Close
Menu

ਫਿਰਕਾਪ੍ਰਸਤ ਅਨਸਰਾਂ ’ਤੇ ਹੋਵੇ ਸਖ਼ਤੀ

-- 24 September,2013

23ttnw14

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇਤਰਾਜ਼ਯੋਗ ਸਮੱਗਰੀ ਪ੍ਰਸਾਰਤ ਕਰਨ ਅਤੇ ਵੱਖ-ਵੱਖ ਫਿਰਕਿਆਂ ਦਰਮਿਆਨ ਵੈਰ-ਭਾਵ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਹੋ ਰਹੀ ਕੁਵਰਤੋਂ ਦੀ ਅੱਜ ਇੱਥੇ ਕਾਫੀ ਨੁਕਤਾਚੀਨੀ ਹੋਈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਈ ਮੁੱਖ ਮੰਤਰੀਆਂ ਨੇ ਇਸ ਦੀ ਨਿਰੰਕੁਸ਼ ਵਰਤੋਂ ਦੀ ਰੋਕਥਾਮ ਦਾ ਕੋਈ ਪ੍ਰਬੰਧ ਕਰਨ ਦੀ ਮੰਗ ਕੀਤੀ। ਮੁਜ਼ੱਫਰਨਗਰ ਵਿੱਚ ਹੋਏ ਫਿਰਕੂ ਦੰਗਿਆਂ ਦੇ ਪ੍ਰਸੰਗ ’ਚ ਹੋਈ ਕੌਮੀ ਏਕਤਾ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਵਿੱਚ ਫਿਰਕੂ ਹਿੰਸਾ ਨੂੰ ਫੈਲਣ ਤੋਂ ਰੋਕਣ ਲਈ ਸੋਸ਼ਲ ਮੀਡੀਆ (ਫੇਸਬੁੱਕ, ਟਵਿੱਟਰ ਜਿਹੀਆਂ ਨੈੱਟਵਰਕਿੰਗ ਸਾਈਟਾਂ) ਨੂੰ ਕੰਟਰੋਲ ਕਰਨ ਦੀ ਨਿਗਰਾਨ ਵਿਵਸਥਾ ਕਾਇਮ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਫਿਰਕੂ ਹਿੰਸਾ ਦੀਆਂ ਵਾਰਦਾਤਾਂ ਵਧਣ ’ਤੇ ਚਿੰਤਾ ਜ਼ਾਹਰ ਕਰਦਿਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਲਾਹੇ ਲਈ ਇਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ। ਫਿਰਕੂ ਹਿੰਸਾ ਦੀਆਂ ਕਈ ਹਾਲੀਆ ਵਾਰਦਾਤਾਂ ਵਿੱਚ ਕਿਸੇ ਭਾਈਚਾਰੇ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਮੰਤਵ ਨਾਲ ਜਾਅਲੀ ਵੀਡੀਓ ਜਾਂ ਹੋਰ ਇਤਰਾਜ਼ਯੋਗ ਸਮੱਗਰੀ ਪ੍ਰਸਾਰਤ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ ਹੈ। ਪਿਛਲੇ ਸਾਲ ਉੱਤਰ ਪੂਰਬ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਿਆ ਸੀ ਜਿਸ ਕਾਰਨ ਵੱਡੇ ਪੱਧਰ ’ਤੇ ਲੋਕਾਂ ਦਾ ਉਜਾੜਾ ਹੋਇਆ ਸੀ। ਉਨ੍ਹਾਂ ਵੱਖ-ਵੱਖ ਰਾਜਾਂ ਨੂੰ ਫਿਰਕੂ ਹਿੰਸਾ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ‘‘ਸੋਸ਼ਲ ਮੀਡੀਆ ਨੌਜਵਾਨਾਂ ਨੂੰ ਨਵੀਂ ਜਾਣਕਾਰੀ ਅਤੇ ਨਵੇਂ ਵਿਚਾਰ ਹਾਸਲ ਕਰਨ ’ਚ ਮਦਦਗਾਰ ਸਾਬਤ ਹੁੰਦਾ ਹੈ। ਇਸ ਦੀ ਵਰਤੋਂ ਆਪਸੀ ਭਾਈਚਾਰਾ ਅਤੇ ਇਕਸੁਰਤਾ ਵਧਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਰਾਏ ਦੇਣ ਅਤੇ ਵਿਚਾਰ ਪ੍ਰਗਟ ਕਰਨ ’ਚ ਆਜ਼ਾਦੀ ਬਰਕਰਾਰ ਰੱਖਣੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਅਸੀਂ ਸ਼ਰਾਰਤੀਆਂ ਅਤੇ ਗੜਬੜ ਫੈਲਾਉਣ ਵਾਲਿਆਂ ਨੂੰ ਸੋਸ਼ਲ ਮੀਡੀਆ ਦੀ ਕੁਵਰਤੋਂ ਨਾ ਕਰਨ ਦੇਈਏ।’’ 148 ਮੈਂਬਰੀ ਸੰਸਥਾ ਦੀ ਇਸ ਮੀਟਿੰਗ ਵਿੱਚ ਕਈ ਕੇਂਦਰੀ ਮੰਤਰੀ, ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ, ਕਈ ਰਾਜਾਂ ਦੇ ਮੁੱਖ ਮੰਤਰੀ, ਕੌਮੀ ਅਤੇ ਖੇਤਰੀ ਪਾਰਟੀਆਂ ਦੇ ਆਗੂ, ਮੀਡੀਆ, ਕਾਰੋਬਾਰ ਅਤੇ ਜਨਤਕ ਜੀਵਨ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਾਜਪਾ ਦੇ ਸ਼ਾਸਨ ਵਾਲੇ ਤਿੰਨ ਰਾਜਾਂ ਗੁਜਰਾਤ, ਮੱਧ ਪ੍ਰਦੇਸ਼ ਅਤੇ ਗੋਆ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਦਾ ਨਾਂ ਲਏ ਬਗੈਰ ਆਖਿਆ ਕਿ ਕੁਝ ਸਿਆਸੀ ਪਾਰਟੀਆਂ ਨੇ ਮੁਜ਼ੱਫਰਨਗਰ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਸੰਚਾਰ ਤਕਨਾਲੋਜੀ ਕੰਪਨੀਆਂ ਨੂੰ ਇਤਰਾਜ਼ਯੋਗ ਸਮੱਗਰੀ ਦੇ ਮੂਲ ਦਾ ਪਤਾ ਲਾਉਣ ਦੀ ਤਕਨੀਕ ਵਿਕਸਤ ਕਰਨੀ ਚਾਹੀਦੀ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਜਿਹੇ ਨਾਪਾਕ ਅਨਸਰਾਂ ਨੂੰ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ ਤਾਂ ਕਿ ਲੋਕ ਉਨ੍ਹਾਂ ਦੇ ਨਫ਼ਰਤੀ ਪ੍ਰਾਪੇਗੰਡਾ ਦਾ ਸ਼ਿਕਾਰ ਨਾ ਬਣਨ। ਸੋਸ਼ਲ ਨੈੱਟਵਰਕਿੰਗ ਸਾਈਟਾਂ ਨੂੰ ਵਧੇਰੇ ਸਵੈ-ਨਿਯੰਤਰਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ।  ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਤਬਕਿਆਂ ਖ਼ਿਲਾਫ਼ ਹੁੰਦੀਆਂ ਜ਼ਿਆਦਤੀਆਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਰੁਝਾਨ ਸਾਡੇ ਸੱਭਿਅਕ ਸਮਾਜ ਦੇ ਮੱਥੇ ’ਤੇ ਕਲੰਕ ਸਾਬਤ ਹੋ ਰਹੇ ਹਨ।

Facebook Comment
Project by : XtremeStudioz