Close
Menu

ਫਸਲੀ ਨੁਕਸਾਨ ਬਾਰੇ ਚੁੱਪ ਵੱਟ ਕੇ ਸਰਕਾਰ ਨੇ ਕਿਸਾਨਾਂ ਨੂੰ ਕਿਸਮਤ ਆਸਰੇ ਛੱਡਿਆ: ਸਰਦਾਰ ਪਰਕਾਸ਼ ਸਿੰਘ ਬਾਦਲ

-- 17 April,2019

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਗਿਰਦਾਵਰੀ ਦਾ ਹੁਕਮ ਦੇਣ ਅਤੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਕਿਹਾ

ਚੰਡੀਗੜ੍ਹ/17 ਅਪ੍ਰੈਲ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬੇਮੌਸਮੀ ਬਰਸਾਤ ਅਤੇ ਝੱਖੜ ਨਾਲ ਹੋਏ ਕਿਸਾਨਾਂ ਦੇ ਫਸਲੀ  ਨੁਕਸਾਨ ਦਾ ਜਾਇਜ਼ਾ ਲੈਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੰਮਲ ਕਰਜ਼ਾ ਮੁਆਫੀ ਉਤੇ ਕੀਤੇ ਵਿਸ਼ਵਾਸ਼ਘਾਤ ਮਗਰੋਂ ਸੂਬੇ ਦੇ ਕਿਸਾਨ ਪਹਿਲਾਂ ਹੀ  ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ  ਕਿਹਾ ਕਿ ਕਿਸਾਨਾਂ ਨੇ ਕੈਪਟਨ ਦਾ ਇਸ ਲਈ ਭਰੋਸਾ ਕਰ ਲਿਆ ਸੀ, ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾਧੀ ਸੀ।  ਉਹਨਾਂ ਦਾ ਭਰੋਸਾ ਪੂਰੀ ਤਰ੍ਹਾਂ ਤੋੜਿਆ ਜਾ ਚੁੱਕਿਆ ਹੈ।ਪੰਜਾਬ ਦੇ ਕਿਸਾਨ ਨਾ ਸਿਰਫ ਨਿਰਾਸ਼ ਹੋ ਚੁੱਕੇ ਸਨ, ਸਗੋਂ ਇੱਕ ਗੰਭੀਰ ਆਰਥਿਕ ਸੰਕਟ ਦਾ ਵੀ ਸਾਹਮਣਾ ਕਰ ਰਹੇ ਹਨ।

ਸੰਕਟ ਮਾਰੇ ਕਿਸਾਨਾਂ ਲਈ ਤੁਰੰਤ ਅੰਤਰਿਮ ਰਾਹਤ ਅਤੇ ਢੁੱਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤਾਜ਼ਾ ਹਾਲਾਤਾਂ ਨੂੰ ਵੇਖਦੇ ਹੋਏ ਹਰ ਕਿਸਾਨ ਨੂੰ ਘੱਟੋ ਘੱਟ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਨਾ ਸਿਰਫ ਕਿਸਾਨਾਂ ਕੋਲ ਫਸਲੀ ਕਰਜ਼ਾ ਉਤਾਰਨ ਅਤੇ ਅਗਲੀ ਫਸਲ ਬੀਜਣ ਲਈ ਕੋਈ ਪੈਸਾ ਹੋਵੇਗਾ, ਸਗੋਂ ਉਹਨਾਂ ਲਈ ਆਪਣੇ ਰੋਜ਼ਮੱਰਾ ਦੇ ਖਰਚੇ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ।  ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਅੰਦਰ ਨਿਰਾਸ਼ਤਾ ਹੋਰ ਵਧੇਗੀ।  ਇਸ ਲਈ ਕਿਸਾਨਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਕੋਈ ਆਤਮਘਾਤੀ ਕਦਮ ਚੁੱਕਣ ਤੋਂ ਬਚਾਉਣ ਲਈ ਸਰਕਾਰ ਨੂੰ ਤੁਰੰਤ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਤੁਰੰਤ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣਾ ਚਾਹੀਦਾ ਹੈ, ਕਿਉਂਕਿ ਜਲਦੀ ਹੀ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਚੋਣਾਂ ‘ਚ ਡਿਊਟੀ ਲੱਗ ਸਕਦੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਰਾਹਤ ਅਤੇ ਮੁਆਵਜ਼ਾ ਦੇਣ ਵਿਚ ਬਹੁਤ ਜ਼ਿਆਦਾ ਦੇਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਮੁਆਵਜ਼ਾ ਦੇਣ ਵਿਚ ਸਰਕਾਰ ਵੱਲੋਂ ਕੀਤੀ ਗਈ ਦੇਰੀ ਕਿਸਾਨਾਂ ਨੂੰ  ਆੜ੍ਹਤੀਆਂ ਕੋਲੋਂ ਕਰਜ਼ੇ ਲੈਣ ਵਰਗੇ ਤਬਾਹਕੁਨ ਰਸਤਿਆਂ ਵੱਲ ਤੋਰ ਸਕਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇਸ ਸੰਕਟ  ਦੇ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਸਿੱਟੇ ਹੋਰ ਵੀ ਭਿਆਨਕ ਹੋ ਸਕਦੇ ਹਨ। ਇਸ ਦੁਖਾਂਤ ਨੂੰ ਵਾਪਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। 

Facebook Comment
Project by : XtremeStudioz