Close
Menu

ਫਲੈਚਰ ਨੂੰ ਖੁੱਡੇ ਲਗਾਉਣ ਦੀਆਂ ਰਿਪੋਰਟਾਂ ਦਾ ਖੰਡਨ

-- 19 February,2015

ਮੈਲਬਰਨ, ਭਾਰਤੀ ਕ੍ਰਿਕਟ ਟੀਮ ਦੇ ਕੋਚ ਦੀ ਟੀਮ ਸਟਾਫ ਦੀਆਂ ਬੈਠਕਾਂ ’ਚ ਅਣਦੇਖੀ ਕਰਨ ਅਤੇ ਟੀਮ ਦੀ ਰਣਨੀਤੀ ਬਾਰੇ ਜਾਣੂ ਨਾ ਕਰਾਉਣ ਸਬੰਧੀ ਮੀਡੀਆ ਰਿਪੋਰਟਾਂ ਦਾ ਅੱਜ ਭਾਰਤੀ ਟੀਮ ਪ੍ਰਬੰਧਕਾਂ ਨੇ ਖੰਡਨ ਕੀਤਾ ਹੈ। ਭਾਰਤੀ ਟੀਮ ਨੇ ਜਦੋਂ ਇਕ ਦਿਨ ਦੀ ਬ੍ਰੇਕ ਲਈ ਸੀ ਅਤੇ ਖਿਡਾਰੀ ਆਰਾਮ ਕਰ ਰਹੇ ਸਨ, ਉਦੋਂ ਟੀਮ ਨਿਰਦੇਸ਼ਕ ਰਵੀ ਸ਼ਾਸਤਰੀ ਦੀ ਅਗਵਾਈ ਵਿੱਚ ਸਹਿਯੋਗੀ ਸਟਾਫ ਦੀ ਅਹਿਮ ਬੈਠਕ ਹੋਣ ਦੀ ਖ਼ਬਰ ਸੀ, ਜਿਸ ਦੀ ਸੂਚਨਾ ਫਲੈਚਰ ਨੂੰ ਨਹੀਂ ਦਿੱਤੀ ਗਈ ਸੀ।
ਟੀਮ ਦੇ ਮੀਡੀਆ ਮੈਨੇਜਰ ਡਾ. ਆਰ ਐਨ ਬਾਵਾ ਨੇ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਅਜਿਹੀ ਕੋਈ ਬੈਠਕ ਨਹੀਂ ਹੋਈ। ਇਨ੍ਹਾਂ ਖ਼ਬਰਾਂ ’ਚ ਕੋਈ ਸਚਾਈ ਨਹੀਂ ਹੈ ਕਿ ਫਲੈਚਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਹ ਸਭ ਅਫ਼ਵਾਹਾਂ ਹਨ।’’ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਸਤਰੀ ਦੀ ਨਿਯੁਕਤੀ ਬੀਸੀਸੀਆਈ ਨੇ ਫਲੈਚਰ ਦੇ ਪਰ ਕਤਰਨ ਲਈ ਕੀਤੀ ਸੀ। ਸੂਤਰਾਂ ਮੁਤਾਬਕ ਗੇਂਦਬਾਜ਼ੀ ਕੋਚ ਭਰਤ ਅਰੁਣ ਅਤੇ ਫੀਲਡਿੰਗ ਕੋਚ ਆਰ ਸ੍ਰੀਧਰ ਸ਼ਾਮ ਨੂੰ ਜਦੋਂ ਆਪਣੇ ਦੋਸਤਾਂ ਨੂੰ ਮਿਲਣ ਗਏ ਸਨ, ਉਦੋਂ ਸਹਿਯੋਗੀ ਸਟਾਫ ਦੀ ਮੀਟਿੰਗ ਬੁਲਾਈ ਗਈ ਸੀ।ਇਸ ਬਾਰੇ ਸੰਪਰਕ ਕਰਨ ’ਤੇ ਬੀਸੀਸੀਆਈ ਦੇ ਇਕ ਆਲਾ ਅਧਿਕਾਰੀ ਨੇ ਕਿਹਾ, ‘‘ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਬਚਕਾਨਾ ਹਰਕਤ ਕਰਕੇ ਫਲੈਚਰ ਨੂੰ ਦਰਕਿਨਾਰ ਕਰਨ ਦੀ ਲੋੜ ਹੈ। ਉਸ ਦਾ ਕਰਾਰ ਵਿਸ਼ਵ ਕੱਪ ਤਕ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਕਰਾਰ ਨੂੰ ਵਧਾਉਣਾ ਚਾਹੁਣਗੇ। ਫਲੈਚਰ  ਵਿਸ਼ਵ ਕੱਪ ਬਾਅਦ ਖੁਦ ਹੀ ਜਾਣਾ ਚਾਹੁੰਦਾ ਹੈ। ਇਸ ਲਈ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ।’’

Facebook Comment
Project by : XtremeStudioz