Close
Menu

ਫਰਾਂਸ ਮਸੂਦ ਅਜ਼ਹਰ ’ਤੇ ਪਾਬੰਦੀ ਲਈ ਯੂਐਨ ’ਚ ਤਜਵੀਜ਼ ਲਿਆਏਗਾ

-- 01 March,2019

ਸੰਯੁਕਤ ਰਾਸ਼ਟਰ- ਫਰਾਂਸ, ਸੰਯੁਕਤ ਰਾਸ਼ਟਰ (ਯੂਐਨ) ਵੱਲੋਂ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਸਬੰਧੀ ਤਜਵੀਜ਼ ’ਤੇ ਕੰਮ ਕਰ ਰਿਹਾ ਹੈ। ਫਰਾਂਸ ਅਗਲੇ ਮਹੀਨੇ ਮਾਰਚ ਵਿੱਚ ਯੂਐਨ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਮਿਲਣ ਮਗਰੋਂ ਇਸ ਤਜਵੀਜ਼ ਨੂੰ ਸੈਂਕਸ਼ਨ (ਪਾਬੰਦੀ) ਕਮੇਟੀ ਦੇ ਅੱਗੇ ਰੱਖ ਸਕਦਾ ਹੈ। ਪੰਦਰਾਂ ਮੁਲਕਾਂ ਵਾਲੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਹਰ ਮਹੀਨੇ ਇਕ ਮੁਲਕ ਤੋਂ ਦੂਜੇ ਮੁਲਕ ਦੇ ਹੱਥ ਜਾਂਦੀ ਹੈ। ਪਹਿਲੀ ਮਾਰਚ ਤੋਂ ਇਸ ਦੀ ਅਗਵਾਈ ਇਕੁਆਟੋਰੀਅਲ ਗੀਨੀਆ ਤੋਂ ਫਰਾਂਸ ਕੋਲ ਆ ਜਾਏਗੀ।
ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਵੀਟੋ ਤਾਕਤਾਂ ਨਾਲ ਲੈਸ ਕੌਂਸਲ ਦਾ ਸਥਾਈ ਮੈਂਬਰ ਫਰਾਂਸ ਇਸ ਤਜਵੀਜ਼ (ਅਜ਼ਹਰ ’ਤੇ ਪਾਬੰਦੀ ਬਾਰੇ) ਉੱਤੇ ਕੰਮ ਕਰ ਰਿਹਾ ਹੈ ਤੇ ਇਸ ਨੂੰ ਛੇਤੀ ਹੀ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਰਾਂਸ ਦੀ ਅਗਵਾਈ ਵਿੱਚ ਜੈਸ਼ ਮੁਖੀ ਖ਼ਿਲਾਫ਼ ਤਿਆਰ ਕੀਤੀ ਜਾ ਰਹੀ ਇਸ ਤਜਵੀਜ਼ ਨੂੰ ਸੰਭਾਵੀ ਤੌਰ ’ਤੇ ਸੈਂਕਸ਼ਨ ਕਮੇਟੀ ਦੇ ਅੱਗੇ ਰੱਖਿਆ ਜਾਵੇਗਾ। ਸੂਤਰਾਂ ਨੇ ਕਿਹਾ, ‘ਫਰਾਂਸ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ’ਤੇ ਪਾਬੰਦੀ ਆਇਦ ਕੀਤੇ ਜਾਣ ਦੀਆਂ ਅਪੀਲਾਂ ਨੂੰ ਛੇਤੀ ਤੋਂ ਛੇਤੀ 1267 ਸੈਂਕਸ਼ਨ ਕਮੇਟੀ ਅੱਗੇ ਰੱਖਣ ਵਾਲ ਧਿਆਨ ਕੇਂਦਰਤ ਕਰ ਰਿਹਾ ਹੈ।’ ਇਹ ਤਜਵੀਜ਼ ਰੱਖੇ ਜਾਣ ਮਗਰੋਂ ਯੂਐਨ ਵਿੱਚ ਇਹ ਪਿਛਲੇ ਦਸ ਸਾਲਾਂ ਵਿੱਚ ਇਹ ਚੌਥੀ ਵਾਰ ਹੋਵੇਗਾ, ਜਦੋਂ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦੀ ਮੰਗ ਕੀਤੀ ਜਾਵੇਗੀ। ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਨੇ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ ਹੱਥ ਹੋਣ ਦੀ ਗੱਲ ਕਬੂਲੀ ਸੀ।

Facebook Comment
Project by : XtremeStudioz