Close
Menu

ਪੰਜਾਬ ਸਰਕਾਰ ਕੋਲ ਵਿਕਾਸ ਕੰਮਾਂ ਲਈ ਫੰਡਾਂ ਦੀ ਕਮੀ ਨਹੀਂ-ਮਜੀਠੀਆ

-- 18 September,2015

ਜਗਰਾਂਉ (ਲੁਧਿਆਣਾ) 18 ਸਤੰਬਰ -”ਪੰਜਾਬ ਸਰਕਾਰ ਕੋਲ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਰਾਜ ਅੰਦਰ ਸਾਰੀਆਂ ਮੁੱਖ ਸੜਕਾਂ ਨੂੰ 4 ਮਾਰਗੀ ਤੇ 6 ਮਾਰਗੀ ਕੀਤਾ ਜਾ ਰਿਹਾ ਹੈ, ਪਾਵਰ ਪਲਾਂਟ, ਪੁਲਾਂ ਦਾ ਨਿਰਮਾਣ, ਸਰਕਾਰੀ ਦਫ਼ਤਰਾਂ, ਹਸਪਤਾਲਾਂ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ, ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਲਈ ਤੇ ਦਲਿਤ ਪਰਿਵਾਰਾਂ ਨੂੰ ਘਰੇਲੂ ਬਿਜਲੀ ਮੁਫਤ, ਗਰੀਬਾਂ ਨੂੰ ਆਟਾ-ਦਾਲ, ਪੈਨਸ਼ਨ ਅਤੇ ਹੋਰ ਵੀ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹੋਈਆ ਹਨ। ਵਿਰੋਧੀ ਪਾਰਟੀਆਂ ਵੱਲੋਂ ਖਜ਼ਾਨਾ ਖਾਲੀ ਦੇ ਪਾਏ ਜਾ ਰਹੇ ਰੌਲੇ ਵਿੱਚ ਕੋਈ ਸੱਚਾਈ ਨਹੀਂ ਹੈ, ਕਿਉਂਕਿ ਖਾਲੀ ਖਜ਼ਾਨੇ ਨਾਲ ਨਾ ਵਿਕਾਸ ਹੋ ਸਕਦਾ ਹੈ ਅਤੇ ਨਾ ਹੀ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਸਕਦੀਆਂ।”

