Close
Menu

ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਪੂੰਜੀ ਨਿਵੇਸ਼ਕਾਂ ਲਈ ਪਸੰਦੀਦਾ ਸੂਬਾ ਬਣਿਆ ‘ਪੰਜਾਬ’ : ਹਰਸਿਮਰਤ

-- 20 September,2013

DSC01841

ਬੁਢਲਾਡਾ/ਮਾਨਸਾ, 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਨੂੰ ਕਾਂਗਰਸ ਤੋਂ ਮੁਕਤ ਕਰਵਾਉਣ ਦਾ ਸਮਾਂ ਆ ਗਿਆ ਹੈ, ਕਿਉਂਕਿ ਕਾਂਗਰਸੀ ਮੰਤਰੀਆਂ ਨੇ ਕੇਵਲ ਦੇਸ਼ ਨੂੰ ਲੁੱਟਿਆ ਅਤੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਉਨ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਾਦਲ ਤੋਂ ਮੁਕਤ ਕਰਵਾਉਣ ਦੀ ਲੋੜ ਨਹੀਂ, ਬਲਕਿ ਜਨਤਾ ਦੀ ਭਲਾਈ ਅਤੇ ਦੇਸ਼ ਦੇ ਹਿੱਤ ਲਈ ਕਾਂਗਰਸ ਤੋਂ ਮੁਕਤ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਇੰਡੀਅਨ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਦੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿਚੋਂ ਪੰਜਾਬ ਪੂੰਜੀ ਨਿਵੇਸ਼ਕਾਂ ਲਈ ਪਸੰਦੀਦਾ ਸੂਬਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਮੁੱਖ-ਮੰਤਰੀ, ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ-ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਦਿਨੋ-ਦਿਨ ਤਰੱਕੀ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਮੰਤਰੀਆਂ ਨੇ ਕਦੇ ਵੀ ਪੰਜਾਬ ਦੇ ਹਿੱਤ ਲਈ ਦਿੱਲੀ ਵਿਚ ਆਵਾਜ਼ ਨਹੀਂ ਉਠਾਈ, ਬਲਕਿ ਜਿਹੜੀਆਂ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬੰਦ ਕਰਵਾਉਣ ‘ਤੇ ਤੁਲੇ ਹੋਏ ਹਨ। ਲੋਕ ਸਭਾ ਮੈਂਬਰ ਅੱਜ ਮਾਨਸਾ ਜ਼ਿਲ੍ਹੇ ਵਿਚ ਪੈਂਦੇ ਬੁਢਲਾਡਾ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਬੋਲ ਰਹੇ ਸਨ।

ਬੀਬੀ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਨ.ਡੀ.ਏ. ਸਰਕਾਰ ਆਉਣ ‘ਤੇ ਰਾਜਾਂ ਨਾਲ ਹੋ ਰਿਹਾ ਵਿਤਕਰਾ ਬੰਦ ਕਰਵਾਉਣ ਲਈ ਨੀਤੀ ਬਣਾਈ ਜਾਵੇਗੀ ਤਾਂ ਕਿ ਰਾਜਾਂ ਨੂੰ ਕੇਂਦਰ ਸਰਕਾਰ ਦੇ ਅੱਗੇ ਹੱਥ ਨਾ ਫੈਲਾਉਣੇ ਪੈਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਟੈਕਸਾਂ ‘ਤੇ ਡਾਕਾ ਮਾਰਦੀ ਹੈ, ਜੇਕਰ ਪੰਜਾਬ ਕੇਂਦਰ ਨੂੰ 100 ਰੁਪਏ ਟੈਕਸ ਦਿੰਦਾ ਹੈ ਤਾਂ ਬਦਲੇ ਵਿਚ ਸਿਰਫ਼ 30 ਰੁਪਏ ਹੀ ਪੰਜਾਬ ਨੂੰ ਵਾਪਸ ਮਿਲਦੇ ਹਨ, ਇਸ ਲਈ ਐਨ.ਡੀ.ਏ ਦੀ ਸਰਕਾਰ ਆਉਣ ‘ਤੇ ਰਾਜਾਂ ਲਈ ਵਿਸ਼ੇਸ਼ ਪਾਲਿਸੀ ਬਣਾਈ ਜਾਵੇਗੀ ਤਾਂ ਕਿ ਕੋਈ ਰਾਜ ਸਰਕਾਰ ਆਪਣੇ ਹੱਕ ਲਈ ਕੇਂਦਰ ਅੱਗੇ ਹੱਥ ਨਾ ਫੈਲਾਏ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਹੀ ਨਵੀਂ ਦਿੱਲੀ ਵਿਖੇ ਕ੍ਰਿਸ਼ੀ ਲੀਡਰਸ਼ਿਪ ਸੰਮੇਲਨ-2013 ਦੌਰਾਨ ਪੰਜਾਬ ਦੇ ਮੁੱਖ-ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਖੇਤੀਬਾੜੀ ਦੇ ਖੇਤਰ ਵਿਚ ਗੌਰਵਸ਼ਾਲੀ ‘ਪਾਲਿਸੀ ਲੀਡਰਸ਼ਿਪ ਐਵਾਰਡ’ ਨਾਲ ਨਿਵਾਜ਼ਿਆ ਗਿਆ ਹੈ।

ਬੀਬੀ ਬਾਦਲ ਨੇ ਅੱਜ ਪਿੰਡ ਬੱਛੋਆਣਾ, ਦੋਦੜਾ, ਭਾਦੜਾ, ਆਲਮਪੁਰ ਬੋਦਲਾ, ਕਣਕਵਾਲ ਚਹਿਲਾਂ, ਹੀਰੋਂ ਖੁਰਦ, ਖੀਵਾ ਮੀਹਾ ਸਿੰਘ ਵਾਲਾ ਅਤੇ ਗੁੜੱਦੀ ਪਿੰਡ ਵਾਸੀਆਂ ਦੀ ਦੁੱਖ-ਤਕਲੀਫਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਹੱਲ ਕੀਤਾ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ ਇਕ ਕਰੋੜ ਰੁਪਏ ਦੀਆਂ ਗ੍ਰਾਂਟਾਂ ਵੀ ਜਾਰੀ ਕੀਤੀਆਂ, ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਖੇਡਾਂ ਵਾਲੇ ਪਾਸੇ ਲਾਉਣ ਲਈ ਉਨ੍ਹਾਂ ਖੇਡ ਕਿੱਟਾਂ ਵੀ ਵੰਡੀਆਂ। ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਸ਼੍ਰੀ ਸਤਿੰਦਰਜੀਤ ਸਿੰਘ ਮੰਟਾ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼੍ਰੀ ਮਲਕੀਤ ਸਿੰਘ ਸਮਾਓ, ਸ਼੍ਰੀ ਬੱਲਮ ਸਿੰਘ ਕਲੀਪੁਰ, ਸ਼੍ਰੀ ਹਰਮੇਲ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਵੀ ਬਿਨ੍ਹਾਂ ਕਿਸੇ ਰੁਕਾਵਟ ਲਾਭਪਾਤਰੀਆਂ ਨੂੰ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜਨਤਾ ਦੀਆਂ ਦੁੱਖ-ਤਕਲੀਫਾਂ ਨੂੰ ਨੇੜਿਓਂ ਮਹਿਸੂਸ ਕਰਨ ਲਈ ਕੀਤੇ ਜਾ ਰਹੇ ਸੰਗਤ ਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ।

Facebook Comment
Project by : XtremeStudioz