Close
Menu

ਪੰਜਾਬ ਸਰਕਾਰ ਨੌਜਵਾਨਾਂ ਲਈ ਇੱਕ ਲੱਖ ਨੌਕਰੀਆਂ ਸਿਰਜਣ ਹਿੱਤ ਵਚਨਬੱਧ: ਸੁਖਬੀਰ

-- 26 September,2015

ਚੰਡੀਗੜ੍ਹ, 26 ਸਤੰਬਰ:   ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਤੇ ਸਰਕਾਰੀ ਦੋਵਾਂ ਖੇਤਰਾਂ ਵਿੱਚ ਇੱਕ ਲੱਖ ਨੌਕਰੀਆਂ ਸਿਰਜਣ ਲਈ ਵਚਨਬੱਧ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲੋੜੀਂਦੇ ਮੌਕੇ ਮਿਲ ਸਕਣ।

ਉਪ ਮੁੱਖ ਮੰਤਰੀ ਨੇ ਇਹ ਵਿਚਾਰ ਅੱਜ ਇੱਥੇ ਉਦਯੋਗ ਭਵਨ ਵਿਖੇ ਪਰਮਬੰਸ ਸਿੰਘ ਰੋਮਾਣਾ ਨੂੰ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਪਿਛੋਂ ਉਤਸ਼ਾਹਿਤ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ।

ਨੌਜਵਾਨਾਂ ਨਾਲ ਗੈਰ ਰਸਮੀ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਨੌਜਵਾਨ, ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਜੋਸ਼ ਤੇ ਸਮਰਪਣ ਸਾਲ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਨਿਰਣਾਇਕ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਲੋਂ ਅਗਲੇ ਡੇਢ ਸਾਲ ਵਿੱਚ  ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ, ”ਸਰਕਾਰੀ ਭਰਤੀ ਤੋਂ ਇਲਾਵਾ ਅਸੀਂ ਨੌਜਵਾਨਾਂ ਲਈ ਨਵੇਂ ਸੇਵਾ ਕੇਂਦਰਾਂ ਵਿੱਚ 12 ਹਜ਼ਾਰ ਨੌਕਰੀਆਂ ਪੈਦਾ ਕਰਾਂਗੇ ਅਤੇ ਇਸ ਤੋਂ ਇਲਾਵਾ ਸੂਬੇ ਵਿੱਚ ਸਥਾਪਿਤ ਹੋਣ ਵਾਲੀਆਂ ਨਿੱਜੀ ਖੇਤਰ ਦੀਆਂ ਆਈ.ਟੀ., ਐਗਰੋ ਪ੍ਰੋਸੈਸਿੰਗ ਅਤੇ ਉਤਪਾਦਨ ਖੇਤਰ ਦੀਆਂ ਇਕਾਈਆਂ ‘ਚ ਵੀ ਰੁਜ਼ਗਾਰ ਦੇ ਮੌਕੇ ਸਿਰਜੇ ਜਾਣਗੇ।”

ਇਸ ਮੌਕੇ ਉਤਸ਼ਾਹੀ ਨੌਜਵਾਨਾਂ ਨੇ ਉਪ ਮੁੱਖ ਮੰਤਰੀ ਨਾਲ ਸੈਲਫੀਆਂ ਵੀ ਖਿੱਚਵਾਈਆਂ ਅਤੇ ਇਸਦੇ ਨਾਲ ਹੀ ਸੂਬੇ ਵਿੱਚ ਸਰਕਾਰ ਵਲੋਂ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣ ਸਬੰਧੀ ਪ੍ਰਗਟਾਈ ਜਾ ਰਹੀ ਸੰਜੀਦਗੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ‘ਤੇ ਵੀ ਖ਼ੁਸ਼ੀ ਜਾਹਰ ਕੀਤੀ ਕਿ ਸਰਕਾਰ ਵਲੋਂ ਪੇਂਡੂ ਖੇਤਰਾਂ ‘ਚ ਕੁੜੀਆਂ ਲਈ ਵਿਸ਼ੇਸ਼ ਕਾਲਜ ਖੋਲ੍ਹੇ ਜਾਣ ਤੋਂ ਇਲਾਵਾ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕਰਕੇ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੇ ਦਿਸਹੱਦੇ ਵੀ ਸਥਾਪਿਤ ਕੀਤੇ ਜਾ ਰਹੇ ਹਨ।

ਸ. ਬਾਦਲ ਨੇ ਇਸ ਮੌਕੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਸੋਈ ਦੀ ਅਗਵਾਈ ਵਾਲੇ ਗਠਬੰਧਨ ਦੀ ਵੱਡੀ ਜਿੱਤ ਪੰਜਾਬ ਵਿੱਚ ਪਾਰਟੀ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਪਰਮਬੰਸ ਰੋਮਾਣਾ ਅਤੇ ਉਨ੍ਹਾਂ ਦੀ ਟੀਮ ਦੀ ਸੋਈ ਵਲੋਂ ਦਰਜ ਹਾਲੀਆ ਜਿੱਤਾਂ ਲਈ ਤਾਰੀਫ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਨੌਜਵਾਨ ਉਮੀਦਵਾਰਾਂ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ।

ਇਸ ਮੌਕੇ ਸ. ਪਰਮਬੰਸ ਰੋਮਾਣਾ ਨੇ ਕਿਹਾ ਕਿ ਉਹ ਸਰਕਾਰ ਅਤੇ ਸੂਬੇ ਦੇ ਨੌਜਵਾਨਾਂ ਦਰਮਿਆਨ ਇੱਕ ਪੁਲ ਦਾ ਕੰਮ ਕਰਨਗੇ ਅਤੇ ਨੌਜਵਾਨ ਵਰਗ ਦੀਆਂ ਖ਼ਾਹਿਸ਼ਾਂ ਤੇ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ। ਉਨ੍ਹਾਂ ਇਸ ਮੌਕੇ 18 ਸਾਲ ਤੋਂ ਉੱਤੇ ਦੇ ਹਰੇਕ ਨੌਜਵਾਨ ਨੂੰ ਬਤੌਰ ਵੋਟਰ ਰਜਿਸਟਰ ਹੋਣ ਲਈ ਕਿਹਾ ਤਾਂ ਜੋ ਸਾਲ 2017 ਵਿੱਚ ਨਵੀਂ ਸਰਕਾਰ ਬਣਨ ‘ਚ ਉਹ ਆਪਣੀ ਬਣਦੀ ਭੂਮਿਕਾ ਨਿਭਾ ਸਕਣ।

ਇਸ ਮੌਕੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਸੋਈ ਦੇ ਮਾਲਵਾ ਜ਼ੋਨ-1 ਦੇ ਪ੍ਰਧਾਨ ਰੌਬਿਨ ਬਰਾੜ, ਸੋਈ ਦੇ ਮਾਲਵਾ ਜ਼ੋਨ-2 ਦੇ ਪ੍ਰਧਾਨ ਮੀਤਪਾਲ ਦੁੱਗਰੀ, ਸੋਈ ਦੇ ਮਾਲਵਾ ਜ਼ੋਨ-3 ਦੇ ਪ੍ਰਧਾਨ ਸਰਬਜੀਤ ਝਿੰਜੜ, ਸੋਈ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਹਰਕੰਵਲ ਵਿਰਕ, ਸੋਈ ਦੇ ਮਾਝਾ ਜ਼ੋਨ ਦੇ ਪ੍ਰਧਾਨ ਗੁਰਸ਼ਰਨ ਛੀਨਾ, ਸੋਈ ਦੇ ਆਬਜ਼ਰਵਰ ਭੀਮ ਵੜੈਚ, ਸੋਈ ਦੇ ਚੰਡੀਗੜ੍ਹ ਪ੍ਰਧਾਨ ਵਿੱਕੀ ਮਿੱਡੂਖੇੜਾ ਅਤੇ ਪੰਜਾਬ ਯੁਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਜਸਮੀਨ ਕੰਗ ਵੀ ਮੌਜੂਦ ਸਨ।

Facebook Comment
Project by : XtremeStudioz