Close
Menu

ਫ਼ਿਲਮ ‘ਇੰਦੂ ਸਰਕਾਰ’ ਉੱਤੇ ਰੋਕ ਲਾਉਣ ਲਈ ਪਟੀਸ਼ਨ

-- 28 July,2017

ਮੁੰਬਈ, ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੈ ਗਾਂਧੀ ਦੀ ਧੀ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਔਰਤ ਨੇ ਬਾਂਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਮਧੁਰ ਭੰਡਾਰਕਰ ਦੀ ਫ਼ਿਲਮ ‘ਇੰਦੂ ਸਰਕਾਰ’ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪ੍ਰਿਯਾ ਪੌਲ ਨੇ ਕੱਲ੍ਹ ਅਦਾਲਤ ਵਿੱਚ ਪਟੀਸ਼ਨ ਪਾ ਕੇ ਭੰਡਾਰਕਰ ਨੂੰ ਇਹ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ ਕਿ ਉਹ ਇਹ ਦੱਸਣ ਕਿ ਫ਼ਿਲਮ ’ਚ ਕੀ ਕਾਲਪਨਿਕ ਅਤੇ ਕੀ ਤੱਥਾਂ ’ਤੇ ਆਧਾਰਿਤ ਹੈ? ਜ਼ਿਕਰਯੋਗ ਹੈ ਕਿ ਫ਼ਿਲਮ ਨਿਰਮਾਤਾ ਮਧੁਰ ਭੰਡਾਰਕਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਫ਼ਿਲਮ ‘ਇੰਦੂ ਸਰਕਾਰ’ ਦਾ ਸਿਰਫ਼ 30 ਫ਼ੀਸਦੀ ਹਿੱਸਾ ਜੋ ਕਿ ਐਮਰਜੈਂਸੀ ਦੇ ਮਾੜੇ ਪ੍ਰਭਾਵਾਂ ਸਬੰਧੀ ਹੈ, ਹੀ ਸੱਚ ’ਤੇ ਆਧਾਰਿਤ ਹੈ ਜਦਕਿ ਬਾਕੀ ਫ਼ਿਲਮ ਕਲਪਨਾ ’ਤੇ ਆਧਾਰਿਤ ਹੈ। ਇਹ ਫ਼ਿਲਮ 28 ਜੁਲਾਈ ਨੂੰ ਰਿਲੀਜ਼ ਹੋਣੀ ਹੈ।
ਪੌਲ ਨੇ ਪਟੀਸ਼ਨ ਰਾਹੀਂ ਉਸ ਸਮੇਂ ਤਕ ਫ਼ਿਲਮ ਦੇ ਰਿਲੀਜ਼ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ, ਜਦੋਂ ਤਕ ਭੰਡਾਰਕਰ ਇਸ ਫ਼ਿਲਮ ਦਾ ਤੱਥਾਂ ’ਤੇ ਆਧਾਰਿਤ ਹਿੱਸਾ ਹਟਾ ਨਹੀਂ ਦਿੰਦੇ।  ਇਸ ਪਟੀਸ਼ਨ ਰਾਹੀਂ ਅਦਾਲਤ ਤੋਂ ‘ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਵੱਲੋਂ ਫ਼ਿਲਮ ਨੂੰ ਜਾਰੀ ਕੀਤਾ ਗਿਆ ਸਰਟੀਫਿਕੇਟ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਨੇ 12 ਕੱਟ ਲਾਉਣ ਤੋਂ ਬਾਅਦ ਫ਼ਿਲਮ ਨੂੰ ਯੂ/ਏ ਸਰਟੀਫਿਕੇਟ ਜਾਰੀ ਕੀਤਾ ਹੈ। ਪੌਲ ਵੱਲੋਂ ਇਹ ਪਟੀਸ਼ਨ ਜਸਟਿਸ ਅਨੂਪ ਮੋਹਤਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਅੱਗੇ ਲਗਾਈ ਗਈ ਸੀ, ਜਿਸਨੇ ਇਸ ’ਤੇ 24 ਜੁਲਾਈ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਭੰਡਾਰਕਰ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਫ਼ਿਲਮ ‘ਇੰਦੂ ਸਰਕਾਰ’ ਵਿੱਚ ਇੱਕ ਬੇਦਾਅਵਾ ਪਾਉਣਗੇ ਜੋ ਦੱਸੇਗਾ ਕਿ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਕਲਪਨਾ ’ਤੇ ਆਧਾਰਿਤ ਹੈ। 

Facebook Comment
Project by : XtremeStudioz