ ਹੁਣ ਲੋਕ, ਕਾਂਗਰਸ ਪਾਰਟੀ ਦੀਆਂ ਲੁੰਬੜ ਚਾਲਾਂ ਤੋਂ ਸੁਚੇਤ ਹੋ ਚੁੱਕੇ ਹਨ।

ਮੁੱਖ ਮੰਤਰੀ ਨੇ ਇਸ ਮੌਕੇ ਭਾਰਤੀ ਸੰਵਿਧਾਨ ਵਿਚ ਧਰਮ ਨਿਰਪੱਖਤਾ ਅਤੇ ਸਮਾਜਵਾਦ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਸਭ ਧਰਮਾਂ ਦਾ ਸਤਿਕਾਰ ਅਤੇ ਮਾਨਵਤਾ ਦੀ ਭਲਾਈ ਕਰਨ ਦੀ ਪ੍ਰੇਰਨਾ ਗੁਰੂ ਸਾਹਿਬਾਨਾਂ ਦੇ ਸਿੱਖੀ ਸਿਧਾਂਤਾ ‘ ਤੋਂ ਮਿਲੀ ਹੈ ਜਿਸ ਨੂੰ ਸ੍ਰੋਮਣੀ ਅਕਾਲੀ ਦਲ ਨੇ ਆਪਣੀ ਸੋਚ ਦਾ ਅਧਾਰ ਬਣਾਇਆ ਹੈ। ਕਾਂਗਰਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀ ਸੋਚਿਆ ਸਗੋਂ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰਾਂ ‘ ਚ ਦਖਲ ਅੰਦਾਜ਼ੀ ਕਰਕੇ ਹਮੇਸ਼ਾਂ ਸਿੱਖ ਕੌਮ ਦਾ ਘਾਣ ਕੀਤਾ।

ਸ. ਬਾਦਲ ਨੇ ਸੂਬੇ ਦੇ ਦੱਬੇ ਕੁਚਲੇ ਅਤੇ ਗਰੀਬ ਵਰਗਾਂ ਦੀ ਭਲਾਈ ਲਈ ਆਪਣੀ ਬਚਨਵੱਧਤਾ ਨੂੰ ਦੁਰਾਹਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਸੂਬੇ ਦੇ ਦਲਿਤਾਂ ਅਤੇ ਗਰੀਬਾਂ ਦੇ ਕਲਿਆਣ ਲਈ ਅਨੇਕਾਂ ਕਦਮ ਚੁੱਕੇ ਹਨ ਅਤੇ ਬਹੁਤ ਸਾਰੀਆਂ ਸਕੀਮਾਂ ਨੂੰ ਅਮਲੀ  ਜਾਮਾ ਪਹਿਨਾਇਆ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬਾਂ ਲਈ ਆਟਾ ਦਾਲ, ਸ਼ਗਨ ਸਕੀਮ, ਵਿਦਿਆਰਥੀਆਂ ਲਈ ਵਜੀਫਾ ਸਕੀਮ ਸ਼ੁਰੂ ਕਰਨ ਤੋਂ ਇਲਾਵਾ ਆਪਣੇ ਵਿਰਸੇ ਨੂੰ ਸੰਭਾਲਣ ਲਈ ਕਈ ਯਾਦਗਾਰਾਂ ਵੀ ਬਣਾਈਆਂ ਹਨ। ਉਨਾਂ੍ਹ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੀ ਅਤੇ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੀਆਂ  ਯਾਦਗਾਰਾਂ ਤੋਂ ਇਲਾਵਾ ਜਲੰਧਰ ਨੇੜੇ ਕਸਬਾ ਕਰਤਾਰਪੁਰ ਵਿਖੇ ਜੰਗ-ਏ-ਅਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਦੇਸ਼ ਦੀ ਰੱਖਿਆ ‘ਚ ਆਪਣਾ ਮਹਾਨ ਯੋਗਦਾਨ ਪਾਉਣ ਵਾਲੇ ਬਹਾਦਰ ਸੈਨਿਕਾਂ ਦੀ ਯਾਦ ਵਿਚ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਇਸ ਮੌਕੇ ਸੂਬੇ ਭਰ ਵਿਚ ਗਰੀਬ ਲੋਕਾਂ ਦੀ ਵਰਤੋਂ ਲਈ ਕਮਿਉਨੀਟੀ ਸੈਂਟਰ ਉਸਾਰੇ ਜਾਣ ਦਾ ਐਲਾਨ ਕੀਤਾ  ਤਾਂ ਜੋ ਉਹ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਤੋਂ ਇਲਾਵਾ ਹੋਰ ਸਮਾਗਮ ਘੱਟ ਖਰਚੇ ਨਾਲ ਕਰ ਸਕਣ।  ਉਨਾਂ੍ਹ ਇਸ ਮੌਕੇ ਖਰੜ ਵਿਖੇ ਵੀ ਸਵ: ਮਾਨ ਸਿੰਘ ਮਨਹੇੜਾ ਦੇ ਨਾਂ ‘ਤੇ ਕਮਨਿਊਟੀ ਸੈਂਟਰ ਉਸਾਰਨ ਦਾ ਐਲਾਨ ਵੀ ਕੀਤਾ।