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ, ਮੁੜ ਵਸੇਬਾ, ਨਵਿਉਣਯੋਗ ਊਰਜਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਜਗਰਾਂਉ ਵਿਖੇ ਕਰੀਬ 4 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਤਹਿਸੀਲ ਕੰਪਲੈਕਸ ਅਤੇ ਪਟਵਾਰ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਸਾਰੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਕਿਹਾ ਕਿ ਕੰਪਲੈਕਸ ਦੇ ਬਣਨ ਨਾਲ ਲੋਕਾਂ ਨੂੰ ਇਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਮਿਲਣਗੀਆਂ ਅਤੇ ਲੋਕਾਂ ਦੇ ਸਮੇਂ ਦੀ ਵੱਡੀ ਬੱਚਤ ਹੋਵਗੀ।  ਸ੍ਰ. ਮਜੀਠੀਆ ਨੇ ਕਿਹਾ ਕਿ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਨਾਲ ਰਾਜ ਦੇ 1.5 ਲੱਖ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਅਲਾਟ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੁਨੈਕਸ਼ਨ ਅਲਾਟ ਕਰਨ ਉਪਰੰਤ ਜੇਕਰ ਕੋਈ ਕਿਸਾਨ ਟਿਊਬਵੈੱਲ ਕੁਨੈਕਸ਼ਨ ਲੈਣ ਤੋਂ ਵਾਂਝਾ ਰਹਿ ਗਿਆ ਤਾਂ ਉਹ ਆਪਣੇ ਹਲਕੇ ਦੇ ਵਿਧਾਇਕ ਨੂੰ ਮਿਲ ਕੇ ਕੁਨੈਕਸ਼ਨ ਅਲਾਟ ਕਰਵਾ ਸਕਦਾ ਹੈ।
ਸ੍ਰ. ਮਜੀਠੀਆ ਨੇ ਕਿਹਾ ਕਿ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨਾਲ ਅੱਜ ਪੰਜਾਬ ਰਾਜ ਬਿਜਲੀ ਪੱਖੋ ਸਰਪਲੱਸ ਸੂਬਾ ਬਣ ਗਿਆ ਹੈ। ਬਿਜਲੀ ਦੀ ਪੂਰਤੀ ਲਈ 33,000 ਕਰੋੜ ਤੋਂ ਵੱਧ ਰਾਸ਼ੀ ਨਾਲ ਥਰਮਲ ਪਲਾਂਟ ਲਗਾਏ ਗਏ ਹਨ। ਉਹਨਾਂ ਕਿਹਾ ਕਿ ਇਸ ਵਾਰ ਰਾਜ ਵਿੱਚ ਬਾਰਿਸ਼ 24 ਪ੍ਰਤੀਸ਼ਤ ਘੱਟ ਹੋਈ ਹੈ, ਪਰ ਫਿਰ ਵੀ ਕਿਸਾਨਾਂ ਅਤੇ ਘਰੇਲੂ ਖੇਤਰ ਨੂੰ ਪੂਰੀ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ, ਕਿਤੇ ਵੀ ਘਰੇਲੂ ਖੇਤਰ ਵਿੱਚ ਬਿਜਲੀ ਦਾ ਕੱਟ ਨਹੀਂ ਲਗਾਇਆ ਗਿਆ, ਇਹ ਬਿਜਲੀ ਪੱਖੋ ਆਤਮ ਨਿਰਭਰ ਸੂਬਾ ਹੋਣ ਕਾਰਨ ਹੀ ਸੰਭਵ ਹੋ ਸਕਿਆ ਹੈ, ਜਦ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਕਿਸਾਨਾਂ ਨੂੰ ਸਿਰਫ 4-5 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਸ੍ਰ. ਮਜੀਠੀਆ ਨੇ ਸਾਬਕਾ ਸੈਨਿਕਾਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਧੰਨਵਾਦ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਯਤਨ ਕਰੇ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ 70 ਪ੍ਰਤੀਸ਼ਤ ਤੋਂ ਵੱਧ ਲੋਕ ਖੇਤੀਬਾੜੀ ‘ਤੇ ਨਿਰਭਰ ਹਨ, ਜੇਕਰ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਦੇਸ਼ ਤਰੱਕੀ ਕਰ ਸਕੇਗਾ। ਇਸ ਮੌਕੇ ਤੇ ਸ੍ਰੀ ਐਸ.ਆਰ.ਕਲੇਰ ਵਿਧਾਇਕ ਜਗਰਾਂਓ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਮਨਪ੍ਰੀਤ ਸਿੰਘ ਇਆਲੀ ਵਿਧਾਇਕ ਦਾਖਾ, ਸ੍ਰ. ਭਾਗ ਸਿੰਘ ਮੱਲ੍ਹਾ ਸਾਬਕਾ ਵਿਧਾਇਕ, ਸ੍ਰ. ਸੰਤਾ ਸਿੰਘ ਊਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਬੋਰਡ, ਸ੍ਰ. ਅਮਰੀਕ ਸਿੰਘ ਆਲੀਵਾਲ ਚੇਅਰਮੈਨ ਪੰਜਾਬ ਫੂਡ ਗਰੇਨ ਐਗਰੋ, ਸ੍ਰ. ਗੁਰਚਰਨ ਸਿੰਘ ਗਰੇਵਾਲ, ਸ੍ਰ. ਹਰਸੁਹਿੰਦਰ ਸਿੰਘ, ਸ੍ਰ. ਚੰਦ ਸਿੰਘ ਡੱਲਾ ਚੇਅਰਮੈਨ ਮਾਰਕੀਟ ਕਮੇਟੀ ਹਠੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Facebook Comment
Project by : XtremeStudioz