Close
Menu

ਪੰਜਾਬ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਸੈਂਟਰ ਸਥਾਪਤ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣਿਆ

-- 15 April,2015

* ਸੁਖਬੀਰ ਬਾਦਲ ਵਲੋਂ ਨਰੂਆਣਾ ‘ਚ ਬਣਨ ਵਾਲੇ ਦੇਸ਼ ਦੇ ਪਹਿਲੇ ਸੈਂਟਰ ਦਾ ਨੀਂਹ ਪੱਥਰ ਰੱਖਿਆ

* ਕਿਹਾ ਨਵਾਂ ਸਿਸਟਮ ਰਿਸ਼ਵਤਖੋਰੀ ਤੇ ਬੇਲੋੜੀ ਦੇਰੀ ਨੂੰ ਠੱਲੇਗਾ

ਨਰੂਆਣਾ (ਬਠਿੰਡਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚ ਆਪਣੀ ਕਿਸਮ ਦੇ ਬਣਨ ਵਾਲੇ ਪਹਿਲੇ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਹੁਣ ਸੂਬੇ ਅੰਦਰ ਬਾਕਾਇਦਾ ਕੌਮਾਂਤਰੀ ਨਿਯਮਾਂ ਤਹਿਤ ਬਣਾਏ ਜਾਣ ਵਾਲੇ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰਾਂ ਵਿਚ ਟੈਸਟ ਲੈਣ ਪਿੱਛੋਂ ਸਿਰਫ ਅੱਧੇ ਘੰਟੇ ‘ਚ ਡਰਾਇਵਿੰਗ ਲਾਇਸੈਂਸ ਮੁਹੱਈਆ ਕੀਤੇ ਜਾਇਆ ਕਰਨਗੇ।
ਅੱਜ ਇੱਥੇ ਨੀਂਹ ਪੱਥਰ ਰੱਖਣ ਉਪਰੰਤ ਪੰਜਾਬ ਦੇ ਟਰਾਂਸਪਰੋਟ ਮੰਤਰੀ ਸ਼੍ਰੀ ਅਜੀਤ ਸਿੰਘ ਕੋਹਾੜ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਹੀ ਘੱਟ ਸਮੇਂ ਵਿਚ ਮੌਕੇ ‘ਤੇ ਹੀ ਡਰਾਇਵਿੰਗ ਲਾਇਸੈਂਸ ਮਿਲਿਆ ਕਰਨਗੇ, ਜਿਸ ਤਹਿਤ ਰਾਜ ਅੰਦਰ 32 ਅਜਿਹੇ ਕੇਂਦਰਾਂ ਦੀ ਸਥਾਪਤੀ ਕੀਤੀ ਜਾ ਰਹੀ ਹੈ ਜਿੱਥੇ ਆਉਂਦੇ 4 ਮਹੀਨਿਆਂ ‘ਚ ਮੁਕੰਮਲ ਤੌਰ ‘ਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੈਂਟਰ ਲੋਕਾਂ ਦਾ ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ ਨਾਲ ਰਾਬਤਾ ਖਤਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਸਾਨ ਢੰਗ ਨਾਲ ਲੋੜੀਂਦੇ ਲਾਇਸੰਸ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੀ ਸਥਾਪਤੀ ਨਾਲ ਪੰਜਾਬ ਲਈ ਦੇਸ਼ ਅੰਦਰ ਟਰਾਂਸਪੋਰਟ ਸੁਧਾਰਾਂ ‘ਚ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਅਤਿ-ਆਧੁਨਿਕ ਉਪਕਰਨਾ ਨਾਲ ਲੈਸ ਹੋਣਗੇ ਅਤੇ ਨਾਮੀ 4 ਪਹੀਆ ਅਤੇ 2 ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਮਾਰੂਤੀ-ਸੁਜੂਕੀ ਇਨ੍ਹਾਂ ਸੈਂਟਰਾਂ ਵਿਚ ਡਰਾਇਵਿੰਗ ਟ੍ਰੇਨਿੰਗ ਇੰਸਟੀਚਿਊਟ ਵੀ ਚਲਾਵੇਗੀ ਤਾਂ ਜੋ ਨੌਜਵਾਨਾਂ ਨੂੰ ਡਰਾਇਵਿੰਗ ‘ਚ ਪਰਪੱਕ ਕੀਤਾ ਜਾ ਸਕੇ।
