Close
Menu

ਪੰਜਾਬ ਸਰਕਾਰ ਨਵਿਆਉਣਯੋਗ ਊਰਜਾ ਰਾਹੀਂ ਪੈਦਾ ਕਰੇਗੀ 1000 ਮੈਗਾਵਾਟ ਬਿਜਲੀ – ਢੀਂਡਸਾ

-- 24 December,2013

2 (5)ਸੰਗਰੂਰ,24 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਪ ਬਿਜਲੀ ਘਰਾਂ ਰਾਹੀਂ ਸੂਬੇ ਦੀ ਬਿਜਲੀ ਉਤਪਾਦਨ ਸਮਰੱਥਾ ਵਧਾਕੇ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਰਾਹੀਂ ਵੀ 1000 ਮੈਗਾਵਾਟ ਬਿਜਲੀ ਪੈਦਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਯਤਨਾ ਤਹਿਤ ਰਾਜ ‘ਚ ਕੁਲ ਬਿਜਲੀ ਖਪਤ ਦੀ 10 ਫੀਸਦੀ ਬਿਜਲੀ ਬਾਇਉਮਾਸ ਪਲਾਂਟਾਂ ਤੇ ਸੂਰਜੀ ਊਰਜਾ ਨਾਲ ਪੈਦਾ ਕੀਤੀ ਜਾਵੇਗੀ।
ਸ. ਢੀਂਡਸਾ ਅੱਜ ਪਿੰਡ ਜਲਾਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐਨ.ਆਰ.ਆਈ. ਸ. ਰਜਿੰਦਰ ਸਿੰਘ ਰਾਣੂ ਵੱਲੋਂ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇੱਕ ਕਿਲੋਵਾਟ ਬਿਜਲੀ ਪੈਦਾ ਕਰਨ ਵਾਲੇ 1.4 ਲੱਖ ਰੁਪਏ ਦੀ ਲਾਗਤ ਨਾਲ ਲਗਵਾਏ ਗਏ ਸੋਲਰ ਸਿਸਟਮ ਨੂੰ ਚਾਲੂ ਕਰਨ ਮੌਕੇ ਇਲਾਕੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨਾਂ ਦੇ ਨਾਲ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਵੀ ਮੌਜੂਦ ਸਨ। ਇਸ ਮੌਕੇ ਸ. ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਸੂਰਜੀ ਊਰਜਾ ਦੀ ਸਦਵਰਤੋਂ ਕਰਨ ਲਈ ਪਹਿਲੇ ਪੜਾਅ ‘ਚ ਸੋਲਰ ਪ੍ਰਣਾਲੀ ਰਾਹੀਂ ਬਿਜਲੀ ਪੈਦਾ ਕਰਨ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਰਕਾਰੀ ਇਮਾਰਤਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਦੀਆਂ ਛੱਤਾਂ ‘ਤੇ 60 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਯੂਨਿਟ ਲਗਾਏ ਜਾਣਗੇ, ਇਸ ਲਈ ਛੇਤੀ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ।
