Close
Menu

ਪੱਤਰਕਾਰਾਂ ਦੇ ਸਵਾਲਾਂ ਤੋਂ ਹੋੲੇ ਖ਼ਫ਼ਾ ਖੇਤੀਬਾੜੀ ਮੰਤਰੀ

-- 30 September,2015

ਰਈਆ,30 ਸਤੰਬਰ: ਅੱਜ ਇੱਥੇ ਅਨਾਜ ਮੰਡੀ ਵਿੱਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਖੇਤੀਬਾੜੀ ਮੰਤਰੀ ਪੰਜਾਬ ਤੋਤਾ ਸਿੰਘ ਕੀਟਨਾਸ਼ਕ ਦਵਾਈਆਂ ਸਬੰਧੀ ਪੁੱਛੇ ਸਵਾਲ ਤੋਂ ਖ਼ਫ਼ਾ ਹੋ ਗਏ। ਆੜ੍ਹਤੀਆਂ ਨਾਲ ਖ਼ਰੀਦ ਸਬੰਧੀ ਹੋਈ ਮੀਟਿੰਗ ਵੀ ਬੇਸਿੱਟਾ ਹੀ ਰਹੀ।
ਅੱਜ ਬਾਅਦ ਦੁਪਹਿਰ ਖੇਤੀਬਾੜੀ ਮੰਤਰੀ ਪੰਜਾਬ ਤੋਤਾ ਸਿੰਘ ਪਹਿਲੀ ਅਕਤੂਬਰ ਤੋਂ ਝੋਨੇ ਦੀ  ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਸਬੰਧੀ ਸਥਾਨਕ ਅਨਾਜ ਮੰਡੀ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਪਹਿਲਾਂ ਆੜ੍ਹਤੀਆਂ ਵੱਲੋਂ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਵਿਭਾਗ ਨੂੰ ਆਰਓ ਟਾਈਮ ਸਿਰ ਕੱਟਣ ਸਬੰਧੀ ਮੰਗ ਕੀਤੀ ਜਿਸ ਸਬੰਧੀ ਉਨ੍ਹਾਂ ਕੋਈ ਠੋਸ ਹੁੰਗਾਰਾ ਨਾ ਭਰਿਆ। ਇੱਥੇ ਪੁੱਜੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਕੀਟਨਾਸ਼ਕ ਦਵਾਈਆਂ ਵਿੱਚ ਖੇਤੀਬਾੜੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਵੱਲੋਂ ਲਾਏ ਦੋਸ਼ ਸਬੰਧੀ ਪੁੱਛਿਆ ਤਾਂ ਖੇਤੀਬਾੜੀ ਮੰਤਰੀ ਨੇ ਉਸ ਦਾ ਜਵਾਬ ਦੇਣ ਦੀ ਬਜਾਏ ਕਿਹਾ ਕਿ ਮੰਗਲ ਸਿੰਘ ਸੰਧੂ ਨੂੰ ਹਾਈ ਕੋਰਟ ਨੇ ਬਹਾਲ ਕਰ ਦਿੱਤਾ ਹੈ। ਉਨ੍ਹਾਂ ਦਾ ਧਿਆਨ ਜਦੋਂ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਵੱਲ ਦਿਵਾਇਆ ਤਾਂ ਉਹ ਜਵਾਬ ਦੇਣ ਦੀ ਬਜਾਏ ਬਾਹਰ ਨੂੰ ਨਿਕਲ ਗਏ ਅਤੇ ਕਿਹਾ ਕਿ ਇਸ ਦੀ ਪੜਤਾਲ ਚੱਲ ਰਹੀ ਹੈ। ਪੱਤਰਕਾਰਾਂ ਵੱਲੋਂ 1509 ਦੀ ਤਰ੍ਹਾਂ ਬਾਸਮਤੀ ਦੀ 1121 ਫ਼ਸਲ ਦਾ ਕੋਈ ਸਰਕਾਰੀ ਮੁੱਲ ਤੈਅ ਕਰਨ ਸਬੰਧੀ ਉਨ੍ਹਾਂ ਕਿਹਾ ਕਿ 1800-1900 ਨੂੰ ਵਿਕ ਜਾਵੇਗੀ। ਪਿਛਲੀ ਬਾਸਮਤੀ ਦੀ ਅਦਾਇਗੀ ਪ੍ਰਾਈਵੇਟ ਵਪਾਰੀਆਂ ਵੱਲੋਂ ਅਜੇ ਤੱਕ ਨਾ ਕੀਤੇ ਜਾਣ ਸਬੰਧੀ ਉਨ੍ਹਾਂ ਜਵਾਬ ਦਿੱਤਾ ਉਸ ਦੀ ਸਰਕਾਰ ਨੇ ਕੋਈ ਫ਼ੀਸ ਨਹੀਂ ਵਸੂਲੀ ਜਿਸ ਕਰ ਕੇ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਕਾਰਨ ਖੇਤੀਬਾੜੀ ਮੰਤਰੀ ਮੰਡੀ ਵਿੱਚ ਖਰੀਦ ਪ੍ਰਬੰਧਾਂ ਜਾਇਜ਼ਾ ਲਏ ਬਗੈਰ ਹੀ ਵਾਪਸ ਚਲੇ ਗਏ।

Facebook Comment
Project by : XtremeStudioz