ਇੱਕ ਸਵਾਲ ਦੇ ਜਵਾਬ ‘ਚ ਸ਼੍ਰੀ ਬਾਦਲ ਨੇ ਸੂਬੇ ਅੰਦਰ ਆਉਣ ਵਾਲੇ ਸਮੇਂ ‘ਚ ਲਾਗੂ ਕੀਤੇ ਜਾ ਰਹੇ ਪ੍ਰਸ਼ਾਸ਼ਨਿਕ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੇ ਜੁਲਾਈ ਤੱਕ ਸੂਬੇ ਵਿਚ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਸ਼ਹਿਰੀ ਤੇ ਪੇਂਡੂ ਵਸੋਂ 200 ਤੋਂ ਵੱਧ ਨਾਗਰਿਕ ਸੇਵਾਵਾਂ ਲੈ ਸਕੇਗੀ ਅਤੇ ਦਸੰਬਰ ਦੇ ਅੰਤ ਤੱਕ ਸਾਰੇ ਵਿਭਾਗਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਲ ਦੇ ਅੰਤ ਤੱਕ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੀ ਦਫ਼ਤਰਾਂ ‘ਚ ਜਾਣ ਦੀ ਜਰੂਰਤ ਨਹੀਂ ਪਵੇਗੀ ‘ਤੇ ਉਹ ਘਰ ਬੈਠੇ ਹੀ ਕੰਪਿਊਟਰ ਰਾਹੀਂ ਲੋੜੀਂਦੀਆਂ ਸੇਵਾਵਾਂ ਲੈ ਸਕਣਗੇ।
ਧੂਰੀ ਜਿਮਣੀ ਚੋਣ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਲਾਮਿਸਾਲ ਜਿੱਤ ਸਬੰਧੀ ਪੁੱਛੇ ਜਾਣ ‘ਤੇ ਸ਼੍ਰੀ ਬਾਦਲ ਨੇ ਕਿਹਾ ਕਿ ਇਹ ਲੋਕਾਂ ਦੀ ਗੱਠਜੋੜ ਦੀਆਂ ਲੋਕ-ਪੱਖੀ, ਗਰੀਬ-ਪੱਖੀ ਅਤੇ ਰਾਜ-ਪੱਖੀ ਨੀਤੀਆਂ ‘ਤੇ ਮੋਹਰ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅਟੁੱਟ ਹੈ ਅਤੇ ਸੂਬੇ ਦੀ ਖੁਸ਼ਹਾਲੀ ਅਤੇ ਵਿਕਾਸ ਦੇ ਮੱਦੇਨਜ਼ਰ ਇਹ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ 2017 ‘ਚ ਵੀ ਮੁੱਖ ਮੰਤਰੀ ਬਣਨਗੇ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਵਲੋਂ ਬੀਤੇ ਦਿਨ ਕਿਸਾਨਾਂ ਨੂੰ 60 ਸਾਲ ਦੀ ਉਮਰ ਉਪਰੰਤ 5000 ਰੁਪਏ ਮਹੀਨਾ ਪੈਨਸ਼ਨ ਦੇਣ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਅਥਾਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਦੇਸ਼ ਦੀ ਕਿਸਾਨੀ ਲਈ ਇਹ ਇਕ ਦੂਰ ਅੰਦੇਸ਼ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਤੰਗੀਆਂ-ਤੁਰਸ਼ੀਆਂ ‘ਚੋਂ ਗੁਜ਼ਰ ਰਹੀ ਦੇਸ਼ ਦੀ ਕਿਸਾਨੀ ਦੇ ਹੌਂਸਲੇ ਬੁਲੰਦ ਹੋਣਗੇ।