ਇਸ ਮੌਕੇ ਹਲਕਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਵਰਗੀ ਮਨਹੇੜਾ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਵ: ਮਨਹੇੜਾ ਨੇ ਕਿਰਤੀਆਂ ਤੇ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੋਂ ਇਲਾਵਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਹਿੰਦੋਸਤਾਨ ਪੱਧਰ ‘ਤੇ ਸੰਘਰਸ਼ ਕੀਤਾ।  ਉਨਾਂ੍ਹ ਕਿਹਾ ਕਿ ਸਵ: ਮਨਹੇੜਾ ਦਾ ਪਰਿਵਾਰ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ।

ਇਸ ਮੌਕੇ ਸਵ: ਮਨਹੇੜਾ ਦੀ ਸੁਪੱਤਨੀ ਬੀਬੀ ਸਤਵੀਰ ਕੌਰ ਨੇ ਸਰਧਾਂਜਲੀ ਸਮਾਰੋਹ ਵਿੱਚ ਸ਼ਾਮਲ  ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ.ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਉਜਾਗਰ ਸਿੰਘ ਬਡਾਲੀ , ਸ੍ਰੀ ਅਰਜਨ ਸਿੰਘ ਕਾਂਸਲ, ਜਥੇਦਾਰ ਬਲਜੀਤ ਸਿੰਘ ਕੁੰਬੜਾ ਨੇ ਵੀ ਸਰਧਾਂਜਲੀਆਂ ਭੇਂਟ ਕੀਤੀਆਂ । ਸਰਧਾਂਜਲੀ ਸਮਰੋਹ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ, ਵਿਧਾਇਕ ਜਸਟਿਸ ਨਿਰਮਲ ਸਿੰਘ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ, ਮੈਂਬਰ ਸਤਵੰਤ ਕੌਰ ਜੌਹਲ, ਜਿਲਾ੍ਹ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਕੁਲਦੀਪ ਕੌਰ ਕੰਗ, ਮੈਂਬਰ ਐਸ.ਜੀ.ਪੀ.ਸੀ ਚਰਨਜੀਤ ਸਿੰਘ ਕਾਲੇਵਾਲ, ਸਾਹਿਬ ਸਿੰਘ ਬਡਾਲੀ, ਦਰਸ਼ਨ ਸਿੰਘ ਸ਼ਿਵਜੋਤ, ਬੀਬੀ ਕਸ਼ਮੀਰ ਕੌਰ, ਓ.ਐਸ.ਡੀ.ਸ੍ਰ: ਹਰਦੇਵ ਸਿੰਘ ਹਰਪਾਲਪੁਰ, ਚੇਅਰਮੈਨ ਬਲਾਕ ਸੰਮਤੀ ਖਰੜ ਰੇਸ਼ਮ ਸਿੰਘ ਬੈਰੋਪੁਰ, ਪਰਮਿੰਦਰ ਸਿੰਘ ਸੋਹਾਣਾ, ਸ੍ਰ: ਪਰਮਿੰਦਰ ਸਿੰਘ ਮਨਹੇੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Facebook Comment
Project by : XtremeStudioz