Close
Menu

‘ਫ਼ਰਜ਼ੀ ਚੌਕੀਦਾਰ’ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਿਹੈ: ਮਮਤਾ

-- 08 April,2019

ਜਲਪਾਈਗੁੜੀ, 8 ਅਪਰੈਲ
ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਰਕਾਰੀ ਮਸ਼ੀਨਰੀ ਤੇ ਸੰਸਥਾਵਾਂ ਦੀ ਵਰਤੋਂ ਕਰ ਕੇ ਵਿਰੋਧੀ ਧਿਰਾਂ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਾਇਆ ਹੈ। ਨਰਿੰਦਰ ਮੋਦੀ ਨੂੰ ‘ਫ਼ਰਜ਼ੀ ਚੌਕੀਦਾਰ’ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਨਹੀਂ ਬਲਕਿ ਮੋਦੀ ਉਨ੍ਹਾਂ ਤੋਂ ਖੌਫ਼ ਖਾ ਰਹੇ ਹਨ। ਮਮਤਾ ਨੇ ਕੇਂਦਰ ਸਰਕਾਰ ’ਤੇ ਸੂਬਾਈ ਮਾਮਲਿਆਂ ਵਿਚ ਦਖ਼ਲ ਦੇਣ ਦਾ ਦੋਸ਼ ਲਾਉਂਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਅਨਿਲ ਚੰਦਰ ਪੁਨੇਥਾ ਨੂੰ ਹਟਾਉਣ ’ਤੇ ਸਵਾਲ ਉਠਾਇਆ ਹੈ। ਮੁੱਖ ਸਕੱਤਰ ਨੂੰ ਚੋਣ ਕਮਿਸ਼ਨ ਨੇ ਹਟਾਇਆ ਹੈ। ਮਮਤਾ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੂੰ ‘ਆਖ਼ਰੀ ਪਲਾਂ ’ਚ ਤਬਦੀਲੀ ਦਾ ਐਨਾ ਹੀ ਸ਼ੌਕ ਹੈ’ ਤਾਂ ਉਹ ਆਪਣੇ ਕੈਬਨਿਟ ਸਕੱਤਰ ਜਾਂ ਕੇਂਦਰੀ ਗ੍ਰਹਿ ਸਕੱਤਰ ਨੂੰ ਕਿਉਂ ਨਹੀਂ ਹਟਾਉਂਦੇ। ਮਮਤਾ ਨੇ ਪੱਛਮੀ ਬੰਗਾਲ ਵਿਚ ਚਾਰ ਆਈਪੀਐੱਸ ਅਧਿਕਾਰੀਆਂ ਨੂੰ ਹਟਾਉਣ ਦੇ ਮਾਮਲੇ ’ਤੇ ਵੀ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਸ਼ਹਿ ’ਤੇ ਕੀਤੀ ‘ਪੱਖਪਾਤੀ’ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਆਪਣੇ ਫ਼ੈਸਲਿਆਂ ’ਤੇ ਮੁੜ ਗੌਰ ਕਰੇ। ਮਮਤਾ ਨੇ ਮੁਕੁਲ ਰੌਏ ਦਾ ਨਾਂ ਲਏ ਬਿਨਾਂ ਕਿਹਾ ਕਿ ਮੋਦੀ ਸ਼ਰਧਾ ਘੁਟਾਲੇ ਦੇ ਮੁਲਜ਼ਮਾਂ ਨਾਲ ਮੰਚ ਸਾਂਝਾ ਕਰ ਰਹੇ ਹਨ। 

Facebook Comment
Project by : XtremeStudioz