Close
Menu

ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ – ਰੱਖੜਾ

-- 07 October,2013

rakhraਪਟਿਆਲਾ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਉਲੰਪਿਕ ਤੇ ਹੋਰ ਕੌਮਾਂਤਰੀ ਖੇਡਾਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਯੋਗ ਬਣਾਉਣ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦੇ ਕੇ ਸੂਬੇ ‘ਚ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈ। ਸ. ਰੱਖੜਾ ਅੱਜ ਨੇੜਲੇ ਪਿੰਡ ਮੱਲ੍ਹਾ ਖੇੜੀ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਤਿੰਨ ਰੋਜ਼ਾ ਸਾਲਾਨਾ ਕਬੱਡੀ ਟੂਰਨਾਮੈਂਟ ਦੌਰਾਨ ਪੁੱਜੇ ਹੋਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੀਆਂ ਮਾਂ-ਖੇਡਾਂ ਕਬੱਡੀ ਤੇ ਹਾਕੀ ਨੂੰ ਮੁੜ ਸਿਖਰਾਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਹਰਮਨ ਪਿਆਰਾ ਬਣਾਉਣ ਲਈ ਸਰਕਾਰ ਨੇ ਠੋਸ ਕੋਸ਼ਿਸ਼ਾਂ ਕਰਦਿਆਂ ਹੁਣ ਤੱਕ ਕਬੱਡੀ ਦੇ ਤਿੰਨ ਵਿਸ਼ਵ ਕੱਪ ਕਰਵਾਏ ਹਨ ਅਤੇ ਚੌਥਾ ਕਬੱਡੀ ਕੱਪ ਇਸੇ ਸਾਲ ਦਸੰਬਰ ਮਹੀਨੇ ਕਰਵਾਇਆ ਜਾ ਰਿਹਾ ਹੈ।
ਸ. ਰੱਖੜਾ ਨੇ ਕਿਹਾ ਕਿ ਪੰਜਾਬ, ਦੇਸ਼ ਵਿੱਚ ਇਕੋ-ਇਕ ਸੂਬਾ ਹੈ ਜਿਸ ਨੇ ਆਪਣੀ ਖੇਡ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਆਪਣੇ ਆਪ ਨੂੰ ਬਿਹਤਰ ਸਾਬਤ ਕਰਨ ਵਾਲੇ ਬਹੁਤ ਸਾਰੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਲਈ 200 ਕਰੋੜ ਰੁਪਏ ਖਰਚੇ ਜਾ ਰਹੇ ਹਨ ਤੇ ਹਾਕੀ ਦੇ 6 ਐਸਟੋਟਰਫ ਸਟੇਡੀਅਮਾਂ ਸਮੇਤ 14 ਅਤਿ ਆਧੁਨਿਕ ਸਟੇਡੀਅਮ ਬਣਾਏ ਗਏ ਹਨ ਜਦਕਿ 10 ਬਹੁਮੰਤਵੀ ਸਟੇਡੀਅਮ ਉਸਾਰੀ ਅਧੀਨ ਹਨ ਜੋ ਸੂਬੇ ਵਿੱਚ ਖੇਡਾਂ ਨੂੰ ਵੱਡਾ ਹੁਲਾਰਾ ਦੇਣਗੇ।
ਸ. ਰੱਖੜਾ ਨੇ ਦੱਸਿਆ ਕਿ ਮੋਹਾਲੀ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਖੇਡ ਸੰਸਥਾ ਦਾ ਨਿਰਮਾਣ ਕੀਤਾ ਜਾਵੇਗਾ ਤੇ ਭਵਿੱਖ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਖ਼ਾਸ-ਖ਼ਾਸ ਖੇਡਾਂ ਵਾਸਤੇ ਸੈਂਟਰ ਆਫ਼ ਐਕਸੇਲੈਂਸ ਉਸਾਰੇ ਜਾਣਗੇ। ਇਸ ਤੋਂ ਇਲਾਵਾ ਘੁੱਦਾ (ਬਠਿੰਡਾ) ਵਿਖੇ ਉਸਾਰੇ ਗਏ ਖੇਡ ਸਕੂਲ ਦੀ ਤਰਜ਼ ‘ਤੇ ਖੇਡ ਵਿਭਾਗ ਵੱਲੋਂ ਹਰ ਜ਼ਿਲ੍ਹੇ ‘ਚ ਇੱਕ ਖੇਡ ਸਕੂਲ ਸਥਾਪਤ ਕਰਨ ਲਈ ਵਿਸਥਾਰਤ ਯੋਜਨਾ ਉਲੀਕੀ ਜਾਵੇਗੀ ਅਤੇ ਹਾਕੀ ਸਣੇ ਹੋਰਨਾਂ ਖੇਡਾਂ ‘ਚ ਉਭਰ ਰਹੇ ਪੰਜਾਬੀ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਪੱਧਰ ਦੇ ਕੋਚਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਸ. ਰੱਖੜਾ ਨੇ ਪਿੰਡ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਯੂਥ ਸਪੋਰਟਸ ਕਲੱਬ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਸਮਾਗਮ ‘ਚ ਪਿੰਡ ਦੇ ਸਰਪੰਚ ਸ. ਹਰਚੇਤ ਸਿੰਘ, ਸ. ਜਗਜੀਤ ਸਿੰਘ ਸੋਨੀ, ਸ. ਜਸਪਾਲ ਸਿੰਘ ਸੈਂਸਰਵਾਲ, ਸ. ਨਰੰਜਨ ਸਿੰਘ, ਸ. ਕਾਕਾ ਗੱਜੂਮਾਜਰਾ, ਸ. ਜਗਰੂਪ ਸਿੰਘ, ਸ. ਗੁਰਵਿੰਦਰ ਸਿੰਘ, ਸ. ਰਜਿੰਦਰ ਸਿੰਘ, ਸ. ਕਿਰਨਜੀਤ ਸਿੰਘ, ਸ. ਕੁਲਵੰਤ ਸਿੰਘ, ਸ. ਪ੍ਰਗਟ ਸਿੰਘ, ਸ. ਗੁਰਦੀਪ ਸਿੰਘ ਅਤੇ ਇਲਾਕੇ ਦੇ ਪੰਚ ਤੇ ਸਰਪੰਚਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ।

Facebook Comment
Project by : XtremeStudioz