ਸ. ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਰਾਜ ‘ਚ 300 ਮੈਗਾਵਾਟ ਬਿਜਲੀ ਬਾਇਉਮਾਸ ਪਲਾਂਟਾਂ ਅਤੇ 300 ਮੈਗਾਵਾਟ ਬਿਜਲੀ ਸੂਰਜੀ ਊਰਜਾ ਰਾਹੀਂ ਪੈਦਾ ਕੀਤੀ ਜਾਵੇਗੀ, ਇਸ ਲਈ ਪ੍ਰਾਜੈਕਟ ਲਗਾਉਣ ਲਈ ਪ੍ਰਵਾਨਗੀ ਪੱਤਰ ਜਾਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੇ ਰਾਜ ਦੀਆਂ 29 ਥਾਵਾਂ ਦੀ ਸ਼ਨਾਖਤ ਵੀ ਕਰ ਲਈ ਹੈ ਜਿੱਥੇ ਲਗਣ ਵਾਲੇ ਇਨ੍ਹਾਂ ਪਲਾਂਟਾਂ ‘ਚੋਂ ਅਗਲੇ ਤਿੰਨ ਸਾਲਾਂ ਅੰਦਰ ਬਿਜਲੀ ਦੀ ਪੈਦਾਵਾਰ ਸ਼ੁਰੂ ਹੋ ਜਾਵੇਗੀ ਅਤੇ ਇਸ ਨਾਲ ਪੰਜਾਬ ਇਸ ਪੱਖੋਂ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਅਤੇ ਬਿਨ੍ਹਾਂ ਕਿਸੇ ਪ੍ਰਦੂਸਣ ਦੇ ਬਿਜਲੀ ਦੇਣ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਬਾਇਉਮਾਸ ਪਲਾਂਟ ਲੱਗਣ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ ਉੱਥੇ ਹੀ ਪ੍ਰਦੂਸ਼ਣ ਰਹਿਤ ਬਿਜਲੀ ਵੀ ਮਿਲੇਗੀ। ਸ. ਢੀਂਡਸਾ ਨੇ ਦੱਸਿਆ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਾਜ ‘ਚ 3000 ਕਰੋੜ ਰੁਪਏ ਦੀ ਲਾਗਤ ਨਾਲ 250 ਮੈਗਾਵਾਟ ਦੇ ਸੋਲਰ ਪ੍ਰਾਜੈਕਟ ਲਗਾਉਣ ਲਈ ਪ੍ਰਵਾਨਗੀ ਪੱਤਰ ਇਸੇ ਸਾਲ ਜੁਲਾਈ ‘ਚ ਜਾਰੀ ਕੀਤਾ ਹੈ ਜਿਸ ਨਾਲ ਰਾਜ ‘ਚ ਨਿਵੇਸ਼ ਵਧੇਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਗੇ। ਉਨ੍ਹਾਂ ਦਸਿਆ ਕਿ ਸੋਲਰ ਤੇ ਬਾਇਉਮਾਸ ਪਲਾਂਟਾਂ ਰਾਹੀਂ ਊਰਜਾ ਪੈਦਾ ਕਰਨ ‘ਚ ਕਈ ਨਾਮੀ ਤੇ ਵੱਡੀਆਂ ਕੰਪਨੀਆਂ ਨੇ ਆਪਣੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਨੇ ਇਸ ਮੌਕੇ ਪਿੰਡ ਨੂੰ ਜੋੜਦੀ ਸੜਕ 18 ਫੁੱਟ ਚੌੜੀ ਕਰਨ ਅਤੇ ਜਿੰਮ ਦਾ ਸਮਾਨ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਨੇ ਸ. ਰਜਿੰਦਰ ਸਿੰਘ ਰਾਣੂ ਵੱਲੋਂ ਕੀਤੇ ਗਏ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਵੀ ਪ੍ਰਵਾਸੀ ਭਾਰਤੀ ਆਪਣੇ ਪਿੰਡਾਂ ਦੇ ਵਿਕਾਸ ਲਈ ਯੋਗਦਾਨ ਪਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਦੇ ਪਿੰਡਾਂ ਤੇ ਸ਼ਹਿਰਾਂ ‘ਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਜਲਾਣ ਦੀ ਪੰਚਾਇਤ ਵੱਲੋਂ ਸ. ਢੀਂਡਸਾ ਨੇ ਸ. ਰਜਿੰਦਰ ਸਿੰਘ ਰਾਣੂ ਅਤੇ ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਸ. ਤੇਜਿੰਦਰ ਸਿੰਘ ਸੰਗਰੇੜੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਜਿਕਰਯੋਗ ਹੈ ਕਿ ਸ. ਰਾਣੂ ਨੇ ਪਿੰਡ ‘ਚ ਗਲੀਆਂ ‘ਚ ਪਹਿਲਾਂ 18 ਚਾਨਣ ਲਾਇਟਾਂ ਲਗਵਾਈਆਂ, ਸਕੂਲ ‘ਚ 2 ਕਮਰੇ ਤੇ ਵਰਾਂਡਾ ਬਣਵਾਇਆ ਤੇ ਹਰ ਵਰ੍ਹੇ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਸ. ਰਾਣੂ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਵਿਕਾਸ ਲਈ ਭਵਿਖ ‘ਚ ਵੀ ਯਤਨਸ਼ੀਲ ਰਹਿਣਗੇ। ਇਸ ਮੌਕੇ ਸਰਪੰਚ ਸ੍ਰੀਮਤੀ ਵੀਰਪਾਲ ਕੌਰ ਨੇ ਸ. ਢੀਂਡਸਾ ਅਤੇ ਸ. ਰਾਣੂ ਦਾ ਧੰਨਵਾਦ ਕੀਤਾ ਸਾਬਕਾ ਸਰਪੰਚ ਕੇਵਲ ਸਿੰਘ ਜਲਾਣ ਨੇ ਕਿਹਾ ਕਿ ਇੱਕ ਅਜਿਹੀ ਸੰਸਥਾ ਦਾ ਗਠਨ ਕੀਤਾ ਜਾਵੇਗਾ ਜਿਸ ਨਾਲ ਪਿੰਡ ਦਾ ਵਿਕਾਸ ਕਰਵਾਇਆ ਜਾ ਸਕੇ।
ਇਸ ਦੌਰਾਨ ਏ.ਡੀ.ਸੀ. ਜਨਰਲ ਸ. ਪ੍ਰੀਤਮ ਸਿੰਘ ਜੌਹਲ, ਸ੍ਰੀ ਵਿਸ਼ਾਲ ਗਰਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਘਰਾਚੋਂ, ਮਲਕੀਤ ਸਿੰਘ ਚੰਗਾਲ, ਰਵੀਇੰਦਰ ਸਿੰਘ ਕਾਕੜਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ, ਸਰਪੰਚ ਕੇਵਲ ਸਿੰਘ ਜਲਾਣ, ਬਲਵੰਤ ਸਿੰਘ ਸ਼ੇਰਗਿੱਲ, ਸ੍ਰੀਮਤੀ ਪਰਮਜੀਤ ਕੌਰ ਵਿਰਕ, ਹਰਜਿੰਦਰ ਸਿੰਘ, ਕ੍ਰਿਪਾਲ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਜਰਨੈਲ ਸਿੰਘ, ਜੋਰਾ ਸਿੰਘ ਭੰਗੂ, ਕੇਸਰ ਸਿੰਘ, ਜਗਸੀਰ ਸਿੰਘ, ਚਰਨਜੀਤ ਸਿੰਘ ਕਾਕਾ, ਲਖਬੀਰ ਸਿੰਘ ਜਲਾਣ ਆਸਟ੍ਰੇਲੀਆ, ਅਮਰਿੰਦਰ ਸਿੰਘ ਘਾਬਦਾਂ, ਜਸ਼ਨਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਘਾਬਦਾਂ, ਗੁਰਮੀਤ ਸਿੰਘ ਜੌਹਲ, ਸਕੂਲ ਮੁਖੀ ਸ. ਜਸਵਿੰਦਰ ਸਿੰਘ, ਇਲਾਕੇ ਦੇ ਪੰਚ-ਸਰਪੰਚ, ਪਿੰਡ ਦੇ ਵਸਨੀਕ ਤੇ ਵਿਦਿਆਰਥੀ ਵੀ ਵੱਡੀ ਗਿਣਤੀ ‘ਚ ਮੌਜੂਦ ਸਨ।      

Facebook Comment
Project by : XtremeStudioz