ਰਾਜ ਅੰਦਰ ਕਿਸਾਨ ਖੁਦਕੁਸ਼ੀਆਂ ਬਾਰੇ ਕਿਸੇ ਤਾਜ਼ਾ ਸਰਵੇਖਣ ਸਬੰਧੀ ਫੰਡਾਂ ਦੀ ਸਥਾਪਤੀ ਬਾਰੇ ਪੁੱਛੇ ਜਾਣ ‘ਤੇ ਸ਼੍ਰੀ ਬਾਦਲ ਨੇ ਕਿਹਾ ਕਿ ਕਰਜ਼ਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਇੱਕ ਗੰਭੀਰ ਕੌਮੀ ਮੁੱਦਾ ਹੈ ਅਤੇ ਸਰਵੇਖਣਾਂ ਲਈ ਕੇਂਦਰ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਸਬੰਧੀ ਸਾਰੇ ਫੈਸਲੇ ਕੇਂਦਰ ਵਲੋਂ ਲਏ ਜਾਣ ਕਾਰਣ ਪੰਜਾਬ ਸਰਕਾਰ ਇਸ ਗੰਭੀਰ ਮੁੱਦੇ ਨੂੰ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਸ਼੍ਰ੍ਰੀ ਰਾਜਨਾਥ ਸਿੰਘ ਨਾਲ ਵਿਚਾਰਨਗੇ।
ਰਾਜ ਅੰਦਰ ਸ਼ੁਰੂ ਹੋਈ ਕਣਕ ਦੀ ਖ੍ਰੀਦ ਅਤੇ ਲਿਫਟਿੰਗ ਬਾਰੇ ਪੁੱਛੇ ਜਾਣ ‘ਤੇ ਸ਼੍ਰੀ ਬਾਦਲ ਨੇ ਕਿਹਾ ਕਿ ਸਬੰਧਤ ਏਜੰਸੀਆਂ ਅਤੇ ਅਧਿਕਾਰੀਆਂ ਨੂੰ ਖ਼੍ਰੀਦ ਅਤੇ ਲਿਫਟਿੰਗ ਪ੍ਰਬੰਧਾਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਬਠਿੰਡਾ ਸੀਵਰੇਜ ਪ੍ਰੋਜੈਕਟ ‘ਚ ਹੋ ਰਹੀ ਦੇਰੀ ਬਾਬਤ ਪੁੱਛੇ ਜਾਣ ‘ਤੇ ਸ਼੍ਰੀ ਬਾਦਲ ਨੇ ਕਿਹਾ ਕਿ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੀ ਇੱਕ ਕੰਪਨੀ ਇਸ ਪ੍ਰੋਜੈਕਟ ‘ਤੇ ਜਲਦ ਹੀ ਕੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀ 10 ਸਾਲ ਲਈ ਸੀਵਰੇਜ ਪ੍ਰੋਜੈਕਟ ਦੀ ਸਾਂਭ-ਸੰਭਾਲ ਵੀ ਕਰੇਗੀ।
ਸਮਾਗਮ ਦੌਰਾਨ ਮੌਜੂਦ ਸਖਸੀਅਤਾਂ ਵਿਚ ਟਰਾਂਸਪੋਰਟ ਮੰਤਰੀ ਸ਼੍ਰੀ ਅਜੀਤ ਸਿੰਘ ਕੋਹਾੜ, ਵਿਧਾਇਕ ਬਠਿੰਡਾ ਦਿਹਾਤੀ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੱਧੂ, ਸਕੱਤਰ ਟਰਾਂਸਪੋਰਟ ਸ਼੍ਰੀ ਅਨੁਰਾਗ ਅਗਰਵਾਲ, ਰਾਜ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਅਸ਼ਵਨੀ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Facebook Comment
Project by : XtremeStudioz